ਲੋਕਾਂ ਨੇ ਜ਼ਿੰਦਗੀ ਦੀ ਜਮਾਂ ਪੂੰਜੀ ਲਗਾ ਕੇ ਘਰ ਖ਼ਰੀਦੇ, ਬਦਲੇ ਵਿੱਚ ਮਿਲੀਆਂ ਟੁੱਟੀਆਂ ਸੜਕਾਂ ਤੇ ਖ਼ਸਤਾ-ਹਾਲ ਪਾਰਕ: ਭਾਜਪਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਫਰਵਰੀ:
ਮੁਹਾਲੀ ਤੋਂ ਭਾਜਪਾ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਨੇ ਐਤਵਾਰ ਨੂੰ ਟੀਡੀਆਈ ਸਿਟੀ ਵਿੱਚ ਚੋਣ ਪ੍ਰਚਾਰ ਕਰਦਿਆਂ ਸੈਕਟਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਟੀਡੀਆਈ ਸਿਟੀ ਵਿੱਚ ਰਹਿੰਦੇ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਜਮਾਂ ਪੂੰਜੀ ਖ਼ਰਚ ਕਰ ਕੇ ਘਰ ਖ਼ਰੀਦੇ ਪਰ ਬਦਲੇ ਵਿੱਚ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਦੀ ਥਾਂ ਟੁੱਟੀਆਂ ਸੜਕਾਂ ਅਤੇ ਖ਼ਸਤਾ-ਹਾਲ ਪਾਰਕ ਮਿਲੇ। ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਜਦੋਂ ਉਹ ਟੀਡੀਆਈ ਵਿੱਚ ਆ ਰਹੇ ਸਨ ਤਾਂ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਰਸਤਾ ਬੰਦ ਸੀ, ਜਿਸ ਕਾਰਨ ਉਨ੍ਹਾਂ ਨੂੰ ਲੰਮਾ ਸਫ਼ਰ ਤੈਅ ਕਰਕੇ ਟੀਡੀਆਈ ਪਹੁੰਚਣਾ ਪਿਆ। ਉਨ੍ਹਾਂ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਲੰਮੇ ਸਮੇਂ ਤੋਂ ਹੱਲ ਨਾ ਹੋਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਸੈਕਟਰ ਵਾਸੀਆਂ ਦੀ ਸਹਿਣਸ਼ੀਲਤਾ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਡਬਲ ਇੰਜਨ ਵਾਲੀ ਭਾਜਪਾ ਦੀ ਸਰਕਾਰ ਬਣਨ ’ਤੇ ਟੀਡੀਆਈ ਦੇ ਵਸਨੀਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਭਾਜਪਾ ਆਗੂ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਕਾਂਗਰਸ ਸਰਕਾਰ ਨੇ ਇਸ ਇਲਾਕੇ ਦੀ ਸਾਰ ਨਹੀਂ ਲਈ, ਸੜਕਾਂ ਅਤੇ ਪਾਰਕਾਂ ਦੀ ਹਾਲਤ ਬਹੁਤ ਮਾੜੀ ਹੈ। ਭਾਵੇਂ ਇਹ ਇਲਾਕਾ ਬਿਲਡਰ ਅਧੀਨ ਹੈ ਪਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਰ-ਵਾਰ ਗੁਹਾਰ ਲਗਾਉਣ ਦੇ ਬਾਵਜੂਦ ਬਿਲਡਰ ਨੂੰ ਮਨਮਾਨੀਆਂ ਕਰਨ ਤੋਂ ਨਹੀਂ ਰੋਕਿਆ ਗਿਆ। ਜਿਸ ਤੋਂ ਇਹ ਸਪੱਸ਼ਟ ਹੈ ਕਿ ਇਹ ਸਾਰਾ ਕੁੱਝ ਸਿਆਸਤਦਾਨਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਬੇਸ਼ੱਕ ਸਿਆਸੀ ਪਾਰਟੀਆਂ ਲੋਕਾਂ ਨੂੰ ਲਾਲਚ ਦੇ ਕੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਭਾਜਪਾ ਇਕੋ ਇਕ ਅਜਿਹੀ ਪਾਰਟੀ ਹੈ ਜੋ ਝੂਠੇ ਲਾਰੇ ਲਗਾਉਣ ਦੀ ਥਾਂ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ।
ਟੀਡੀਆਈ ਸਿਟੀ ਦੇ ਵਸਨੀਕ ਮੁਨੀਸ਼ ਕੁਮਾਰ, ਸੰਦੀਪ ਕੁਮਾਰ, ਸੁਖਵਿੰਦਰ ਸਿੰਘ, ਮੰਜੇਸਵਰ ਕੁਮਾਰ ਤੇ ਹੋਰਨਾਂ ਨੇ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਟੀਡੀਆਈ ਕਲੱਬ ਅਧੂਰਾ ਹੈ, ਉੱਥੇ ਬਿਜਲੀ ਦਾ ਮੀਟਰ ਵੀ ਨਹੀਂ ਲੱਗਾ ਹੈ। ਇਸ ਤੋਂ ਇਲਾਵਾ ਸੜਕਾਂ ਅਤੇ ਪਾਰਕਾਂ ਦੇ ਨਾਲ-ਨਾਲ ਹੋਰ ਬੁਨਿਆਦੀ ਢਾਂਚੇ ਦੀ ਹਾਲਤ ਬਹੁਤ ਮਾੜੀ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …