Nabaz-e-punjab.com

ਲੋਕਾਂ ਨੇ ਤਾੜੀਆਂ ਵਜਾ ਕੇ ਸਿਹਤ ਵਿਭਾਗ ਦਾ ਹੌਸਲਾ ਵਧਾਇਆ, ਸਿਵਲ ਸਰਜਨ ਵੱਲੋਂ ਧੰਨਵਾਦ

ਕਰੋਨਾਵਾਇਰਸ ਤੋਂ ਬਚਨ ਲਈ ਲੋਕਾਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ:
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਆਮ ਲੋਕਾਂ ਆਪੋ-ਅਪਣੇ ਘਰਾਂ ਵਿੱਚ ਤਾੜੀਆਂ ਵਜਾ ਕੇ ਅਤੇ ਥਾਲੀਆਂ ਖੜਕਾ ਕੇ ਸਮੁੱਚੇ ਸਿਹਤ ਅਮਲੇ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੇ ਇਸ ਸ਼ੁੱਭ ਸੰਕੇਤ ਰਾਹੀਂ ਕਰੋਨਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਇਸ ਬੀਮਾਰੀ ’ਤੇ ਕਾਬੂ ਪਾਉਣ ਲਈ ਸਹਿਯੋਗ ਦੇਣ ਦਾ ਤਹੱਈਆ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਇਸ ਬੀਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਅਤੇ ਪ੍ਰਤੀਬੱਧ ਹੈ ਅਤੇ ਇਸ ਪੜਾਅ ’ਤੇ ਲੋਕਾਂ ਦਾ ਸਾਥ ਅਤੇ ਸਹਿਯੋਗ ਕਾਫ਼ੀ ਲੋੜੀਂਦਾ ਹੈ। ਸਿਵਲ ਸਰਜਨ ਅਤੇ ਹੋਰਨਾਂ ਅਧਿਕਾਰੀਆਂ ਨੇ ਅੱਜ ਆਪਣੇ ਦਫ਼ਤਰ ਦੇ ਬਾਹਰ ਦੋਵੇਂ ਹੱਥ ਜੋੜ ਕੇ ਲੋਕਾਂ ਦਾ ਧੰਨਵਾਦ ਕੀਤਾ।
ਸਿਵਲ ਸਰਜਨ ਨੇ ਮੁੜ ਦੁਹਰਾਇਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਕਾਰਨ ਪੈਦਾ ਹੋਈ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਹੁਣ ਲੋਕਾਂ ਨੂੰ ਬਹੁਤਾ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਬੀਮਾਰੀ ਤੋਂ ਬਚਾਅ ਲਈ ਪੂਰੀ ਸਾਵਧਾਨੀ ਵਰਤੀ ਜਾਵੇ ਅਤੇ ਆਪਣੇ ਘਰਾਂ ਵਿੱਚ ਰਹਿਣ ਨੂੰ ਤਰਜ਼ੀਹ ਦਿੱਤੀ ਜਾਵੇ। ਡਾ. ਮਨਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫੀਲਡ ਵਿੱਚ ਕੰਮ ਕਰ ਰਹੇ ਸਿਹਤ ਕਾਮਿਆਂ ਨੂੰ ਪੂਰਾ ਸਹਿਯੋਗ ਦੇਣ ਅਤੇ ਜੇ ਕੋਈ ਵਿਅਕਤੀ ਵਿਦੇਸ਼ ਤੋਂ ਪਰਤਿਆ ਹੈ ਤਾਂ ਉਸ ਬਾਰੇ ਸਿਹਤ ਵਿਭਾਗ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਸਮੁੱਚੇ ਪੰਜਾਬ ਵਿੱਚ ਤਾਲਾਬੰਦੀ ਕਰਨ ਅਤੇ ਜ਼ਰੂਰੀ ਸੇਵਾਵਾਂ ਜਾਰੀ ਰੱਖਣ ਦੇ ਫੈਸਲੇ ਲਈ ਸਰਕਾਰ ਦੀ ਸ਼ਲਾਘਾ ਕਰਦਿਆਂ ਉਮੀਦ ਪ੍ਰਗਟ ਕੀਤੀ ਕਿ ਇਹ ਯਤਨ ਇਸ ਬੀਮਾਰੀ ਨੂੰ ਛੇਤੀ ਕਾਬੂ ਕਰਨ ਵਿੱਚ ਸਹਾਈ ਸਿੱਧ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…