
ਪਾਣੀ ਦੀ ਘਾਟ ਕਾਰਨ ਲੋਕਾਂ ਵਿੱਚ ਹਾਹਾਕਾਰ, ਟੈਂਕਰਾਂ ਰਾਹੀਂ ਕੀਤਾ ਜਾ ਰਿਹਾ ਹੈ ਆਰਜ਼ੀ ਪਾਣੀ ਦਾ ਪ੍ਰਬੰਧ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ:
ਮੁਹਾਲੀ ਦੇ ਫੇਜ਼ 3ਬੀ 2 ਵਿਚ ਪਾਣੀ ਦੀ ਸਪਲਾਈ ਦਾ ਇੰਨਾ ਬੁਰਾ ਹਾਲ ਹੈ ਕਿ ਉਪਰਲੀਆਂ ਮੰਜ਼ਿਲਾਂ ਉਪਰ ਤਾਂ ਪਾਣੀ ਚੜਦਾ ਹੀ ਨਹੀਂ, ਹੇਠਲੀਆਂ ਮਜਿਲਾਂ ਉਪਰ ਵੀ ਪਾਣੀ ਦਾ ਪ੍ਰੈਸਰ ਕਾਫੀ ਘੱਟ ਹੁੰਦਾ ਹੈ। ਜਿਸ ਕਾਰਨ ਇਸ ਇਲਾਕੇ ਦੇ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ। ਪਾਣੀ ਦੇ ਪ੍ਰਬੰਧ ਲਈ ਲੋਕਾਂ ਨੂੰ ਹੁਣ ਪਾਣੀ ਵਾਲੇ ਟੈਂਕਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। 3 ਬੀ 2 ਦੀ ਮਾਰਕੀਟ ਵਿਚ ਸਥਿਤ ਸ਼ੋਅਰੂਮਾਂ ਵਿੱਚ ਪਿਛਲੇ ਤਿੰਨ ਦਿਨਾਂ ਤੋੱ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਸ਼ੋਰੂਮ ਮਾਲਕਾਂ ਤੇ ਸੰਚਾਲਕਾਂ ਨੂੰ ਵੀ ਪਾਣੀ ਦੀ ਪ੍ਰਾਪਤੀ ਲਈ ਟੈਂਕਰਾਂ ਦਾ ਸਹਾਰਾ ਲੈਣਾ ਪੈ ਰਿਹਾ ਅਤੇ ਟੈਕਰਾਂ ਵਾਲਿਆਂ ਦੀ ਚਾਂਦੀ ਹੋ ਰਹੀ ਹੈ। ਪਾਣੀ ਦੇ ਟੈਕਰਾਂ ਵਾਲੇ ਮਨਮਰਜੀ ਦੇ ਦਾਮ ਵਸੂਲ ਰਹੇ ਹਨ ਅਤੇ ਇਸ ਕਾਰਣ ਇਸ ਇਲਾਕੇ ਦੇ ਲੋਕਾਂ ਉਪਰ ਦੋਹਰੀ ਮਾਰ ਪੈ ਰਹੀ ਹੈ।
ਮਾਰਕੀਟ ਦੇ ਦੁਕਾਨਦਾਰ ਅਮਰੀਕ ਸਿੰਘ ਸਾਜਨ ਕਹਿੰਦੇ ਹਨ ਕਿ ਟੈਂਕਰ ਵਾਲੇ 1200 ਰੁਪਏ ਮੰਗਦੇ ਹਨ ਅਤੇ ਮਜਬੂਰੀ ਵਿੱਚ ਇਹ ਰਕਮ ਖਰਚ ਕਰਨੀ ਪੈਂਦੀ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਵਲੋੱ ਸ਼ਹਿਰ ਵਾਸੀਆਂ ਤੋਂ ਟੈਕਸਾਂ ਦੀ ਵਸੂਲੀ ਤਾਂ ਭਰਪੂਰ ਕੀਤੀ ਜਾਂਦੀ ਹੈ ਪ੍ਰੰਤੂ ਨਾਗਰਿਕਾਂ ਨੂੰ ਕੋਈ ਸੁਵਿਧਾ ਨਹੀਂ ਦਿੱਤੀ ਜਾਂਦੀ। ਪਿਛਲੇ ਕਈ ਸਾਲਾਂ ਤੋੱ ਹਰ ਸਾਲ ਗਰਮੀਆਂ ਦੇ ਮੌਸਮ ਵਿੱਚ ਪੂਰੇ ਸ਼ਹਿਰ ਵਿਚ ਹੀ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਆ ਜਾਂਦੀ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇੱ ਕਿ ਪ੍ਰਸ਼ਾਸਨ ਵਲੋੱ ਪਾਣੀ ਦੀ ਘਾਟ ਦੂਰ ਕਰਨ ਲਈ ਦਾਅਵੇ ਬਹੁਤ ਕੀਤੇ ਜਾਂਦੇ ਹਨ ਪਰ ਫਿਰ ਵੀ ਹਰ ਸਾਲ ਹੀ ਗਰਮੀਆਂ ਵਿਚ ਪਾਣੀ ਦੀ ਘਾਟ ਬਹੁਤ ਵੱਡੇ ਪੱਧਰ ਉਪਰ ਆ ਜਾਂਦੀ ਹੈ,ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।