
ਪਿੰਡ ਕੁੰਭੜਾ ਵਿੱਚ ਨਾਲੀਆਂ ਦਾ ਗੰਦਾ ਪਾਣੀ ਓਵਰਫਲੋ ਕਾਰਨ ਲੋਕ ਪ੍ਰੇਸ਼ਾਨ
ਗੰਦਗੀ ਕਾਰਨ ਕੁੰਭੜਾ ਵਿੱਚ ਬੀਮਾਰੀਆਂ ਫੈਲਣ ਦਾ ਖ਼ਦਸ਼ਾ, ਪ੍ਰਸ਼ਾਸਨ ਤੇ ਅਧਿਕਾਰੀ ਬੇਪ੍ਰਵਾਹ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਨਵੰਬਰ:
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਦੀਆਂ ਗਲੀਆਂ ਵਿੱਚ (ਨੇੜੇ ਨੀਮ ਨਾਥ ਮੰਦਰ) ਓਪਨ ਨਾਲੀਆਂ ਦਾ ਗੰਦਾ ਪਾਣੀ ਓਵਰਫਲੋ ਹੋਣ ਕਾਰਨ ਸਥਾਨਕ ਵਸਨੀਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੁਕਾਨਾਂ ਦੇ ਅੱਗੇ ਅਤੇ ਗਲੀਆਂ ਵਿੱਚ ਗੰਦਾ ਪਾਣੀ ਖੜਾ ਹੋਣ ਕਾਰਨ ਪਿੰਡ ਵਿੱਚ ਬੀਮਾਰੀ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਗਲੀਆਂ-ਨਾਲੀਆਂ ਵਿੱਚ ਖੜੇ ਗੰਦੇ ਪਾਣੀ ਅਤੇ ਗੰਦਗੀ ਦੇ ਢੇਰ ਦਿਖਾਉਂਦੇ ਹੋਏ ਪਿੰਡ ਵਾਸੀਆਂ ਨੇ ਆਪਣੀ ਅਣਦੇਖੀ ਦਾ ਰੋਣਾ ਰੋਇਆ।
ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਪਿੰਡ ਵਾਸੀ ਸ਼ੁਰੂ ਤੋਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਅਤੇ ਮੌਜੂਦਾ ਸਮੇਂ ਵਿੱਚ ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਸ ਸਬੰਧੀ ਸਾਬਕਾ ਸਿਹਤ ਮੰਤਰੀ, ਮੇਅਰ ਅਤੇ ਕਮਿਸ਼ਨਰ ਆਦਿ ਨੂੰ ਸ਼ਿਕਾਇਤਾਂ ਦੇ ਕੇ ਥੱਕ ਚੁੱਕੇ ਹਨ ਪ੍ਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਇਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ ਤਾਂ ਪਿੰਡ ਵਾਸੀਆਂ ਵੱਲੋਂ ਨਗਰ ਨਿਗਮ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਸੋਸ਼ਲ ਵਰਕਰ ਤੇ ਸੀਨੀਅਰ ਸਿਟੀਜ਼ਨ ਡਾ. ਪਵਨ ਕੁਮਾਰ ਜੈਨ ਨੇ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ, ਮੇਅਰ, ਕਮਿਸ਼ਨਰ ਅਤੇ ਸਿਵਲ ਸਰਜਨ ਨੂੰ ਕਈ ਪੱਤਰ ਲਿਖ ਕੇ ਪਿੰਡ ਕੁੰਭੜਾ ਦੇ ਮੌਜੂਦਾ ਹਾਲਾਤਾਂ ਬਾਰੇ ਦੱਸ ਚੁੱਕੇ ਹਨ ਲੇਕਿਨ ਅਧਿਕਾਰੀਆਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਕੁੰਭੜਾ ਵਿੱਚ ਗੰਦੇ ਪਾਣੀ ਦੀ ਨਿਕਾਸੀ ਅਤੇ ਸਫ਼ਾਈ ਵਿਵਸਥਾ ਦਾ ਬਹੁਤ ਮਾੜਾ ਹਾਲ ਹੈ। ਇਸ ਸਬੰਧੀ 9 ਨਵੰਬਰ, 11 ਨਵੰਬਰ, 15 ਨਵੰਬਰ ਨੂੰ ਨਗਰ ਨਿਗਮ ਦੇ ਹੈਲਪਲਾਈਨ ਨੰਬਰ ’ਤੇ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਮੇਅਰ ਨੂੰ ਫੋਨ ’ਤੇ ਸੂਚਨਾ ਭੇਜੀ ਗਈ ਸੀ। ਇਹੀ ਨਹੀਂ ਦਫ਼ਤਰੀ ਸਟਾਫ਼ ਨੂੰ ਫੋਟੋਆਂ ਵੀ ਖਿੱਚ ਕੇ ਭੇਜੀਆਂ ਗਈਆਂ ਸਨ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ।
ਇਸ ਮੌਕੇ ਅਜੈਬ ਸਿੰਘ, ਮੰਗਤ ਰਾਮ, ਬਹਾਦਰ ਸਿੰਘ, ਅਮਰੀਕ ਸਿੰਘ, ਮੇਵਾ ਸਿੰਘ, ਸਵਰਨਾ, ਅਮਰਜੀਤ ਕੌਰ, ਰਾਣੀ, ਭੂਰੀ, ਮਨਜੀਤ ਸਿੰਘ ਟੇਲਰ, ਮਨਜੀਤ ਸਿੰਘ, ਛੋਟਾ, ਦੀਪਾ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।