ਮੁਹਾਲੀ, ਖਰੜ ਤੇ ਆਸਪਾਸ ਪਿੰਡਾਂ ਵਿੱਚ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਲੋਕ ਦੁਖੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੂਨ:
ਪੰਜਾਬ ਦੀ ਰਾਜਧਾਨੀ ਦੀ ਚੰਡੀਗੜ੍ਹ ਦੀ ਜੂਹ ਵਿੱਚ ਵਸਦੇ ਆਈਟੀ ਸਿਟੀ ਮੁਹਾਲੀ ਅਤੇ ਖਰੜ ਸ਼ਹਿਰ ਸਮੇਤ ਨੇੜਲੇ ਪਿੰਡਾਂ ਵਿੱਚ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਲੋਕ ਬੇਹੱਦ ਤੰਗ ਪ੍ਰੇਸ਼ਾਨ ਹਨ। ਖਰੜ ਦੇ ਰੰਧਾਵਾ ਰੋਡ ਅਤੇ ਅਨਾਜ ਮੰਡੀ ਫੀਡਰ ਅਧੀਨ ਆਉਂਦੇ ਇਲਾਕੇ ਵਿੱਚ ਸਨਿੱਚਰਵਾਰ ਰਾਤ ਭਰ ਵੀ ਬਿਜਲੀ ਗੁੱਲ ਰਹਿਣ ਵਾਲੇ ਪਤਾ ਲੱਗਾ ਹੈ। ਪੀੜਤ ਲੋਕ ਸ਼ਿਕਾਇਤਾਂ ਕਰਦੇ ਰਹੇ ਪਰ ਲੋਕਾਂ ਦੀ ਕਿਸੇ ਨੇ ਪੁਕਾਰ ਨਹੀਂ ਸੁਣੀ।
ਤੱਪਦੀ ਗਰਮੀ ਦੇ ਮੌਸਮ ਵਿੱਚ ਬਿਜਲੀ ਨਾ ਹੋਣ ਕਾਰਨ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਸਰਕਾਰੀ ਹਸਪਤਾਲ ਮੁਹਾਲੀ ਵਿੱਚ ਬੀਤੇ ਦਿਨੀਂ ਬਿਜਲੀ ਨਾ ਹੋਣ ਕਾਰਨ ਮਰੀਜ਼ਾਂ ਨੂੰ ਐਕਸ-ਰੇਅ ਅਤੇ ਹੋਰ ਟੈੱਸਟ ਕਰਵਾਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਕ ਮਰੀਜ਼ ਨੂੰ ਹਸਪਤਾਲ ਤੋਂ ਬਾਹਰ ਜਾ ਕੇ ਗੁਰਦੁਆਰਾ ਸਾਚਾ ਧਨ ਸਾਹਿਬ ਫੇਜ਼-3ਬੀ1ਵਿੱਚ ਚੱਲਦੀ ਡਿਸਪੈਂਸਰੀ ਵਿੱਚ ਜਾ ਕੇ ਆਪਣੇ ਪੈਰ ਦਾ ਐਕਸ-ਰੇਅ ਕਰਵਾਉਣਾ ਪਿਆ। ਪਿਛਲੇ ਕਈ ਦਿਨਾਂ ਤੋਂ ਲੋਕ ਬਿਜਲੀ ਦੇ ਅਣਐਲਾਨੇ ਕੱਟਾਂ ਦੀ ਸਮੱਸਿਆ ਨਾਲ ਜੂਝ ਰਹੇ ਹਨ। ਲੰਘੀ ਰਾਤ ਅਤੇ ਅੱਜ ਸਵੇਰ ਤੋਂ ਬਿਜਲੀ ਗੁੱਲ ਸੀ। ਜਿਸ ਕਾਰਨ ਇਨਵਟਰ ਵੀ ਜਵਾਬ ਦੇ ਗਏ। ਸ਼ਾਮ ਨੂੰ ਕਰੀਬ 6 ਵਜੇ ਬਿਜਲੀ ਸਪਲਾਈ ਬਹਾਲ ਹੋਈ ਹੈ।
ਉਧਰ, ਪਾਵਰ ਬਿਜਲੀ ਨਾ ਮਿਲਣ ਕਾਰਨ ਫਸਲਾਂ ਅਤੇ ਸਬਜ਼ੀਆਂ ਵੀ ਸੁੱਕ ਰਹੀਆਂ ਹਨ। ਜਿਸ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਨਜ਼ਦੀਕੀ ਪਿੰਡ ਭਾਗੋਮਾਜਰਾ ਵਿੱਚ ਬਿਜਲੀ ਨਾ ਹੋਣ ਕਾਰਨ ਬਜ਼ੁਰਗਾਂ ਅਤੇ ਬੱਚਿਆਂ ਨੂੰ ਬੇਹਾਲ ਹੁੰਦੇ ਦੇਖਿਆ ਗਿਆ। ਇਕ ਘਰ ਦੇ ਬਰਾਂਡੇ ਵਿੱਚ ਕੁੱਝ ਬਜ਼ੁਰਗਾਂ ਨੂੰ ਪੱਖੀਆਂ ਝੱਲਦੇ ਹੋਏ ਦੇਖਿਆ ਗਿਆ ਜਦੋਂਕਿ ਇਕ ਨੌਜਵਾਨ ਪੱਖਾ ਝੱਲ ਕੇ ਛੋਟੇ ਬੱਚੇ ਨੂੰ ਗਰਮੀ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਕੁਲਵੰਤ ਸਿੰਘ ਤ੍ਰਿਪੜੀ ਨੇ ਕਿਹਾ ਕਿ ਬਿਜਲੀ ਦੇ ਅਣਐਲਾਨੇ ਕੱਟਾਂ ਨੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਲੋੜ ਅਨੁਸਾਰ ਬਿਜਲੀ ਨਾ ਮਿਲਣ ਕਾਰਨ ਫਸਲਾਂ ਦਾ ਉਜਾੜਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਸਿੰਜਾਈ ਲਈ 8 ਘੰਟੇ ਪਾਵਰ ਬਿਜਲੀ ਸਪਲਾਈ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਮੌਜੂਦਾ ਸਮੇਂ ਵਿੱਚ ਬੜੀ ਮੁਸ਼ਕਲ ਨਾਲ 3 ਤੋਂ 4 ਘੰਟੇ ਪਾਵਰ ਬਿਜਲੀ ਸਪਲਾਈ ਮਿਲ ਰਹੀ ਹੈ। ਜਿਸ ਕਾਰਨ ਝੋਨੇ ਦੀ ਫਸਲ ਸਮੇਤ ਹਰਾ ਚਾਰਾ ਅਤੇ ਸਬਜ਼ੀਆਂ ਸੁੱਕਣ ਕਿਨਾਰੇ ਪਹੁੰਚ ਗਈਆਂ ਹਨ।
ਆਜ਼ਾਦ ਗਰੁੱਪ ਦੇ ਸਾਬਕਾ ਕੌਂਸਲਰ ਆਰਪੀ ਸ਼ਰਮਾ, ਪਰਮਜੀਤ ਸਿੰਘ ਕਾਹਲੋਂ, ਪਰਵਿੰਦਰ ਸਿੰਘ ਸੋਹਾਣਾ, ਹਰਪਾਲ ਸਿੰਘ ਚੰਨਾ ਅਤੇ ਹੋਰਨਾਂ ਨੇ ਦੱਸਿਆ ਕਿ ਕਹਿਣ ਨੂੰ ਤਾਂ ਉਹ ਆਈਟੀ ਸਿਟੀ ਮੁਹਾਲੀ ਦੇ ਵਸਨੀਕ ਹਨ ਪ੍ਰੰਤੂ ਇੱਥੇ ਬਿਜਲੀ-ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਨਾ ਮਿਲਣ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਹੈ ਅਤੇ ਬਿਜਲੀ ਦੇ ਕੱਟਾਂ ਕਾਰਨ ਸਨਅਤਾਂ ਅਤੇ ਛੋਟੇ ਕਾਰੋਬਾਰ ਬੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਸ਼ਿਕਾਇਤ ਕਰਨ ਦੇ ਬਾਵਜੂਦ ਸਮੇਂ ਸਿਰ ਸਮੱਸਿਆ ਦਾ ਹੱਲ ਨਹੀਂ ਹੁੰਦਾ ਹੈ।
ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਕੈਪਟਨ ਰਮਨਦੀਪ ਸਿੰਘ ਬਾਵਾ ਅਤੇ ਗੁਰਪ੍ਰਤਾਪ ਸਿੰਘ ਬੜੀ, ਗੁਰਮੀਤ ਸਿੰਘ ਬਾਕਰਪੁਰ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵੇਲੇ ਬਿਜਲੀ ਪੈਦਾਵਾਰ ਦੇ ਮਾਮਲੇ ਪੰਜਾਬ ਵਿੱਚ ਸਰਪਲੱਸ ਸੂਬਾ ਸੀ ਲੇਕਿਨ ਪਿਛਲੇ ਸਾਢੇ 4 ਸਾਲਾਂ ਵਿੱਚ ਕਾਂਗਰਸ ਸਰਕਾਰ ਦੇ ਸ਼ਾਸਨ ਵਿੱਚ ਇਕ ਕਿੱਲੋ ਮੈਗਾਵਾਟ ਵੀ ਬਿਜਲੀ ਦੀ ਪੈਦਾਵਾਰ ਨਹੀਂ ਹੋਈ ਹੈ। ਇਹੀ ਨਹੀਂ ਅਕਾਲੀ ਸਰਕਾਰ ਵੱਲੋਂ ਹਿੰਮਤ ਕਰਕੇ ਲਗਾਏ ਗਏ ਪੰਜ ਥਰਮਲ ਪਲਾਂਟ ਵੀ ਬੰਦ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਬੰਦ ਪਏ ਥਰਮਲ ਪਲਾਂਟਾਂ ਨੂੰ ਚਲਾ ਲਵੇ ਤਾਂ ਸੂਬੇ ਦੇ ਲੋਕਾਂ ਨੂੰ ਲੋੜ ਅਨੁਸਾਰ ਬਿਜਲੀ ਸਪਲਾਈ ਦਿੱਤੀ ਜਾ ਸਕਦੀ ਹੈ ਪ੍ਰੰਤੂ ਸਰਕਾਰ ਇਸ ਪਾਸੇ ਧਿਆਨ ਦੇਣ ਨੂੰ ਤਿਆਰ ਨਹੀਂ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…