nabaz-e-punjab.com

ਆਈਟੀ ਸਿਟੀ ਮੁਹਾਲੀ ਦੇ ਲੋਕ ਸੀਵਰੇਜ਼ ਮਿਲਿਆ ਦੂਸ਼ਿਤ ਪਾਣੀ ਪੀਣ ਲਈ ਮਜਬੂਰ, ਬਿਮਾਰੀ ਫੈਲਣ ਦਾ ਖਦਸ਼ਾ

ਫੇਜ਼-5, ਮੁਹਾਲੀ ਵਿੱਚ ਪਿਛਲੇ 15 ਦਿਨਾਂ ਤੋਂ ਸਪਲਾਈ ਹੋ ਰਿਹਾ ਸੀਵਰੇਜ਼ ਮਿਲਿਆ ਗੰਦਾ ਪਾਣੀ

ਲੋਕ ਘਰਾਂ ’ਚ ਸਪਲਾਈ ਹੋ ਰਹੇ ਗੰਦੇ ਪਾਣੀ ਦੀਆਂ ਬੋਤਲਾਂ ਭਰ ਕੇ ਭਾਜਪਾ ਕੌਂਸਲਰ ਦੇ ਘਰ ਪੁੱਜੇ, ਪਾਣੀ ਪੀਣ ਨੂੰ ਕਿਹਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਈ:
ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਅਤੇ ਲੋੜ ਅਨੁਸਾਰ ਪਾਣੀ ਉਪਲਬਧ ਕਰਵਾਉਣ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ। ਮੌਜੂਦਾ ਸਮੇਂ ਵਿੱਚ ਆਈਟੀ ਸਿਟੀ ਮੁਹਾਲੀ ਦੇ ਲੋਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਘੱਟ ਪ੍ਰੈੱਸ਼ਰ ਹੋਣ ਕਾਰਨ ਉਪਰਲੀ ਮੰਜ਼ਲਾਂ ’ਤੇ ਰਹਿੰਦੇ ਲੋਕਾਂ ਦੇ ਘਰਾਂ ਵਿੱਚ ਬਿਨਾਂ ਟੁਲੂ ਪੰਪ ਤੋਂ ਪਾਣੀ ਦੀ ਬੂੰਦ ਤੱਕ ਨਹੀਂ ਪਹੁੰਚ ਰਹੀ ਹੈ। ਜਿਸ ਕਾਰਨ ਲੋਕ ਕਾਫੀ ਤੰਗ ਹਨ।
ਉਧਰ, ਇੱਥੋਂ ਦੇ ਫੇਜ਼-5 ਦੇ ਰਿਹਾਇਸ਼ੀ ਖੇਤਰ ਵਿੱਚ ਪਿਛਲੇ 15 ਦਿਨਾਂ ਤੋਂ ਗੰਧਲਾ ਪਾਣੀ ਸਪਲਾਈ ਹੋਣ ਕਾਰਨ ਲੋਕ ਕਾਫੀ ਤੰਗ ਪ੍ਰੇਸ਼ਾਨ ਹਨ। ਨਿੱਤ ਵਰਤੋਂ ਲਈ ਲੋਕਾਂ ਨੂੰ ਗੁਰਦੁਆਰਾ ਸਾਹਿਬਵਾੜਾ ਸਾਹਿਬ ਨੌਵੀਂ ਪਾਤਸ਼ਾਹ ਅਤੇ ਸਨਾਤਨ ਧਰਮ ਮੰਦਰ ’ਚੋਂ ਪਾਣੀ ਢੋਹਣਾ ਪੈ ਰਿਹਾ ਹੈ। ਦੂਸ਼ਿਤ ਪਾਣੀ ਕਾਰਨ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਪਿਛਲੇ ਸਾਲ ਵੀ ਬਿਮਾਰੀ ਫੈਲ ਗਈ ਸੀ। ਜਦੋਂ ਸਮੱਸਿਆ ਹੱਲ ਹੁੰਦੀ ਨਜ਼ਰ ਨਹੀਂ ਆਈ ਤਾਂ ਅੱਜ ਸਵੇਰੇ ਮੁਹੱਲੇ ਦੇ ਪੀੜਤ ਲੋਕ ਅਤੇ ਅੌਰਤਾਂ ਇਕੱਠੇ ਹੋ ਕੇ ਗੰਧਲੇ ਪਾਣੀ ਦੀਆਂ ਬੋਤਲਾਂ ਲੈ ਕੇ ਇਲਾਕੇ ਦੇ ਭਾਜਪਾ ਕੌਂਸਲਰ ਅਰੁਣ ਸ਼ਰਮਾ ਦੇ ਘਰ ਪਹੁੰਚ ਗਏ ਅਤੇ ਮਜ਼ਾਕੀਆ ਲਹਿਜ਼ੇ ਵਿੱਚ ਉਨ੍ਹਾਂ ਨੂੰ ਬੋਤਲਾਂ ਵਿੱਚ ਭਰਿਆ ਪਾਣੀ ਪੀਣ ਲਈ ਆਖਿਆ।
ਸ਼ਿਵ ਕੁਮਾਰ, ਸੁਰੇਸ਼ ਕੁਮਾਰ ਸ਼ਰਮਾ, ਗੁਰਨਾਮ ਸਿੰਘ, ਅਵਤਾਰ ਸਿੰਘ, ਨਿਖਿਲ ਸ਼ਰਮਾ, ਨੀਲਮ ਛਾਬੜਾ, ਗਾਇਤਰੀ ਦੇਵੀ ਅਤੇ ਗੈਰੀ ਨੇ ਦੱਸਿਆ ਕਿ ਪਿਛਲੇ ਦੋ ਹਫ਼ਤਿਆਂ ਤੋਂ ਉਨ੍ਹਾਂ ਦੇ ਘਰਾਂ ਵਿੱਚ ਗੰਧਲਾ ਪਾਣੀ ਸਪਲਾਈ ਹੋ ਰਿਹਾ ਹੈ। ਇਸ ਸਬੰਧੀ ਕਈ ਵਾਰ ਜਲ ਸਪਲਾਈ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਹਨ ਲੇਕਿਨ ਪਾਣੀ ਦੀ ਸਪਲਾਈ ਵਿੱਚ ਸੁਧਾਰ ਨਹੀਂ ਹੋਇਆ। ਜਿਸ ਕਾਰਨ ਉਹ ਸ਼ੁੱਧ ਪਾਣੀ ਨੂੰ ਤਰਸ ਗਏ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਜਿਹੜਾ ਪਾਣੀ ਸਪਲਾਈ ਹੋ ਰਿਹਾ ਹੈ। ਉਹ ਕੱਪੜੇ ਤੇ ਭਾਂਡੇ ਧੌਣ ਅਤੇ ਬਾਥਰੂਮਾਂ ਵਿੱਚ ਵੀ ਇਸਤੇਮਾਲ ਕਰਨ ਦੇ ਯੋਗ ਨਹੀਂ ਹੈ। ਉਹ ਨਿੱਤ ਵਰਤੋਂ ਲਈ ਗੁਰਦੁਆਰਾ ਸਾਹਿਬ ਅਤੇ ਮੰਦਰ ’ਚੋਂ ਪਾਣੀਆਂ ਬੋਤਲਾਂ ਅਤੇ ਕੈਂਪਰ ਭਰ ਕੇ ਲਿਆਉਂਦੇ ਹਨ ਅਤੇ ਨਾਉਣ ਧੌਣ ਦੀ ਕਾਫੀ ਤੰਗੀ ਹੋਈ ਪਈ ਹੈ।
ਉਧਰ, ਭਾਜਪਾ ਕੌਂਸਲਰ ਅਰੁਣ ਸ਼ਰਮਾ ਨੇ ਰਿਹਾਇਸ਼ੀ ਖੇਤਰ ਵਿੱਚ ਦੂਸ਼ਿਤ ਪਾਣੀ ਸਪਲਾਈ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅੱਜ ਸਵੇਰੇ ਮੁਹੱਲੇ ਦੇ ਵਸਨੀਕ ਗੰਦੇ ਪਾਣੀ ਦੀਆਂ ਬੋਤਲਾਂ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਗਏ ਅਤੇ ਪਾਣੀ ਬਾਰੇ ਸ਼ਿਕਾਇਤ ਕੀਤੀ। ਉਨ੍ਹਾਂ ਕਿਹਾ ਕਿ ਛੁੱਟੀਆਂ ਤੋਂ ਬਾਅਦ ਮੰਗਲਵਾਰ ਨੂੰ ਪੀੜਤ ਲੋਕਾਂ ਨਾਲ ਡਿਪਟੀ ਕਮਿਸ਼ਨਰ, ਨਗਰ ਨਿਗਮ ਦੇ ਮੇਅਰ, ਕਮਿਸ਼ਨਰ ਅਤੇ ਜਲ ਸਪਲਾਈ ਵਿਭਾਗ ਦੇ ਐਕਸੀਅਨ ਨੂੰ ਮਿਲ ਕੇ ਸਮੱਸਿਆ ਤੋਂ ਜਾਣੂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਘਰਾਂ ਵਿੱਚ ਸਪਲਾਈ ਹੋ ਰਹੇ ਪਾਣੀ ਦੇ ਸੈਂਪਲਾਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਐਸਡੀਓ ਸ਼ਾਮ ਲਾਲ ਅਤੇ ਇੱਕ ਸਕੂਲੀ ਬੱਚੇ ਦੀ ਡੇਂਗੂ ਕਾਰਨ ਮੌਤ ਹੋ ਗਈ ਸੀ ਲੇਕਿਨ ਇਸ ਦੇ ਬਾਵਜੂਦ ਪ੍ਰਸ਼ਾਸਨ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਿਹਾ ਹੈ।
(ਬਾਕਸ ਆਈਟਮ)
ਜਲ ਸਪਲਾਈ ਵਿਭਾਗ ਦੇ ਐਕਸੀਅਨ ਕਮਲ ਕਿਸ਼ੋਰ ਨੇ ਦੱਸਆ ਕਿ ਬੀਤੇ ਦਿਨੀਂ ਜੀਓ ਮੋਬਾਈਲ ਕੰਪਨੀ ਦੇ ਠੇਕੇਦਾਰ ਨੇ ਅੰਡਰ ਗਰਾਉਂਡ ਕੇਬਲ ਤਾਰ ਪਾਉਣ ਲਈ ਜ਼ਮੀਨ ਦੀ ਖੁਦਾਈ ਸਮੇਂ ਸੀਵਰੇਜ ਅਤੇ ਵਾਟਰ ਸਪਲਾਈ ਦੀ ਪਾਈਪਲਾਈਨ ਤੋੜ ਦਿੱਤੀ ਹੈ। ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਕਰਮਚਾਰੀ ਟੁੱਟੀਆਂ ਪਾਈਪਲਾਈਨਾਂ ਨੂੰ ਠੀਕ ਕਰਨ ਵਿੱਚ ਲੱਗੇ ਹੋਏ ਹਨ ਅਤੇ ਖੁਦਾਈ ਦੌਰਾਨ ਨੁਕਸਾਨੀ ਪਾਈਪਲਾਈਨਾਂ ਅੱਜ ਸ਼ਾਮ ਤੱਕ ਠੀਕ ਕਰ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਅੰਡਰ ਗਰਾਉਂਡ ਤਾਰਾਂ ਪਾਉਣ ਥਾਂ ਥਾਂ ਜ਼ਮੀਨ ਖੋਖਲੀ ਹੋ ਚੁੱਕੀ ਹੈ ਅਤੇ ਕਈ ਥਾਵਾਂ ’ਤੇ ਪਾਣੀ ਅਤੇ ਸੀਵਰੇਜ਼ ਦੀਆਂ ਲਾਈਨਾਂ ਨੁਕਸਾਨੀਆਂ ਗਈਆਂ ਹਨ। ਬੀਤੇ ਦਿਨੀਂ ਨਗਰ ਨਿਗਮ ਦੀ ਮੀਟਿੰਗ ਵਿੱਚ ਵੀ ਇਹ ਮੁੱਦਾ ਚੁੱਕਿਆ ਗਿਆ ਸੀ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…