ਦੇਸ਼ ਵਿੱਚ ਹਿੰਦੂ ਭਾਈਚਾਰੇ ਦੇ ਲੋਕ ਸੁਰੱਖਿਅਤ ਨਹੀਂ: ਅਰਵਿੰਦ ਗੌਤਮ

ਸ਼ਿਵ ਸੈਨਾ ਦੇ ਹਿੰਦੂ ਏਕਤਾ ਸੰਮੇਲਨ ਲਈ ਲਾਮਬੰਦੀ ਲਈ ਜ਼ਿਲ੍ਹਾ ਪੱਧਰੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਦਸੰਬਰ:
ਸ਼ਿਵ ਸੈਨਾ (ਹਿੰਦੁਸਤਾਨ) ਵੱਲੋਂ ਮੁਹਾਲੀ ਵਿੱਚ 1 ਜਨਵਰੀ ਨੂੰ ਹਿੰਦੂ ਏਕਤਾ ਸੰਮੇਲਨ ਕਰਵਾਇਆ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਅੱਜ ਮੁਹਾਲੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਸ਼ਿਵ ਸੈਨਾ ਯੂਥ ਵਿੰਗ ਦੇ ਸੂਬਾ ਪ੍ਰਧਾਨ ਅਰਵਿੰਦ ਗੌਤਮ ਨੇ ਕਿਹਾ ਪੰਜਾਬ ਸਮੇਤ ਦੇਸ਼ ਭਰ ਵਿੱਚ ਹਿੰਦੂ ਭਾਈਚਾਰੇ ਦੇ ਲੋਕ ਸੁਰੱਖਿਅਤ ਨਹੀਂ ਹਨ, ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਹੀ ਇੱਕ ਕਾਰਨ ਹੈ ਆਪਣੀ ਸੁਰੱਖਿਆ ਲਈ ਚਿੰਤਤ ਹਿੰਦੂਆਂ ਨੂੰ ਸਿਰ ਜੋੜ ਕੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਸ਼ਿਵ ਸੈਨਾ (ਹਿੰਦੁਸਤਾਨ) ਦੇ ਜ਼ਿਲ੍ਹਾ ਪ੍ਰਧਾਨ ਅਖਿਲੇਸ਼ ਸਿੰਘ ਅਤੇ ਜ਼ਿਲ੍ਹਾ ਚੇਅਰਮੈਨ ਅਸ਼ਵਨੀ ਚੌਧਰੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸ਼ਿਵ ਸੈਨਾ ਦੇ ਕਾਰਕੁਨਾਂ ਅਤੇ ਹੋਰ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਹਿੰਦੂ ਏਕਤਾ ਸੰਮੇਲਨ ਵਿੱਚ ਪਹੁੰਚਣ ਲਈ ਲਾਮਬੰਦ ਕੀਤਾ ਗਿਆ।
ਇਸ ਮੌਕੇ ਅਰਵਿੰਦ ਗੌਤਮ ਨੇ ਦੱਸਿਆ ਕਿ ਹਿੰਦੂ ਏਕਤਾ ਸੰਮੇਲਨ ਵਿੱਚ ਕੌਮੀ ਪ੍ਰਧਾਨ ਪਵਨ ਗੁਪਤਾ ਸਣੇ ਪੰਜਾਬ ਭਰ ਤੋਂ ਸ਼ਿਵ ਸੈਨਾ ਦੇ ਸੀਨੀਅਰ ਆਗੂ ਅਤੇ ਕਾਰਕੁਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਡਾਵਾਂਡੋਲ ਹੋਣ ਕਾਰਨ ਵੱਡੇ ਵਪਾਰੀ ਯੂਪੀ ਜਾਣ ਲਈ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨਾਲ ਮੁਲਾਕਾਤਾਂ ਕਰ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਇਸੇ ਤਰ੍ਹਾਂ ਹਿੰਦੂ ਸਮਾਜ ਦੇ ਦੇਵੀ ਦੇਵਤਿਆ ਦੇ ਅਪਮਾਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹਿੰਦੂ ਆਗੂਆਂ ਨੂੰ ਚੁਣ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿੰਦੂ ਏਕਤਾ ਸੰਮੇਲਨ ਮੌਕੇ ਇਨ੍ਹਾਂ ਮੁੱਦਿਆਂ ’ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਇਸ ਮੌਕੇ ਅਜੈ ਯਾਦਵ, ਰਾਕੇਸ਼ ਕੁਮਾਰ ਮੌਜੂਦ ਸਨ।

Check Also

ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ‘ਵਰਲਡ ਅਸਥਮਾ ਡੇਅ ’ਤੇ ਸੈਮੀਨਾਰ

ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ‘ਵਰਲਡ ਅਸਥਮਾ ਡੇਅ ’ਤੇ ਸੈਮੀਨਾਰ ਹਸਪਤਾਲ ਦੀ ਟੀਮ ਵੱਲੋਂ…