ਕੈਪਟਨ ਅਮਰਿੰਦਰ ਦੀ ਪਟਿਆਲਾ ਤੋਂ ਲਗਾਤਾਰ ਗ਼ੈਰਹਾਜ਼ਰੀ ਕਾਰਨ ਬੇਹੱਦ ਨਿਰਾਸ਼ ਤੇ ਖਫ਼ਾ ਹਨ ਪਟਿਆਲਾ ਸ਼ਹਿਰ ਦੇ ਲੋਕ: ਬੀਰ ਦਵਿੰਦਰ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 11 ਜੂਨ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਵਿਧਾਨ ਸਭਾ ਹਲਕਾ ਪਟਿਆਲਾ (ਸ਼ਹਿਰੀ) ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਤੋਂ ਲਗਾਤਾਰ ਗ਼ੈਰਹਾਜ਼ਰੀ ਕਾਰਨ ਬੇਹੱਦ ਨਿਰਾਸ਼ ਤੇ ਖਫ਼ਾ ਹਨ। ਪਟਿਆਲਾ ਸ਼ਹਿਰ ਦੇ ਵੋਟਰਾਂ ਲਈ ਇਸ ਤੋਂ ਵੱਧ ਨਮੋਸ਼ੀਜਨਕ ਗੱਲ ਹੋਰ ਕੀ ਹੋ ਸਕਦੀ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਪਿੱਛੋਂ ਅੱਜ 3 ਮਹੀਨੇ ਬਾਦ ਵੀ, ਇਸ ਹਲਕੇ ਦੇ ਲੋਕਾਂ ਨੂੰ ਇੱਕ ਵਾਰ ਵੀ ਆਪਣੇ ਐਮ.ਐਲ.ਏ, ਕੈਪਟਨ ਅਮਰਿੰਦਰ ਸਿੰਘ ਦੇ ਦਰਸ਼ਨ ਨਸੀਬ ਨਹੀਂ ਹੋਏ। ਹੁਣ ਤਾਂ ਪਟਿਆਲਾ ਸ਼ਹਿਰ ਨੂੰ ਇੱਕ ਅਜੇਹੀ ਹੱਤਕ ਭਰੀ ਵਿਸ਼ੇਸ਼ਤਾ ਨਾਲ ਜਾਣਿਆ ਜਾਣ ਲੱਗਾ ਹੈ, ਉਹ ਇਹ ਹੈ ਕਿ ਪਟਿਆਲਾ ਦੇ ਚੌਥੀ ਵਾਰ ਚੁਣੇ ਗਏ ਵਿਧਾਇਕ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਵਿਸਾਰ ਕੇ ਉਸਦੇ ਲੋਕਾਂ ਦਾ ਸਾਥ ਮੁਕੰਮਲ ਤੌਰ ਤੇ ਛੱਡ ਦਿੱਤਾ ਹੈ।
ਅੱਜ ਇੱਥੇ ਜਾਰੀ ਬਿਆਨ ਵਿੱਚ ਸ੍ਰ. ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਲੋਕਾਂ ਲਈ ਇਸ ਤੋਂ ਵੱਡੀ ਸ਼ਰਮਨਾਕ ਨਮੋਸ਼ੀ ਹੋਰ ਕੀ ਹੋ ਸਕਦੀ ਹੈ ਕਿ 11 ਮਾਰਚ 2017 ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣ ਤੋਂ ਤੁਰੰਤ ਬਾਦ ਪਟਿਆਲੇ ਦਾ ਐਮ.ਐਲ.ੲੈ ਕੈਪਟਨ ਅਮਰਿੰਦਰ ਸਿੰਘ ਅਜਿਹੇ ਪੱਤਰੇ ਵਾਚ ਗਿਆ, ਕਿ ਮੁੜ ਪਿਛਲੇ ਤਿੰਨ ਮਹੀਨੇ ਤੋਂ ਆਪਣੇ ਹਲਕੇ ਵਿੱਚ ਵਾਪਿਸ ਪਰਤਣ ਦਾ ਉਸਨੂੰ ਕਦੇ ਚੇਤਾ ਹੀ ਨਹੀਂ ਆਇਆ।ਉਸਨੇ ਵੋਟਰਾਂ ਦਾ ਧੰਨਵਾਦ ਤਾਂ ਕੀ ਕਰਨਾ ਸੀ ਜਿਨ੍ਹਾਂ ਦੀ ਮੇਹਰਬਾਨੀ ਸਦਕਾ ਅੱਜ ਉਹ ਪੰਜਾਬ ਦਾ ਦੂਜੀ ਵਾਰ ਮੁੱਖ ਮੰਤਰੀ ਬਣਿਆ ਬੈਠਾ ਹੈ, ਉਸਨੇ ਤਾਂ ਪਟਿਆਲੇ ਵੱਲ ਦੁਬਾਰਾ ਮੂੰਹ ਕਰਕੇ ਤੱਕਿਆ ਵੀ ਨਹੀਂ।ਹੁਣ ਤਾਂ ਸ਼ਾਇਦ ਪੂਰੇ ਭਾਰਤ ਵਿੱਚੋਂ ਪਟਿਆਲਾ ਹੀ ਇੱਕ ਅਜੇਹਾ ਚੋਣ ਖੇਤਰ ਹੋਵੇ, ਜਿਸਦਾ ਚੁਣਿਆ ਹੋਇਆ ਨੁਮਾਇੰਦਾ, ਬਿਨਾ ਕਿਸੇ ਕਾਰਨ ਦੇ, ਆਪਣੇ ਚੋਣ ਖੇਤਰ ਵਿੱਚੋਂ ਏਨੇ ਲੰਮੇ ਸਮੇਂ ਤੋਂ ਲਗਾਤਾਰ ਗੈਰਹਾਜ਼ਰ ਚੱਲ ਰਿਹਾ ਹੋਵੇ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹੁਣ ਤਾਂ ਹਲਕਾ ਖਰੜ ਦੇ ਵਿਧਾਇਕ ਕੰਵਰ ਸੰਧੂ ਵੀ ਆਪਣੇ ਹਲਕੇ ਵਿੱਚ ਵਾਪਿਸ ਪਰਤ ਆਏ ਹਨ, ਜਿਨ੍ਹਾਂ ਨੂੰ ਚੋਣਾ ਦੇ ਨਤੀਜੇ ਨਿਕਲਣ ਤੋਂ ਕੁੱਝ ਦਿਨ ਪਹਿਲਾਂ, ਉਨ੍ਹਾਂ ਦੇ ਵੱਡੇ ਲੜਕੇ ਦੀ ਬੇਵਕਤ ਮੌਤ ਹੋ ਜਾਣ ਕਾਰਨ ਵੱਡਾ ਸਦਮਾ ਲੱਗਾ ਸੀ ।
ਉਨ੍ਹਾਂ ਨੇ ਕਿਹਾ ਕਿ ਪਟਿਆਲਾ ਦੇ ਲੋਕ ਕਾਂਗਰਸੀ ਵਰਕਰਾਂ ਨੂੰ ਟਿੱਚਰਾਂ ਕਰ ਕਰ ਪੁੱਛ ਰਹੇ ਹਨ ਕਿ ਤੁਹਾਡਾ ਐਮ ਐਲ ਏ ਕਿੱਥੇ ਹੈ? ਅੱਗੋਂ ਜਵਾਬ ਮਿਲਦਾ ਹੈ ‘‘ਅਰੂਸਾ ਦੀ ਸੇਵਾ ਵਿੱਚ ਹੈ’’। ਲੋਕਾਂ ਦੇ ਅਜਿਹੇ ਅਪਮਾਨ-ਜਨਕ ਕਟਾਕਸ਼ ਵੀ ਪਟਿਆਲਾ ਵਾਸੀਆਂ ਨੂੰ ਸੁਣਨੇ ਤੇ ਸਹਿਣੇਂ ਪੈ ਰਹੇੇ ਹਨ।ਇਹ ਪਸਮੰਜ਼ਰ ਉਸ ਵੇਲੇ ਹੋਰ ਵੀ ਘਿਨਾਉਂਣਾ ਬਣ ਜਾਂਦਾ ਹੈ ਜਦੋਂ ਪਟਿਆਲਵੀ ਇਹ ਵੇਖਦੇ ਹਨ ਕਿ ਉਨ੍ਹਾਂ ਦੇ ਚੁਣੇ ਹੋਏ ਨੁਮਾਇੰਦੇ ਕੋਲ ਮੌਜ-ਮੇਲਿਆਂ ਲਈ ਤਾਂ ਸਮਾਂ ਹੈ, ਅਰੂਸਾ ਆਲਮ ਦੇ ਜਨਮ ਦਿਨ ਲਈ ਵੀ ਸਮਾਂ ਹੈ, ਪਰ ਸਾਡੇ ਲਈ ਕੋਈ ਸਮਾਂ ਨਹੀਂ। ਪਟਿਆਲੇ ਦੇ ਲੋਕਾਂ ਲਈ ਤਾਂ ਇਹ ਗੱਲ ਵੀ ਬੜੀ ਤਕਲੀਫ਼ਦੇਹ ਬਣ ਜਾਂਦੀ ਹੈ ਜਦੋਂ ਹਰ ਰੋਜ਼ ਹੀ ਸੋਸ਼ਲ ਮੀਡੀਏ ਤੇ ਅਮਰਿੰਦਰ-ਅਰੂਸਾ ਦੇ ‘ਦੋਸਤਾਨਾ ਸਬੰਧਾਂ’ ਨੂੰ ਦਰਸਾਊਂਦੀ, ਕੋਈ ਨਾ ਕੋਈ ਚੁਲਬਲੀ ਵੀਡੀਓ ਵਾਇਰਲ ਹੋ ਜਾਂਦੀ ਜਿਸ ਤੋਂ ਪਟਿਆਲਾ ਦੇ ਲੋਕ ਹੋਰ ਵੀ ਪ੍ਰੇਸ਼ਾਨ ਹੋ ਜਾਂਦੇ ਹਨ ਤੇ ਝੂਰਦੇ ਹੋਏ ਬੁੜ-ਬੁੜਾਊਂਣ ਲਗਦੇੇ ਹਨ, ‘‘ਕਿ ਕਾਸ਼ ਕੈਪਟਨ ਅਮਰਿੰਦਰ ਦੀ ਪਟਿਆਲਾ ਲਈ ਵੀ ਅਜੇਹੀ ਵਚਨਵੱਧਤਾ ਹੁੰਦੀ ਜਿਹੋ-ਜਿਹੀ ਆਸ਼ਨਾਈ ਤੇ ਵਚਨਵੱਧਤਾ, ਉਸਦੀ ਮਹਿਲਾ ਮਿੱਤਰ ਅਰੂਸਾ ਆਲਮ ਪ੍ਰਤੀ ਹੈ, ਪਤਾ ਨਹੀਂ ਇਸ ਪਾਕਿਸਤਾਨਣ ‘ਪਟਰਾਣੀ’ ਨੇ ਕਿਹੜੀ ‘ਗਿੱਦੜ ਸਿੰਗੀ’ ਸੁੰਘਾ ਛੱਡੀ ਹੈ ਕਿ ਉਸਦਾ ਹੀ ਹੋ ਬੈਠਾ ਹੈ, ਇਹ ਪੰਜਾਬ ਦੀ ਵੱਡੀ ਬਦਕਿਸਮਤੀ ਨਹੀਂ ਤਾਂ ਹੋਰ ਕੀ ਹੈ?’’ ਇੱਥੇ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਵਿਚਾਰ ਮੇਰੇ ਨਹੀਂ ਹਨ ਸਗੋਂ ਇਹ ਤਾਂ ‘ਆਵਾਜ਼-ਏ-ਖ਼ਲਕ’ ਹੈ ਜੋ ਅੱਜ ਹਰ ਬਸ਼ਰ ਦੀ ਜ਼ੁਬਾਨ ਤੇ ਹੈ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਇਹ ਤੱਥ ਵੀ ਕਿੰਨਾ ਹੈਰਾਨੀ ਜਨਕ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਰਾਜ ਦਾ ਮੁੱਖ ਮੰਤਰੀ ਹੁੰਦੇ ਹੋਏ, ਤਿੰਨ ਮਹੀਨੇ ਦੇ ਲੰਬੇ ਅਰਸੇ ਵਿੱਚ, ਪੰਜਾਬ ਪ੍ਰਾਂਤ ਵਿੱਚ ਕੇਵਲ ਇੱਕ ਫੇਰਾ ਹੀ ਪਾਇਆ ਹੈ ਤੇ ਉਹ ਵੀ ਸ਼ਾਇਦ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾ ਵਾਸਤੇ ਉਸ ਨੂੰ ਮਜਬੂਰਨ ਜਾਣਾ ਪਿਆ। ਇਹ ਵੱਖਰੀ ਗੱਲ ਹੈ ਕਿ ਕੈਪਟਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ, ਕਰਜ਼ੇ ਦੇ ਮਾਰੇ ਪੰਜਾਬ ਦੇ ਲੱਗਪੱਗ 78 ਮਜਬੂਰ ਕਿਸਾਨ, ਆਤਮ ਹੱਤਿਆ ਕਰ ਚੁੱਕੇ ਹਨ। ਸ਼ਰਮ ਦੀ ਗੱਲ ਤਾਂ ਇਹ ਹੈ ਕਿ ਨਾ ਤਾਂ ਕੈਪਟਨ ਖੁਦ ਤੇ ਨਾ ਹੀ ਉਸਦਾ ਕੋਈ ਵਜ਼ੀਰ ਤੇ ਨਾ ਹੀ ਉਸਦੇ ਸਲਾਹਕਾਰਾਂ ਅਤੇ ਵਿਸ਼ੇਸ਼ ਕਾਰਜ ਅਫਸਰਾਂ ਦੀ ‘ਫੌਜ’’ ਵਿੱਚੋਂ ਹੀ, ਕਿਸੇ ਨੇ ਇਨ੍ਹਾਂ ਪੀੜਤ ਕਿਸਾਨ ਪਰਿਵਾਰਾਂ ਦੀ ਸਾਰ ਲੈਣ ਦੀ ਖੇਚਲ ਕੀਤੀ ਹੈ।ਪੰਜਾਬ ਸਰਕਾਰ ਵੱਲੋਂ ਕੋਈ ਮਾਲੀ ਇਮਦਾਦ ਜਾਂ ਕਿਸੇ ਕਿਸਮ ਦੀ ਢਾਰਸ ਦੇਣ ਲਈ ਵੀ, ਕੋਈ ਹੁਣ ਤੱਕ ਨਹੀਂ ਪੁੱਜਾ ਹੈ।