
ਰੁੜਕਾ-ਕੰਬਾਲੀ ਤੇ ਚੱਪੜਚਿੜੀ ਸੜਕ ਟੁੱਟਣ ਕਾਰਨ ਲੋਕਾਂ ਦਾ ਮੁਹਾਲੀ ਨਾਲ ਸੰਪਰਕ ਟੁੱਟਿਆ
ਪਿੰਡ ਰੁੜਕਾ ਦੇ ਕਈ ਪਰਿਵਾਰ ਐਰੋਸਿਟੀ ’ਚ ਕਿਰਾਏ ’ਤੇ ਰਹਿਣ ਲਈ ਮਜਬੂਰ
ਨਬਜ਼-ਏ-ਪੰਜਾਬ, ਮੁਹਾਲੀ, 13 ਜੁਲਾਈ:
ਪਿਛਲੇ ਦਿਨੀਂ ਹੋਈ ਲਗਾਤਾਰ ਤੇਜ਼ ਬਾਰਸ਼ ਨੇ ਮੁਹਾਲੀ ਹਲਕੇ ਵਿੱਚ ਤਬਾਹੀ ਮਚਾ ਕੇ ਰੱਖ ਦਿੱਤੀ ਹੈ। ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਤੋਂ ਮੁਹਾਲੀ ਪਹੁੰਚ ਸੜਕ ਅਤੇ ਪਿੰਡ ਰੁੜਕਾ-ਕੰਬਾਲੀ ਲਿੰਕ ਸੜਕ ਵਿੱਚ ਵੱਡਾ ਪਾੜ ਪੈ ਜਾਣ ਨਾਲ ਇਨ੍ਹਾਂ ਪਿੰਡਾਂ ਦਾ ਮੁਹਾਲੀ ਨਾਲ ਸਿੱਧਾ ਸੰਪਰਕ ਟੁੱਟ ਗਿਆ ਹੈ। ਇਨ੍ਹਾਂ ਪਿੰਡਾਂ ਵਸਨੀਕਾਂ ਨੂੰ ਸ਼ਹਿਰ ਆਉਣ ਲਈ ਲੰਬਾ ਪੈਂਡਾ ਤੈਅ ਕਰਨਾ ਪੈ ਰਿਹਾ ਹੈ। ਮੀਂਹ ਦਾ ਪਾਣੀ ਜਮ੍ਹਾ ਹੋਣ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਬਦਬੂ ਫੈਲ ਗਈ ਹੈ। ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ।
ਮੁਹਾਲੀ ਨੇੜਲੇ ਪਿੰਡ ਰੁੜਕਾ ਦੇ ਕਰੀਬ ਦੋ ਦਰਜਨ ਘਰ ਨੁਕਸਾਨੇ ਗਏ ਹਨ। ਪਿੰਡ ਵਾਸੀ ਗੁਰਤੇਜ ਸਿੰਘ, ਨਿਰਮੈਲ ਸਿੰਘ ਅਤੇ ਹਰਮਨਜੀਤ ਸਿੰਘ ਆਪਣੇ ਪਰਿਵਾਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਐਰੋਸਿਟੀ ਵਿੱਚ ਕਿਰਾਏ ਦੇ ਮਕਾਨਾਂ ਵਿੱਚ ਆ ਕੇ ਰਹਿਣ ਲੱਗ ਪਏ ਹਨ। ਜਦੋਂਕਿ ਕਈ ਪਰਿਵਾਰ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਹਨ ਅਤੇ ਕੁੱਝ ਕੁ ਪਿੰਡ ਦੇ ਦੂਜੇ ਬੰਨ੍ਹੇ ਉੱਚੇ ਪਾਸੇ ਜਾ ਕੇ ਰਹਿਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਮੀਂਹ ਦੇ ਪਾਣੀ ਦੀ ਮਾਰ ਹੇਠ ਆਏ ਮਕਾਨਾਂ ਵਿੱਚ ਤਰੇੜਾਂ ਪੈ ਗਈਆਂ ਹਨ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਕਈ ਦਿਨ ਮੀਂਹ ਦਾ ਪਾਣੀ ਖੜਾ ਰਹਿਣ ਕਾਰਨ ਬਦਬੂ ਫੈਲ ਗਈ ਹੈ ਅਤੇ ਇੱਥੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਗੁਰਤੇਜ ਸਿੰਘ ਅਤੇ ਅਮਨ ਰੁੜਕਾ ਨੇ ਦੱਸਿਆ ਕਿ ਰੁੜਕਾ-ਕੰਬਾਲੀ ਲਿੰਕ ਸੜਕ ਟੁੱਟ ਜਾਣ ਕਾਰਨ ਉਨ੍ਹਾਂ ਨੂੰ ਜਗਤਪੁਰਾ ਵਾਲੇ ਪਾਸਿਓਂ ਸ਼ਹਿਰ ਆਉਣਾ ਪੈਂਦਾ ਹੈ ਅਤੇ ਜੇਕਰ ਜਲਦੀ ਸੜਕ ਦੀ ਮੁਰੰਮਤ ਨਾ ਕੀਤੀ ਗਈ ਤਾਂ 16 ਜੁਲਾਈ ਤੋਂ ਬਾਅਦ ਬੱਚਿਆਂ ਨੂੰ ਸਰਕਾਰੀ ਸਕੂਲ ਕੰਬਾਲੀ ਵਿੱਚ ਪੜ੍ਹਨ ਆਉਣ ਵਿੱਚ ਮੁਸ਼ਕਲ ਆਵੇਗੀ। ਕਿਉਂਕਿ ਉਨ੍ਹਾਂ ਦੇ ਪਿੰਡ ਵਿੱਚ ਸਿਰਫ਼ ਪੰਜਵੀਂ ਤੱਕ ਹੀ ਸਕੂਲ ਹੈ। ਅਗਲੀ ਪੜ੍ਹਾਈ ਲਈ ਕੰਬਾਲੀ ਸਕੂਲ ਵਿੱਚ ਜਾਣਾ ਪੈਂਦਾ ਹੈ।
ਪਿੰਡ ਚੱਪੜਚਿੜੀ ਕਲਾਂ ਦੇ ਸਾਬਕਾ ਸਰਪੰਚ ਸੋਹਨ ਸਿੰਘ ਤੇ ਗੁਰਮੇਲ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਚੱਪੜਚਿੜੀ ਤੋਂ ਮੁਹਾਲੀ ਪਹੁੰਚ ਸੜਕ ਵਿੱਚ ਪਾੜ ਪੈ ਗਿਆ ਹੈ। ਜਿਸ ਕਾਰਨ ਪਿੰਡ ਵਾਸੀਆਂ ਦਾ ਮੁਹਾਲੀ ਨਾਲ ਸੰਪਰਕ ਟੁੱਟ ਗਿਆ ਹੈ। ਹਾਲਾਂਕਿ ਉਨ੍ਹਾਂ ਦਾ ਪਿੰਡ ਮੁਹਾਲੀ ਤੋਂ ਮਹਿਜ ਦੋ ਕੁ ਕਿੱਲੋਮੀਟਰ ਦੀ ਦੂਰੀ ’ਤੇ ਹੈ ਲੇਕਿਨ ਹੁਣ ਉਨ੍ਹਾਂ ਨੂੰ ਲਾਂਡਰਾਂ ਚੌਕ ਰਾਹੀਂ ਲੰਬਾ ਪੈਂਡਾ ਤੈਅ ਕਰਕੇ ਸ਼ਹਿਰ ਆਉਣਾ ਪੈ ਰਿਹਾ ਹੈ। ਇਸੇ ਤਰ੍ਹਾਂ ਲਾਂਡਰਾਂ-ਖਰੜ ਮੁੱਖ ਸੜਕ ਤੋਂ ਚੱਪੜਚਿੜੀ ਨੂੰ ਆਉਂਦੀ ਸੜਕ ਵਿੱਚ ਥਾਂ-ਥਾਂ ਤੋਂ ਟੁੱਟੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕ ਦੀ ਫੌਰੀ ਮੁਰੰਮਤ ਕਰਵਾਈ ਜਾਵੇ।
ਬਸਪਾ ਆਗੂ ਜਸਵਿੰਦਰ ਸਿੰਘ ਝਿਊਰਹੇੜੀ ਨੇ ਪੰਜਾਬ ਸਰਕਾਰ ਅਤੇ ਮੁਹਾਲੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਦਵਾਈ ਦਾ ਛਿੜਕਾਅ ਕੀਤਾ ਜਾਵੇ ਅਤੇ ਮੀਂਹ ਦੇ ਪਾਣੀ ਨਾਲ ਟੁੱਟੀਆਂ ਸੜਕਾਂ ਦੀ ਫੌਰੀ ਮੁਰੰਮਤ ਕਰਵਾ ਕੇ ਆਵਾਜਾਈ ਚਾਲੂ ਕੀਤੀ ਜਾਵੇ ਅਤੇ ਪਾਣੀ ਵਿੱਚ ਕਲੋਰੀਨ ਮਿਲਾ ਕੇ ਸਪਲਾਈ ਕੀਤਾ ਜਾਵੇ ਤਾਂ ਜੋ ਪੀੜਤ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।