Nabaz-e-punjab.com

ਗੁਰੂ ਰਵੀਦਾਸ ਮੰਦਰ ਢਾਹੁਣ ਖ਼ਿਲਾਫ਼ ਸੜਕਾਂ ’ਤੇ ਉਤਰੇ ਦਲਿਤ ਵਰਗ ਦੇ ਲੋਕ, ਚੱਕਾ ਜਾਮ

ਪ੍ਰਦਰਸ਼ਨਕਾਰੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਦਲਿਤ ਵਿਰੋਧੀ ਐਲਾਨਿਆ, ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ

ਪੰਜਾਬ ਬੰਦ ਦਾ ਮੁਹਾਲੀ ’ਚ ਨਹੀਂ ਦਿਖਿਆ ਅਸਰ, ਆਮ ਦਿਨਾਂ ਵਾਂਗ ਖੁੱਲ੍ਹੇ ਰਹੇ ਸਾਰੇ ਬਾਜ਼ਾਰ

ਡਾ. ਅੰਬੇਦਕਰਵਾਦੀ ਜਥੇਬੰਦੀਆਂ ਨੇ ਡੀਸੀ ਰਾਹੀਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਭੇਜੇ ਵੱਖ ਵੱਖ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਗਸਤ:
ਦਿੱਲੀ ਦੇ ਤੁਗ਼ਲਕਾਬਾਦ ਵਿੱਚ ਬੀਤੇ ਦਿਨੀਂ ਦਲਿਤਾਂ ਦੇ ਮਸੀਹਾ ਗੁਰੂ ਰਵਿਦਾਸ ਮੰਦਰ ਨੂੰ ਤੋੜੇ ਜਾਣ ਕਾਰਨ ਦਲਿਤ ਵਰਗ ਦੇ ਲੋਕ ਸੜਕਾਂ ’ਤੇ ਉਤਰ ਆਏ ਹਨ। ਪੰਜਾਬ ਬੰਦ ਦੇ ਸੱਦੇ ’ਤੇ ਅੱਜ ਦਲਿਤ ਭਾਈਚਾਰੇ ਦੇ ਲੋਕਾਂ ਅਤੇ ਡਾ. ਅੰਬੇਦਕਰਵਾਦੀ ਜਥਬੰਦੀਆਂ, ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਕਾਰਕੁਨਾਂ ਨੇ ਅੱਜ ਮੁਹਾਲੀ ਵਿੱਚ ਥਾਂ ਥਾਂ ’ਤੇ ਵਿਰੋਧ ਪ੍ਰਦਰਸ਼ਨ ਕੀਤੇ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦਲਿਤਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਜ਼ਿਲ੍ਹਾ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹੋਏ ਸਨ ਅਤੇ ਰੋਸ ਮਾਰਚ ਦੌਰਾਨ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਪ੍ਰਦਰਸ਼ਨਕਾਰੀਆਂ ਦੇ ਕਾਫ਼ਲੇ ਦੇ ਨਾਲ ਨਾਲ ਚਲ ਰਹੇ ਸਨ।
ਇਸੇ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਅਤੇ ਬਹੁਜਨ ਸਮਾਜ ਪਾਰਟੀ (ਬਸਪਾ), ਡਾ. ਬੀਆਰ ਅੰਬੇਦਕਰ ਵੈਲਫੇਅਰ ਮਿਸ਼ਨ ਸੈਕਟਰ-69, ਡਾ. ਬੀਆਰ ਅੰਬੇਦਕਰ ਮਿਸ਼ਨਰੀ ਵੈਲਫੇਅਰ ਐਸੋਸੀਏਸ਼ਨ ਅਤੇ ਸੰਸਥਾ ਪੈਗਾਮ ਮੁਹਾਲੀ ਦੇ ਕਾਰਕੁਨਾਂ ਨੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ। ਇਨ੍ਹਾਂ ਜਥੇਬੰਦੀਆਂ ਦੇ ਮੈਂਬਰਾਂ ਨੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਤੋਂ ਰੋਸ ਮਾਰਚ ਸ਼ੁਰੂ ਕੀਤਾ ਅਤੇ ਰਸਤੇ ਵਿੱਚ ਫੇਜ਼-7 ਟਰੈਫ਼ਿਕ ਲਾਈਟ ਚੌਕ ’ਤੇ ਚੱਕਾ ਜਾਮ ਕਰਕੇ ਹੁਕਮਰਾਨਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਇਹ ਕਾਫ਼ਲਾ ਕੁੰਭੜਾ ਚੌਕ ਅਤੇ ਇਸ ਤੋਂ ਅੱਗੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਚੌਂਕ ਵਿੱਚ ਜਾ ਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ।
ਇਸ ਮੌਕੇ ਬਸਪਾ ਦੇ ਸੀਨੀਅਰ ਆਗੂ ਵਰਿਆਮ ਸਿੰਘ, ਪਾਲ ਸਿੰਘ ਰੱਤੂ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਹਰਨੇਕ ਸਿੰਘ, ਜੇਆਰ ਕਾਹਲ ਅਤੇ ਹੋਰਨਾਂ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਂ ਲਿਖਿਆ ਮੰਗ ਪੱਤਰ ਸੌਂਪਿਆ। ਉਨ੍ਹਾਂ ਕਿਹਾ ਕਿ ਦਲਿਤਾਂ ਦੇ ਰਹਿਬਰ ਦੀ ਬੇਅਦਬੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇ। ਇਸ ਮੌਕੇ ਮੁਹਾਲੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੀਪ ਸਿੰਘ ਨਿਆ ਸ਼ਹਿਰ, ਸਾਬਕਾ ਐਸਡੀਓ ਸਿਕੰਦਰ ਸਿੰਘ, ਬਸਪਾ ਮੁਹਾਲੀ ਦੇ ਪ੍ਰਧਾਨ ਹਰਬੰਸ ਸਿੰਘ, ਜਗਤਾਰ ਸਿੰਘ ਮੁਹਾਲੀ, ਸੁੱਚਾ ਸਿੰਘ ਬਲੌਂਗੀ, ਸਵਰਨ ਸਿੰਘ ਲਾਂਡਰਾਂ, ਜਸਪਾਲ ਸਿੰਘ ਸੈਦਪੁਰ ਸਮੇਤ ਹੋਰ ਕਾਰਕੁਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਢਾਹੁਣ ਦੇ ਹੁਕਮ ਦਿੱਤੇ ਜਾਣ ਨਾਲ ਸਮੂਹ ਰਵਿਦਾਸ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵਜੀ ਹੈ। ਉਹਨਾਂ ਲਿਖਿਆ ਕਿ ਇਸ ਨਾਲ ਸਾਰੇ ਦੇਸ਼ ਵਿੱਚ ਰੋਹ ਫੈਲ ਰਿਹਾ ਹੈ ਅਤੇ ਰਵਿਦਾਸ ਭਾਈਚਾਰੇ ਵੱਲੋਂ ਇਸ ਮੰਦਰ ਨੂੰ ਢਾਹੁਣ ਦੇ ਵਿਰੋਧ ਵਿੱਚ ਅੰਦੋਲਨ ਕੀਤਾ ਜਾ ਰਿਹਾ ਹੈ।
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਮੰਦਰ ਲਗਭਗ 500 ਸਾਲ ਪੁਰਾਣਾ ਹੈ ਅਤੇ ਇਸਦਾ ਮਹਾਨ ਇਤਿਹਾਸਿਕ ਅਤੇ ਧਾਰਮਿਕ ਮਹੱਤਵ ਹੈ। ਪੁਰਾਤਨ ਇਤਿਹਾਸ ਦੇ ਅਨੁਸਾਰ ਮੁਸਲਿਮ ਸ਼ਾਸਕ ਸਿਕੰਦਰ ਲੋਧੀ ਵਲੋੱ ਜਬਰਦਸਤੀ ਗੁਰੂ ਰਵਿਦਾਸ ਅਤੇ ਉਨ੍ਹਾਂ ਦੇ ਭਗਤਾਂ ਨੂੰ ਮੁਸਲਿਮ ਧਰਮ ਪਰਿਵਰਤਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆ ਗਈਆਂ ਸਨ ਪਰ ਉਹ ਪੂਰੀ ਤਰ੍ਹਾਂ ਅਸਫਲ ਰਿਹਾ ਅਤੇ ਅੰਤ ਵਿੱਚ ਉਹ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਦੌਰਾਨ ਸ੍ਰੀ ਗੁਰੂ ਰਵਿਦਾਸ ਜੀ ਖੁਦ ਇਸ ਥਾਂ ਤੇ ਆਏ ਸਨ ਅਤੇ ਇਸ ਥਾਂ ਤੇ ਉਨਾਂ ਦਾ ਮੰਦਰ ਬਣਾਇਆ ਗਿਆ। ਉਨ੍ਹਾਂ ਲਿਖਿਆ ਕਿ ਇਸ ਮੰਦਰ ਦੀ ਸਾਰੇ ਸੰਸਾਰ ਦੇ ਰਵਿਦਾਸ ਭਾਈਚਾਰੇ ਵਿੱਚ ਬਹੁਤ ਮਹਾਨਤਾ ਹੈ। ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਸੰਬਧੀ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਜਲਦੀ ਤੋੱ ਜਲਦੀ ਕੀਤਾ ਜਾਵੇ ਤਾਂ ਜੋ ਇਸ ਸੱਮਸਿਆਂ ਦਾ ਸਾਰਥਕ ਹੱਲ ਹੋ ਸਕੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…