
ਵਿਕਾਸ ਦੀ ਅਣਦੇਖੀ: ਮੁਹਾਲੀ ਪਿੰਡ ਦੇ ਲੋਕ ਨਰਕ ਭੋਗਣ ਲਈ ਮਜਬੂਰ, ਪਿੰਡ ਵਾਸੀਆਂ ਨੂੰ ਉਮੀਦਵਾਰਾਂ ਤੋਂ ਵਿਕਾਸ ਦੀ ਉਮੀਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
ਇੱਥੋਂ ਦੇ ਫੇਜ਼-1 ਸਥਿਤ ਮੁਹਾਲੀ ਪਿੰਡ ਸਰਕਾਰੀ ਅਣਦੇਖੀ ਦਾ ਸ਼ਿਕਾਰ ਹੈ। ਮੁਹਾਲੀ ਦੇ ਬੇਸ ਇਸ ਪਿੰਡ ਦੇ ਵਿਕਾਸ ਲਈ ਨਗਰ ਨਿਗਮ ਧਿਆਨ ਨਹੀਂ ਦੇ ਰਿਹਾ ਹੈ। ਜਿਸ ਕਾਰਨ ਸਥਾਨਕ ਲੋਕ ਨਰਕ ਭੋਗਣ ਲਈ ਮਜਬੂਰ ਹਨ। ਮੁਹਾਲੀ ਪਿੰਡ ਦੀ ਸਾਬਕਾ ਕੌਂਸਲਰ ਬੀਬੀ ਦਲਜੀਤ ਕੌਰ ਅਤੇ ਕੁਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਸਫ਼ਾਈ ਵਿਵਸਥਾ ਦਾ ਬਹੁਤ ਮਾੜਾ ਹਾਲ ਹੈ। ਥਾਂ-ਥਾਂ ’ਤੇ ਗੰਦਗੀ ਫੈਲੀ ਹੋਈ ਹੈ। ਗਲੀਆਂ-ਨਾਲੀਆਂ ਵਿੱਚ ਗੰਦਾ ਪਾਣੀ ਖੜਾ ਹੋਣ ਕਾਰਨ ਕੀਚ ਜਮ੍ਹਾਂ ਹੋ ਗਈ ਹੈ ਅਤੇ ਸੜਕ ’ਤੇ ਲੋਕਾਂ ਦਾ ਲੰਘਣਾ ਦੁੱਭਰ ਹੋਇਆ ਪਿਆ ਹੈ। ਇਸ ਸਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਪਿੰਡ ਵਾਸੀਆਂ ਨੂੰ ਚੋਣਾਂ ਲੜ ਰਹੇ ਉਮੀਦਵਾਰਾਂ ਤੋਂ ਵਿਕਾਸ ਦੀ ਉਮੀਦ ਜਾਗੀ ਹੈ।
ਉਧਰ, ਸਮਾਜ ਸੇਵੀ ਆਗੂ ਅਤੁਲ ਸ਼ਰਮਾ ਨੇ ਮੁਹਾਲੀ ਪਿੰਡ ਦੇ ਆਲੇ ਦੁਆਲੇ ਸੜਕਾਂ ਕਿਨਾਰੇ ਬੇਸੁਮਾਰ ਗੰਦਗੀ ਫੈਲੀ ਹੋਈ ਹੈ। ਕੂੜੇਦਾਨ ਵੀ ਗੰਦਗੀ ਨਾਲ ਭਰੇ ਹੋਏ ਹਨ। ਅਵਾਰਾ ਪਸ਼ੂ ਕੂੜੇਦਾਨਾਂ ’ਚੋਂ ਦੂਰ ਤੱਕ ਗੰਦਗੀ ਫੈਲਾ ਦਿੰਦੇ ਹਨ। ਜਿਸ ਕਾਰਨ ਮੁੱਖ ਸੜਕ ਤੋਂ ਲੰਘਣ ਵਾਲੇ ਰਾਹਗੀਰ ਬਹੁਤ ਪ੍ਰੇਸ਼ਾਨ ਹਨ। ਕਈ ਵਾਰ ਤਾਂ ਗੰਦਗੀ ਕੋਲੋਂ ਲੰਘਣ ਵੇਲੇ ਨੱਕ ’ਤੇ ਰੁਮਾਲ ਰੱਖਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਗੰਦਗੀ ਕਾਰਨ ਬੀਮਾਰੀ ਫੈਲਣ ਦਾ ਖਤਰਾ ਵੀ ਬਣਿਆ ਹੋਇਆ ਹੈ। ਇਸ ਇਲਾਕੇ ਵਿੱਚ ਅਨੇਕਾਂ ਥਾਵਾਂ ਉੱਤੇ ਗੰਦਗੀ ਦੇ ਢੇਰ ਪਏ ਹਨ। ਜਿਨ੍ਹਾਂ ਵਿੱਚ ਬਹੁਤ ਬਦਬੂ ਮਾਰ ਰਹੀ ਹੈ। ਜਿਸ ਕਰਕੇ ਗੰਦਗੀ ਕੋਲੋਂ ਲੰਘਣ ਸਮੇਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨਿਗਮ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੁਹਾਲੀ ਪਿੰਡ ਅਤੇ ਸੜਕ ਕਿਨਾਰੇ ਪਈ ਗੰਦਗੀ ਦੀ ਤੁਰੰਤ ਸਫਾਈ ਕਰਵਾਈ ਜਾਵੇ ਅਤੇ ਅਜਿਹੀਆਂ ਥਾਵਾਂ ’ਤੇ ਦਵਾਈ ਦਾ ਛਿੜਕਾਅ ਯਕੀਨੀ ਬਣਾਇਆ ਜਾਵੇ ਤਾਂ ਜੋ ਪਿੰਡ ਅਤੇ ਆਸ ਪਾਸ ਇਲਾਕੇ ਵਿੱਚ ਬੀਮਾਰੀ ਫੈਲਣ ਤੋਂ ਰੋਕਿਆ ਜਾ ਸਕੇ।