ਸੋਹਾਣਾ ਬੱਸ ਕਿਊ ਸ਼ੈਲਟਰ ਦੇ ਮੂਹਰੇ ਲੀਕ ਹੋ ਰਹੇ ਪਾਣੀ ਕਾਰਨ ਲੋਕ ਪ੍ਰੇਸ਼ਾਨ

ਸਾਬਕਾ ਅਕਾਲੀ ਕੌਂਸਲਰ ਕਮਲਜੀਤ ਕੌਰ ਤੇ ਨੰਬਰਦਾਰ ਸੋਹਾਣਾ ਨੇ ਅਧਿਕਾਰੀਆਂ ’ਤੇ ਅਣਦੇਖੀ ਦਾ ਦੋਸ਼ ਲਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਕਤੂਬਰ:
ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਤੋਂ ਲਾਂਡਰਾਂ ਨੂੰ ਜਾਂਦੀ ਮੁੱਖ ਸੜਕ ’ਤੇ ਯਾਤਰੀਆਂ ਅਤੇ ਸਕੂਲੀ ਬੱਚਿਆਂ ਦੀ ਸਹੂਲਤ ਲਈ ਬਣਾਏ ਗਏ ਬੱਸ ਕਿਊਂ ਸ਼ੈਲਟਰ ਦੇ ਬਿਲਕੁਲ ਅੱਗੇ ਪਾਣੀ ਲੀਕ ਹੋਣ ਕਾਰਨ ਕਾਫੀ ਗੰਦਗੀ ਫੈਲ ਗਈ ਹੈ। ਜਿਸ ਕਾਰਨ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ, ਇਸ ਸਬੰਧੀ ਮੁਹਾਲੀ ਨਗਰ ਨਿਗਮ ਅਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਇਕ ਦੂਜੇ ’ਤੇ ਜ਼ਿੰਮੇਵਾਰੀ ਸੁੱਟ ਰਹੇ ਹਨ।
ਇਲਾਕੇ ਦੀ ਸਾਬਕਾ ਅਕਾਲੀ ਕੌਂਸਲਰ ਕਮਲਜੀਤ ਕੌਰ ਅਤੇ ਨੰਬਰਦਾਰ ਹਰਸੰਗਤ ਸਿੰਘ ਸੋਹਾਣਾ ਨੇ ਦੱਸਿਆ ਕਿ ਇਸ ਸਬੰਧੀ ਮੁਹਾਲੀ ਨਗਰ ਨਿਗਮ ਦੇ ਐਸਈ, ਐਕਸੀਅਨ ਅਤੇ ਐਸਡੀਓ ਅਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਪਾਣੀ ਦੀ ਲੀਕੇਜ ਦੀ ਸਮੱਸਿਆ ਹੱਲ ਕਰਨ ਲਈ ਕਈ ਵਾਰ ਅਪੀਲਾਂ ਕੀਤੀਆਂ ਜਾ ਚੁੱਕੀਆਂ ਹਨ ਲੇਕਿਨ ਹੁਣ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਹਾਊਸ ਦੀ ਟਰਮ ਪੁੱਗ ਜਾਣ ਕਾਰਨ ਨਿਗਮ ਅਧਿਕਾਰੀ ਅਤੇ ਸਟਾਫ਼ ਮੈਂਬਰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਗੱਲ ਤੱਕ ਸੁਣਨ ਨੂੰ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਇਸ ਸਬੰਧੀ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਕੋਈ ਨਾ ਕੋਈ ਬਹਾਨਾ ਲਗਾ ਕੇ ਗੱਲ ਨੂੰ ਟਾਲ ਦਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਜ਼ਿੰਮੇਵਾਰ ਅਧਿਕਾਰੀਆਂ ਅਤੇ ਸਟਾਫ਼ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਗਰ ਨਿਗਮ ਨੇ ਇਹ ਸਮੱਸਿਆ ਜਲਦੀ ਹੱਲ ਨਹੀਂ ਕੀਤੀ ਤਾਂ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਸਬੰਧੀ ਨਗਰ ਨਿਗਮ ਦੇ ਐਕਸੀਅਨ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਹ ਕੰਮ ਜਲ ਸਪਲਾਈ ਵਿਭਾਗ ਦੇ ਅਧੀਨ ਆਉਂਦਾ ਹੈ। ਇਸ ਲਈ ਪਾਣੀ ਦੀ ਲੀਕੇਜ ਠੀਕ ਦੀ ਜ਼ਿੰਮੇਵਾਰੀ ਵੀ ਜਲ ਸਪਲਾਈ ਮਹਿਕਮੇ ਦੀ ਬਣਦੀ ਹੈ।
ਉਧਰ, ਜਲ ਸਪਲਾਈ ਵਿਭਾਗ ਦੇ ਐਕਸੀਅਨ ਸਾਹਿਲ ਸ਼ਰਮਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਇਸ ਨੂੰ ਜਲਦੀ ਠੀਕ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੋਹਾਣਾ ਤੋਂ ਲਾਂਡਰਾਂ ਸੜਕ ਕਿਨਾਰੇ 10 ਫੁੱਟ ਡੂੰਘੀ ਵਾਟਰ ਸਪਲਾਈ ਪਾਈਪਲਾਈਨ ਪਾਈ ਹੋਈ ਹੈ। ਜਿਸ ਕਾਰਨ ਪਾਣੀ ਦੀ ਲੀਕੇਜ ਵਾਲੇ ਪੁਆਇੰਟ ਦਾ ਪਤਾ ਲਗਾਉਣ ਵਿੱਚ ਮੁਸ਼ਕਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਦੋ ਦਿਨਾਂ ਤੱਕ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ ਜ਼ਿਲ੍ਹਾ ਪੱਧਰ ਕਨਵੈਨਸ਼ਨਾਂ…