ਅਕਾਲੀ-ਭਾਜਪਾ ਤੇ ਕਾਂਗਰਸ ਤੋਂ ਲੋਕਾਂ ਨੂੰ ਵਿਕਾਸ ਦੀ ਉਮੀਦ ਨਹੀਂ ਰੱਖਣੀ ਚਾਹੀਦੀ:ਬਲਵਿੰਦਰ ਕੁੰਭੜਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ:
ਵਿਧਾਨ ਸਭਾ ਹਲਕਾ ਮੁਹਾਲੀ ਦਾ ਪਿੰਡ ਮੌਲੀ ਬੈਦਵਾਨ ਦੇ ਲੋਕ ਅਕਾਲੀ-ਭਾਜਪਾ ਗੱਠਜੋੜ ਸਰਕਾਰ ਤੋਂ ਬੇਹੱਦ ਦੁਖੀ ਹਨ। ਜਿਹੜੀ ਪਾਰਟੀ ਦੀ ਸਰਕਾਰ ਲਗਾਤਾਰ 10 ਸਾਲਾਂ ਵਿੱਚ ਪਿੰਡਾਂ ਦੀ ਹਾਲਤ ਨਹੀਂ ਸੁਧਾਰ ਸਕੀ, ਉਸ ਤੋਂ ਭਵਿੱਖ ਵਿੱਚ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਹੈ। ਉਸ ਤੋਂ ਵੀ ਵੱਧ ਖ਼ਤਰਨਾਕ ਭੂਮਿਕਾ ਵਿਰੋਧੀ ਧਿਰ ਕਾਂਗਰਸ ਨੇ ਨਿਭਾਈ ਹੈ। ਜਿਸ ਨੇ ਮੌਲੀ ਬੈਦਵਾਨ ਵਰਗੇ ਪਿੰਡਾਂ ਦੇ ਲੋਕਾਂ ਦੇ ਮਸਲੇ ਕਦੇ ਨਹੀਂ ਚੁੱਕੇ ਹਨ। ਇਸ ਲਈ ਹੁਣ ਅਕਾਲੀ ਅਤੇ ਕਾਂਗਰਸੀ ਦੋਵੇਂ ਹੀ ਵੋਟਾਂ ਦੇ ਹੱਕਦਾਰ ਨਹੀਂ ਹਨ। ਇਹ ਵਿਚਾਰ ਡੈਮੋਕ੍ਰੇਟਿਕ ਸਵਰਾਜ ਪਾਰਟੀ (ਡੀਸੀਪੀ) ਦੇ ਹਲਕਾ ਮੁਹਾਲੀ ਤੋਂ ਉਮੀਦਵਾਰ ਬਲਵਿੰਦਰ ਸਿੰਘ ਕੁੰਭੜਾ ਨੇ ਪਿੰਡ ਮੌਲੀ ਬੈਦਵਾਨ ਵਿੱਚ ਚੋਣ ਪ੍ਰਚਾਰ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਸ੍ਰੀ ਕੁੰਭੜਾ ਨੇ ਦੱਸਿਆ ਕਿ ਪਿੰਡ ਮੌਲ਼ੀ ਬੈਦਵਾਨ ਵਿੱਚ ਨਦੀ ਕਿਨਾਰੇ ਵੱਸੇ ਵਾਲਮੀਕ ਮੁਹੱਲੇ ਦੇ ਲੋਕਾਂ ਦੇ ਘਰ ਪਾਣੀ ਦੀ ਖਾਰ ਕਾਰਨ ਡਿੱਗਣ ਦੀ ਕਗਾਰ ’ਤੇ ਹਨ ਪ੍ਰੰਤੂ ਸਰਕਾਰ ਨੇ ਕਦੀ ਇਨ੍ਹਾਂ ਦੀ ਸਾਰ ਨਹੀਂ ਲਈ। ਇਸ ਪਿੰਡ ਵਿੱਚੋਂ ਲੰਘ ਰਿਹਾ ਗੰਦੇ ਪਾਣੀ ਦਾ ਨਾਲਾ ਖੁੱਲ੍ਹਾ ਹੋਣ ਕਾਰਨ ਹਰ ਸਮੇਂ ਗੰਦੇ ਪਾਣੀ ਦੀ ਬਦਬੋ ਕਾਰਨ ਲੋਕੀਂ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਇਸ ਪਿੰਡ ਦੇ ਕਿਸਾਨਾਂ ਬਾਰੇ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਗਮਾਡਾ ਵੱਲੋਂ ਮੋਹਾਲੀ ਸ਼ਹਿਰ ਦਾ ਵਿਕਾਸ ਕਰਨ ਲਈ ਪਿੰਡ ਦੀ ਅਕੁਆਇਰ ਕੀਤੀ ਜ਼ਮੀਨ ਦੇ ਬਹੁਤ ਸਾਰੇ ਮਾਲਿਕ ਕਿਸਾਨ ਅਜਿਹੇ ਹਨ ਜਿਨ੍ਹਾਂ ਦੀਆਂ ਜ਼ਮੀਨਾਂ ਅਕੁਆਇਰ ਹੋਣ ਦੇ ਬਾਵਜੂਦ ਵੀ ਜ਼ਮੀਨਾਂ ਦੇ ਭੁਗਤਾਨ ਨਹੀਂ ਹੋ ਸਕੇ ਅਤੇ ਬਹੁਤ ਕਿਸਾਨ ਅਜੇ ਵੀ ਅਦਾਲਤਾਂ ਵਿੱਚ ਖੱਜਲ ਖੁਆਰ ਹੋ ਰਹੇ ਹਨ।
ਸ੍ਰੀ ਕੁੰਭੜਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੋਹਾਲੀ ਦਾ ਵਿਕਾਸ ਕਰਨ ਵਾਲੀ ਏਜੰਸੀ ਗਮਾਡਾ ਦੇ ਚੇਅਰਮੈਨ ਖ਼ੁਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣ ਦੇ ਬਾਵਜੂਦ ਵੀ ਪਿੰਡਾਂ ਦੇ ਹਾਲਾਤ ਬਦ ਤੋਂ ਬਦਤਰ ਹੋਏ ਹਨ। ਸਰਕਾਰ ਨੇ ਜੋ ਵੀ ਥੋੜੇ ਬਹੁਤ ਕੰਮ ਕੀਤੇ ਤਾਂ ਉਹ ਸਿਰਫ਼ ਆਪਣੇ ਚਹੇਤਿਆਂ ਦੇ ਖੇਤਰਾਂ ਵਿਚ ਕੀਤੇ ਜਾਂ ਫਿਰ ਸਰਕਾਰੀ ਧੰਨ ਚਹੇਤਿਆਂ ਰਾਹੀਂ ਲੁੱਟਣ ਲਈ ਕੀਤੇ। ਜੇਕਰ ਮੌਲ਼ੀ ਬੈਦਵਾਨ ਦੇ ਵਿਕਾਸ ਦੀ ਗੱਲ ਕਰੀਏ ਤਾਂ ਇਹ ਕਹਿਣ ਵਿੱਚ ਵੀ ਕੋਈ ਅਤਿਕਥਨੀ ਨਹੀਂ ਕਿ ਵਿਕਾਸ ਦੇ ਮਾਮਲੇ ਵਿੱਚ ਤਾਂ ਪਿੰਡ ਵਿੱਚ ‘ਕੌਡੀ ਦੇ ਕਲੀੜੇ ਬਣ ਗਏ’। ਉਨ੍ਹਾਂ ਕਿਹਾ ਕਿ ਪਿੰਡ ਮੌਲੀ ਬੈਦਵਾਨ ਦੇ ਕੀ ਦਲਿਤ ਤੇ ਕੀ ਕਿਸਾਨ ਲਗਭਗ ਸਾਰੇ ਹੀ ਪ੍ਰੇਸ਼ਾਨ ਹਨ ਅਤੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਪਾਣੀ ਪੀ ਪੀ ਕੇ ਕੋਸ ਰਹੇ ਹਨ। ਇਸ ਮੌਕੇ ਜਸਬੀਰ ਸਿੰਘ ਮੌਲੀ, ਮੰਨਾ ਮੌਲੀ, ਜਗਤਾਰ ਸਿੰਘ, ਜੱਗਾ ਮੌਲੀ, ਮਾਸਟਰ ਫ਼ਕੀਰ ਚੰਦ, ਅਮਰੀਕ ਸਿੰਘ, ਬਾਵਾ ਮੌਲੀ, ਹਰਮੀਤ ਸਿੰਘ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਬੰਤ ਸਿੰਘ, ਗੁਰਸੇਵਕ ਸਿੰਘ, ਮਾ. ਗੁਰਚਰਨ ਸਿੰਘ, ਸੋਮਾ ਸਿੰਘ, ਬਲਿਹਾਰ ਸਿੰਘ, ਜਗਦੀਸ਼ ਸਿੰਘ, ਪ੍ਰੀਤਮ ਸਿੰਘ ਗਿੱਲ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…