
ਪਿੰਡ ਕੁੰਭੜਾ ਦੀ ਫਿਰਨੀ ਦਾ ਬੁਰਾ ਹਾਲ, ਲੋਕ ਤੰਗ ਪ੍ਰੇਸ਼ਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ,30 ਜੂਨ:
ਸਥਾਨਕ ਸੈਕਟਰ-68 ਵਿੱਚ ਪੈਂਦੇ ਪਿੰਡ ਕੁੰਭੜਾ ਦੀ ਫਿਰਨੀ ਵਾਲੀ ਸੜਕ ਦਾ ਬਹੁਤ ਬੁਰਾ ਹਾਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਵਸਨੀਕਾਂ ਨੇ ਦਸਿਆ ਕਿ ਇਹ ਸੜਕ ਥਾਂ-ਥਾਂ ਤੋੱ ਟੁੱਟੀ ਪਈ ਹੈ। ਇਸ ਸੜਕ ਉਪਰ ਹਰ ਸਮੇਂ ਹੀ ਪਾਣੀ ਖੜਾ ਰਹਿੰਦਾ ਹੈ। ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ। ਕਈ ਥਾਵਾਂ ਉਪਰ ਕਈ ਕਈ ਫੁੱਟ ਚੌੜੇ ਟੋਏ ਪਏ ਹੋਏ ਹਨ। ਹਰ ਸਮੇਂ ਹੀ ਸੜਕ ਉੱਪਰ ਚਿਕੜ ਫੈਲਿਆ ਰਹਿੰਦਾ ਹੈ। ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਪਿੰਡ ਵਿੱਚ ਤਿੰਨ ਮਿਉੱਸਪਲ ਕੌਂਸਲਰ ਹਨ ਪਰ ਉਹਨਾਂ ਵੱਲੋਂ ਵੀ ਇਸ ਸੜਕ ਦੀ ਸਾਰ ਨਹੀਂ ਲਈ ਜਾ ਰਹੀ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਵਲੋੱ ਸ਼ਹਿਰ ਵਾਸੀਆਂ ਨੂੰ ਤਾਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਪਰ ਜਿਹਨਾਂ ਪਿੰਡਾਂ ਦੀ ਜਮੀਨ ਤੇ ਇਹ ਸ਼ਹਿਰ ਵਸਿਆ ਹੈ, ਉਹਨਾਂ ਪਿੰਡਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਗ੍ਰੇਸ਼ੀਅਨ ਹਸਪਤਾਲ ਨੇੜੇ ਅਤੇ ਪੂਨੀਆ ਪ੍ਰਾਪਰਟੀ ਨੇੜੇ ਇਸ ਸੜਕ ਦਾ ਬਹੁਤ ਬੁਰਾ ਹਾਲ ਹੈ ਅਤੇ ਉਥੇ ਕਈ ਫੁੱਟ ਚੌੜੇ ਖੱਡੇ ਪਏ ਹੋਏ ਹਨ। ਉਹਨਾਂ ਮੰਗ ਕੀਤੀ ਕਿ ਪਿੰਡ ਕੁੰਭੜਾ ਦੀ ਫਿਰ ਨੀ ਦੀ ਹਾਲਤ ਸੁਧਾਰੀ ਜਾਵੇ।
ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਕਹਿਣ ਨੂੰ ਤਾਂ ਪਿੰਡ ਕੁੰਭੜਾ ਵਿੱਚ ਤਿੰਨ ਤਿੰਨ ਕੌਂਸਲਰ ਹਨ ਪਰ ਇਸ ਦੇ ਬਾਵਜੂਦ ਪਿੰਡ ਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੀ ਫਿਰਨੀ ਦਾ ਬੂਰਾ ਹਾਲ ਹੈ। ਜਲ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਫਿਰਨੀ ਨਾਲ ਕਾਫੀ ਪਹਿਲਾਂ ਐਨ.ਕੇ. ਸ਼ਰਮਾ ਨੇ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ ਸੀ ਲੇਕਿਨ ਹੁਣ ਤੱਕ ਉਸਾਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਪਿੰਡ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ ਅਤੇ ਹੁਣ ਕੈਪਟਨ ਸਰਕਾਰ ਵੀ ਪਿੰਡ ਦੇ ਵਿਕਾਸ ਲਈ ਤਵੱਜੋਂ ਨਹੀਂ ਦੇ ਰਹੀ ਹੈ।