
ਸਿਆਸੀ ਰਵਾਇਤੀ ਪਾਰਟੀਆਂ ਤੋਂ ਪੂਰੀ ਤਰ੍ਹਾਂ ਅੱਕੇ ਪੰਜਾਬ ਦੇ ਲੋਕ: ਸੁਖਦੇਵ ਸਿੰਘ ਢੀਂਡਸਾ
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਰੂਪ ਵਿੱਚ ਇੱਕ ਨਵਾਂ ਬਦਲ ਲਿਆਉਣ ਦਾ ਮਨ ਬਣਾ ਚੁੱਕੇ ਨੇ ਲੋਕ: ਢੀਂਡਸਾ
ਪੰਜਾਬ ਨੂੰ ਬਦਹਾਲੀ ਵੱਲ ਧੱਕਣ ਵਾਲੀਆਂ ਰਵਾਇਤੀ ਸਿਆਸੀ ਪਾਰਟੀਆਂ ਵਿਰੁੱਧ ਮੋਰਚਾ ਖੋਲ੍ਹਣ ਦਾ ਅਹਿਦ
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦਾ ਨਾਅਰਾ ਬਾਦਲ ਹਟਾਓ, ਅਕਾਲੀ ਦਲ ਬਚਾਓ ਤੇ ਕਾਂਗਰਸ ਭਜਾਓ, ਪੰਜਾਬ ਬਚਾਓ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਾਰਚ:
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਮੀਤ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਸਮੇਤ ਹੋਰ ਸੀਨੀਅਰ ਆਗੂਆਂ ਦੀ ਅਹਿਮ ਮੀਟਿੰਗ ਅੱਜ ਇੱਥੋਂ ਦੇ ਸੈਕਟਰ-82 ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਹਾਜ਼ਰ ਆਗੂਆਂ ਨੇ ਪੰਜਾਬ ਨੂੰ ਬਦਹਾਲੀ ਵੱਲ ਧੱਕਣ ਵਾਲੀਆਂ ਰਿਵਾਇਤੀ ਸਿਆਸੀ ਪਾਰਟੀਆਂ ਵਿਰੁੱਧ ਮੋਰਚਾ ਖੋਲ੍ਹਣ ਦਾ ਅਹਿਦ ਲਿਆ। ਮੀਟਿੰਗ ਦੇ ਵੇਰਵੇ ਦਿੰਦਿਆਂ ਜਨਰਲ ਸਕੱਤਰ ਨਿਧੜਕ ਸਿੰਘ ਬਰਾੜ ਨੇ ਦੱਸਿਆ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਡਟ ਕੇ ਪੁਰਾਣੀ ਰਿਵਾਇਤੀ ਪਾਰਟੀਆਂ ਦਾ ਮੁਕਾਬਲਾ ਕਰੇਗੀ ਅਤੇ ਹਮਖ਼ਿਆਲੀ ਪਾਰਟੀਆਂ ਨਾਲ ਮਿਲਕੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਸਾਂਝੇ ਮੋਰਚੇ ਦੀ ਸਰਕਾਰ ਬਣਾਏਗੀ।
ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਜੋ ਦੁਰਦਸ਼ਾ ਹੋਈ ਹੈ ਉਸ ਤੋਂ ਸੂਬੇ ਦੇ ਲੋਕ ਭਲੀ-ਭਾਂਤ ਜਾਣੂ ਹਨ ਅਤੇ ਹੁਣ ਕਾਂਗਰਸ ਸਰਕਾਰ ਵੀ ਮਾਫ਼ੀਆ ਅਤੇ ਬਾਦਲ ਪਰਿਵਾਰ ਨਾਲ ਮਿਲ ਕੇ ਚੱਲ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਾਰ ਸਾਲ ਦੀਆਂ ਪ੍ਰਾਪਤੀਆਂ ਦੇ ਦਾਅਵੇ ਨੂੰ ਮਹਿਜ਼ ਖਾਨਾਪੂਰਤੀ ਅਤੇ ਢਕਵੰਜ ਦੱਸਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪਿਛਲੇ ਚਾਰ ਸਾਲ ਨਵਜੋਤ ਸਿੰਘ ਸਿੱਧੂ ਨਾਲ ਮੀਟਿੰਗਾਂ, ਪਾਕਿਸਤਾਨ ਦਾ ਡਰਾਵਾ ਅਤੇ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰਕੇ ਪੂਰੇ ਕੀਤੇ ਹਨ। ਜਦੋਂਕਿ ਹੁਕਮਰਾਨਾਂ ਦੀ ਕਹਿਣੀ ਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਚੱਲਦਾ ਕਰ ਦੇਣਗੇ।
ਬਾਦਲ ਪਰਿਵਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਸਿੱਖਾਂ ਦੀ ਸਿਰਮੌਰ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਬਾਦਲਾਂ ਦਾ ਕਬਜ਼ਾ ਹੈ। ਜਿਸ ਕਾਰਨ ਇਨ੍ਹਾਂ ਥਾਵਾਂ ’ਤੇ ਕਥਿਤ ਭ੍ਰਿਸ਼ਟਾਚਾਰ ਅਤੇ ਘਪਲਿਆਂ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਰੂਪ ਵਿੱਚ ਇੱਕ ਨਵਾਂ ਬਦਲ ਲਿਆਉਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਬਾਦਲ ਹਟਾਓ ਤੇ ਅਕਾਲੀ ਦਲ ਬਚਾਓ ਅਤੇ ਕਾਂਗਰਸ ਭਜਾਓ, ਪੰਜਾਬ ਬਚਾਓ ਦਾ ਨਾਅਰਾ ਵੀ ਦਿੱਤਾ।
ਸ੍ਰੀ ਢੀਂਡਸਾ ਨੇ ਕਿਸਾਨ ਅੰਦੋਲਨ ਬਾਰੇ ਬੋਲਦਿਆਂ ਕਿਹਾ ਕਿ ਮੋਰਚਾ ਲੱਗੇ ਨੂੰ ਭਾਵੇਂ ਬਹੁਤ ਲੰਮਾ ਸਮਾਂ ਹੋ ਗਿਆ ਹੈ, ਫਿਰ ਵੀ ਦੇਸ਼ ਦਾ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਅਡੋਲ ਡਟਿਆ ਹੋਇਆ ਹੈ। ਉਨ੍ਹਾਂ ਕਿਸਾਨਾਂ ਦੀ ਹਿੰਮਤ ਦੀ ਦਾਦ ਦਿੰਦਿਆਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ। ਉਨ੍ਹਾਂ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਆਖਿਆ ਕਿ ਕਿਸਾਨ ਆਗੂਆਂ ਨਾਲ ਤੁਰੰਤ ਮੀਟਿੰਗ ਕਰਕੇ ਕਿਸਾਨਾਂ ਦੇ ਮਸਲਿਆਂ ਦਾ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਵਾਢੀ ਦੀ ਫਸਲ ਨੂੰ ਸੰਭਾਲ ਸਕਣ।
ਮੀਟਿੰਗ ਵਿੱਚ ਜਸਟਿਸ ਨਿਰਮਲ ਸਿੰਘ, ਜਗਦੀਸ਼ ਸਿੰਘ ਗਰਚਾ, ਸੁਖਵਿੰਦਰ ਸਿੰਘ ਅੌਲਖ, ਮਨਜੀਤ ਸਿੰਘ ਦਸੂਹਾ, ਤਜਿੰਦਰਪਾਲ ਸਿੰਘ ਸੰਧੂ, ਅਰਜਨ ਸਿੰਘ ਸ਼ੇਰਗਿੱਲ, ਪਰਮਜੀਤ ਸਿੰਘ ਸਰਾਓ, ਅਵਤਾਰ ਸਿੰਘ ਜੌਹਲ, ਦੇਸਰਾਜ ਸਿੰਘ ਧੁੱਗਾ, ਸਤਵਿੰਦਰ ਸਿੰਘ ਢੱਟ, ਓਐਸਡੀ ਜਸਵਿੰਦਰ ਸਿੰਘ, ਦਫ਼ਤਰ ਸਕੱਤਰ ਮਨਿੰਦਰਪਾਲ ਸਿੰਘ ਬਰਾੜ ਅਤੇ ਸਿਆਸੀ ਸਲਾਹਕਾਰ ਦਵਿੰਦਰ ਸਿੰਘ ਸੋਢੀ ਵੀ ਮੌਜੂਦ ਸਨ।