
ਪਿਛਲੇ 15 ਦਿਨਾਂ ਤੋਂ ਫੇਜ਼-9 ਵਿੱਚ ਲੋਕਾਂ ਨੂੰ ਨਹੀਂ ਮਿਲ ਰਿਹਾ ਲੋੜ ਅਨੁਸਾਰ ਪਾਣੀ: ਮੇਅਰ
ਮੇਅਰ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ, ਫੌਰੀ ਪਾਣੀ ਦੀ ਸਪਲਾਈ ਚਾਲੂ ਕਰਨ ਲਈ ਕਿਹਾ
ਨਬਜ਼-ਏ-ਪੰਜਾਬ, ਮੁਹਾਲੀ, 28 ਅਪਰੈਲ:
ਮੁਹਾਲੀ ਦੇ ਫੇਜ਼-9 ਦੇ ਕੁਝ ਹਿੱਸੇ ਵਿੱਚ ਪਿਛਲੇ ਕਰੀਬ 15 ਦਿਨਾਂ ਤੋਂ ਲੋੜ ਅਨੁਸਾਰ ਪੀਣ ਵਾਲਾ ਪਾਣੀ ਨਾ ਮਿਲਣ ਖਪਤਕਾਰ ਕਾਫ਼ੀ ਅੌਖੇ ਹਨ। ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਫੇਜ਼-9 ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਕੌਂਸਲਰ ਕਮਲਪ੍ਰੀਤ ਸਿੰਘ ਬਨੀ ਵੀ ਮੌਜੂਦ ਸਨ। ਇਲਾਕੇ ਦੇ ਕੌਂਸਲਰ ਕਮਲਪ੍ਰੀਤ ਬਨੀ ਨੇ ਮੇਅਰ ਜੀਤੀ ਸਿੱਧੂ ਦੇ ਧਿਆਨ ਵਿੱਚ ਲਿਆਂਦਾ ਕਿ ਪਿਛਲੇ ਦੋ ਹਫ਼ਤੇ ਤੋਂ ਇੱਥੇ ਉੱਪਰਲੀਆਂ ਮੰਜ਼ਲਾਂ ’ਤੇ ਪਾਣੀ ਨਹੀਂ ਜਾ ਰਿਹਾ। ਜਿਹੜਾ ਪਾਣੀ ਆ ਰਿਹਾ ਹੈ, ਉਹ ਗੰਧਲਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਸਭ ਤੋਂ ਵੱਡੀ ਸਮੱਸਿਆ ਮੋਟਰ ਵਾਰ-ਵਾਰ ਸੜ ਜਾਂਦੀ ਹੈ, ਜਿਸ ਕਾਰਨ ਪਾਣੀ ਦੀ ਸਪਲਾਈ ਬੰਦ ਹੋ ਜਾਂਦੀ ਹੈ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਪਾਣੀ ਦਾ ਪ੍ਰੈਸ਼ਰ ਬਹੁਤ ਘੱਟ ਹੈ। ਉਨ੍ਹਾਂ ਜਲ ਸਪਲਾਈ ਵਿਭਾਗ ਦੇ ਐਕਸੀਅਨ ਨੂੰ ਜ਼ੋਰ ਦੇ ਕੇ ਆਖਿਆ ਕਿ ਗਰਮੀ ਦੇ ਮੌਸਮ ਮੱਦੇਨਜ਼ਰ ਹਰੇਕ ਜਗ੍ਹਾ ਇੱਕ-ਇੱਕ ਮੋਟਰ ਵਾਧੂ ਹੋਣੀ ਚਾਹੀਦੀ ਹੈ ਤਾਂ ਜੋ ਐਮਰਜੈਂਸੀ ਪੈਣ ’ਤੇ ਉਸ ਨੂੰ ਵਰਤੋਂ ਵਿੱਚ ਲਿਆ ਜਾ ਸਕੇ। ਉਨ੍ਹਾਂ ਐਕਸੀਐਨ ਨੂੰ ਕਿਹਾ ਕਿ ਇਸ ਸਬੰਧੀ ਐਸਟੀਮੇਟ ਬਣਾ ਕੇ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇੱਥੇ ਦੋ ਸਾਲ ਤੋਂ ਜਨਰੇਟਰ ਪਿਆ ਹੈ ਪਰ ਚੱਲਦਾ ਨਹੀਂ ਕਿਉਂਕਿ ਵਿਭਾਗ ਕੋਲ ਡੀਜ਼ਲ ਲਈ ਪੈਸੇ ਨਹੀਂ ਹਨ। ਮੇਅਰ ਨੇ ਅਧਿਕਾਰੀਆਂ ਨੂੰ ਕੁਆਰਟਰਲੀ ਐਸਟੀਮੇਟ ਬਣਾ ਕੇ ਭੇਜਣ ਲਈ ਕਿਹਾ ਤਾਂ ਜੋ ਲੋੜ ਪੈਣ ’ਤੇ ਜਨਰੇਟਰ ਚਾਲੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਨਾਲ ਗੱਲ ਕਰਕੇ ਫੇਜ਼-9 ਦੇ ਜਲ-ਘਰ ਨੂੰ ਹੌਟਲਾਈਨ ਨਾਲ ਜੋੜਨ ਦੀ ਅਪੀਲ ਕੀਤੀ ਜਾਵੇਗੀ।