ਪੰਜਾਬ ਵਿੱਚ ਭ੍ਰਿਸ਼ਟਾਚਾਰੀ ਨਿਜ਼ਾਮ ਬਦਲਣ ਲਈ ਲੋਕਾਂ ਕੋਲ ਹੁਣ ਸੁਨਹਿਰਾ ਮੌਕਾ: ਕੁਲਵੰਤ ਸਿੰਘ

ਆਪ ਉਮੀਦਵਾਰ ਕੁਲਵੰਤ ਸਿੰਘ ਨੇ ਚੋਣ ਮੁਹਿੰਮ ਭਖਾਈ, ਕਈ ਪਿੰਡਾਂ ਵਿੱਚ ਕੀਤੀਆਂ ਚੋਣ ਮੀਟਿੰਗਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਤੇਜ਼ ਕਰਦਿਆਂ ਨੇੜਲੇ ਪਿੰਡ ਬੈਰੋਂਪੁਰ, ਭਾਗੋਮਾਜਰਾ ਅਤੇ ਬਾਕਰਪੁਰ ਸਮੇਤ ਹੋਰ ਵੱਖ-ਵੱਖ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਪੁਰਾਣੀ ਰਵਾਇਤੀ ਪਾਰਟੀਆਂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਪਰਖ ਕੇ ਦੇਖ ਚੁੱਕੇ ਹਨ। ਇਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਵਿਕਾਸ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਸਥਾਈ ਹੱਲ ਕਰਨ ਦੀ ਥਾਂ ਸਿਰਫ਼ ਤੇ ਸਿਰਫ਼ ਆਪਣੇ ਪਰਿਵਾਰਾਂ ਨੂੰ ਤਰਜ਼ੀਹ ਦਿੱਤੀ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਇਸ ਵਾਰ ਲੋਕਾਂ ਕੋਲ ਪੰਜਾਬ ਵਿੱਚ ਭ੍ਰਿਸ਼ਟਾਚਾਰੀ ਨਿਜ਼ਾਮ ਬਦਲਣ ਲਈ ਬਹੁਤ ਸੁਨਹਿਰਾ ਮੌਕਾ ਹੈ ਅਤੇ ਆਮ ਆਦਮੀ ਪਾਰਟੀ ਤੀਜੇ ਬਦਲ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਮਾਨਦਾਰੀ ਨਾਲ ਵੀ ਸਰਕਾਰਾਂ ਚਲਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੁਰਾਣੀ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਆਜ਼ਾਦੀ ਤੋਂ ਬਾਅਦ 75 ਸਾਲਾਂ ਵਿੱਚ ਪੰਜਾਬ ਦੀ ਸਿੱਖਿਆ ਅਤੇ ਸਿਹਤ ਸਿਸਟਮ ਵਿੱਚ ਸੁਧਾਰ ਨਹੀਂ ਲਿਆਂਦਾ। ਜਿਸ ਕਾਰਨ ਉਕਤ ਤਿੰਨੇ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਸਿਹਤ ਅਤੇ ਸਿੱਖਿਆ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਸਗੋਂ ਸਮਾਜ ਸੇਵੀ ਵਿਅਕਤੀਆਂ ਤੋਂ ਸਕੂਲਾਂ ਦੀਆਂ ਕੰਧਾਂ ’ਤੇ ਰੰਗ ਕਰਵਾ ਕੇ ਸਿੱਖਿਆ ਸੁਧਾਰ ਦੇ ਫੋਕੇ ਅਤੇ ਝੂਠੇ ਦਾਅਵੇ ਕੀਤੇ ਗਏ ਜਦੋਂਕਿ ਜ਼ਮੀਨੀ ਹਕੀਕਤ ਕੋਹਾਂ ਦੂਰ ਹੈ।

ਇਸ ਮੌਕੇ ਸਮਾਜ ਸੇਵੀ ਬਲਰਾਜ ਸਿੰਘ ਗਿੱਲ, ਛੱਜਾ ਸਿੰਘ ਕੁਰੜੀ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਆਜ਼ਾਦ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਫੂਲਰਾਜ ਸਿੰਘ, ਸੁਰਿੰਦਰ ਸਿੰਘ ਰੋਡਾ, ਹਰਪਾਲ ਸਿੰਘ ਚੰਨਾ, ਆਰਪੀ ਸ਼ਰਮਾ, ਅਕਵਿੰਦਰ ਸਿੰਘ ਗੋਸਲ, ਹਰਬਿੰਦਰ ਸਿੰਘ ਸੈਣੀ, ਜਸਪਾਲ ਸਿੰਘ ਮਟੌਰ ਸਮੇਤ ਹੋਰ ਮੋਹਤਬਰ ਵਿਅਕਤੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …