ਐਤਕੀਂ ਪੰਜਾਬੀਆਂ ਨੂੰ ਵੀ ਲੱਗੇਗਾ ਹਰਿਆਣਾ ਦੇ ਜਾਟ ਅੰਦੋਲਨ ਦਾ ਸੇਕ
ਅੱਜ ਬਲੀਦਾਨ ਦਿਵਸ ਕਾਰਨ ਲੋਕ ਹਰਿਆਣਾ ਜਾਣ ਤੋਂ ਵੀ ਕਰਨ ਲੱਗੇ ਹਨ ਗੁਰੇਜ, ਹਰਿਆਣਾ ਸਰਕਾਰ ਨੇ ਚੌਕਸੀ ਵਧਾਈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
ਹਰਿਆਣਾ ਵਿੱਚ ਚਲ ਰਹੇ ਜਾਟ ਅੰਦੋਲਨ ਅਤੇ ਜਾਟਾਂ ਵੱਲੋਂ ਭਲਕੇ 19 ਫਰਵਰੀ ਨੂੰ ਮਨਾਏ ਜਾ ਰਹੇ ਬਲੀਦਾਨ ਦਿਵਸ ਕਾਰਨ ਹਰਿਆਣਾ ਦੇ ਆਮ ਲੋਕਾਂ ਦੇ ਨਾਲ ਹੀ ਪੰਜਾਬ ਦੇ ਵਸਨੀਕਾਂ ਦੇ ਮੱਥੇ ਉਪਰ ਵੀ ਚਿੰਤਾ ਦੀਆਂ ਲਕੀਰਾਂ ਉਭਰ ਆਈਆਂ ਹਨ। ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਪਿਛਲੇ ਸਾਲ ਹਰਿਆਣਾ ਵਿਚ ਚਲੇ ਜਾਟ ਅੰਦੋਲਨ ਦਾ ਪੰਜਾਬੀਆਂ ਨੂੰ ਵੀ ਬਹੁਤ ਬੁਰੀ ਤਰਾਂ ਸੇਕ ਲਗਿਆ ਸੀ ਅਤੇ ਪੰਜਾਬ ਤੋਂ ਦਿੱਲੀ ਦੇ ਏਅਰਪੋਰਟ ਉਪਰ ਜਾ ਰਹੇ ਅਤੇ ਵਿਦੇਸਾਂ ਤੋਂ ਆ ਰਹੇ ਪੰਜਾਬੀਆਂ ਖਾਸ ਕਰਕੇ ਪੰਜਾਬੀ ਅੌਰਤਾਂ ਨਾਲ ਜਾਟ ਅੰਦੋਲਨ ਦੀ ਆੜ ਵਿਚ ਬਹੁਤ ਬੁਰਾ ਸਲੂਕ ਕੀਤਾ ਗਿਆ ਸੀ।
ਇਸ ਦੌਰਾਨ ਐਨਆਰਆਈ ਅੌਰਤਾਂ ਨਾਲ ਬਲਾਤਕਾਰ ਤੱਕ ਕਰਨ ਦੀਆਂ ਖ਼ਬਰਾਂ ਵੀ ਮੀਡੀਆ ਦੀਆਂ ਸੁਰਖੀਆ ਬਣੀਆਂ ਸਨ। ਇਹ ਹੀ ਕਾਰਨ ਹੈ ਕਿ ਇਸ ਵਾਰ ਵੀ ਹਰਿਆਣਾ ਵਿਚ ਸ਼ੁਰੂ ਹੋਏ ਜਾਟ ਅੰਦੋਲਨ ਅਤੇ ਭਲਕੇ 19 ਫਰਵਰੀ ਨੂੰ ਮਨਾਏ ਜਾ ਰਹੇ ਬਲੀਦਾਨ ਦਿਵਸ ਕਾਰਨ ਪੰਜਾਬ ਦੇ ਲੋਕਾਂ ਵਿਚ ਚਿੰਤਾ ਦੇ ਨਾਲ ਨਾਲ ਡਰ ਦੀ ਭਾਵਨਾ ਵੀ ਪਾਈ ਜਾ ਰਹੀ ਹੈ। ਹਾਲ ਤਾਂ ਇਹ ਹੈ ਕਿ ਇਸ ਹਫਤੇ ਦੌਰਾਨ ਹਰਿਆਣਾ ਜਾਂ ਦਿਲੀ ਜਾ ਰਹੇ ਜਾਂ ਜਾਣ ਵਾਲੇ ਪੰਜਾਬੀਆਂ ਨੇ ਆਪਣੇ ਪ੍ਰੋਗਰਾਮ ਹੀ ਕੈਂਸਲ ਕਰ ਦਿਤੇ ਹਨ ਅਤੇ ਵਿਦੇਸ ਆਉਣ ਜਾਣ ਵਾਲੇ ਐਨ ਆਰ ਆਈ ਪੰਜਾਬੀਆਂ ਨੇ ਵੀ ਜਾਟ ਅੰਦੋਲਨ ਨੁੰ ਦੇਖਦਿਆਂ ਆਪਣੀਆਂ ਹਵਾਈ ਜਹਾਜ ਦੀਆਂ ਟਿਕਟਾਂ ਅੱਗੇ ਕਰਵਾ ਦਿਤੀਆਂ ਹਨ। ਇਸ ਤੋਂ ਇਲਾਵਾ ਜਾਟ ਅੰਦੋਲਨ ਕਾਰਨ ਵਿਦੇਸ਼ ਜਾਣ ਜਾਂ ਵਿਦੇਸ਼ ਤੋਂ ਆਉਣ ਵਾਲੇ ਐਨ ਆਰ ਆਈ ਪੰਜਾਬੀਆਂ ਨੇ ਦਿਲੀ ਦੇ ਹਵਾਈ ਅੱਡੇ ਦੀ ਥਾਂ ਅੰਮ੍ਰਿਤਸਰ ਦੇ ਹਵਾਈ ਅੱਡੇ ਉਪਰ ਹੀ ਆਉਣਾ ਤੇ ਜਾਣਾ ਸ਼ੁਰੂ ਕਰ ਦਿਤਾ ਹੈ ਤਾਂ ਕਿ ਉਹ ਹਰਿਆਣਾ ਵਿਚ ਚਲ ਰਹੇ ਜਾਟ ਅੰਦੋਲਨ ਦੀ ਲਪੇਟ ਵਿਚ ਨਾ ਆ ਸਕਣ।
ਇਸ ਤੋਂ ਇਲਾਵਾ ਜਿਹੜੇ ਪੰਜਾਬੀਆਂ ਨੇ ਇਹਨਾਂ ਦਿਨਾਂ ਦੌਰਾਨ ਹਰਿਆਣਾ ਦੇ ਕਿਸੇ ਸ਼ਹਿਰ ਜਾਂ ਪਿੰਡ ਵਿਚ ਆਪਣੇ ਰਿਸਤੇਦਾਰਾਂ ਨੂੰ ਮਿਲਣ ਜਾਂ ਕਿਸੇ ਹੋਰ ਜਰੂਰੀ ਕੰਮ ਜਾਣਾ ਸੀ ਉਹਨਾਂ ਨੇ ਵੀ ਆਪਣੇ ਇਹ ਪ੍ਰੋਗਰਾਮ ਜਾਟ ਅੰਦੋਲਨ ਕਾਰਨ ਮੁਲਤਵੀ ਕਰ ਦਿਤੇ ਹਨ। ਅਸਲ ਵਿਚ ਪਿਛਲੇ ਸਾਲ ਚੱਲੇ ਜਾਟ ਅੰਦੋਲਨ ਦੌਰਾਨ ਹੋਈ ਹਿੰਸਾ ਅਤੇ ਸਾੜਫੂਕ ਨੂੰ ਮੁੱਖ ਰਖਦਿਆਂ ਇਸ ਵਾਰ ਕੋਈ ਵੀ ਪੰਜਾਬੀ ਜਾਟ ਅੰਦੋਲਨ ਦੌਰਾਨ ਹਰਿਆਣਾ ਵਿਚ ਜਾਣ ਦਾ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ।
ਦੂਜੇ ਪਾਸੇ, ਹਰਿਆਣਾ ਸਰਕਾਰ ਨੇ ਵੀ ਜਾਟ ਅੰਦੋਲਨ ਅਤੇ ਬਲਿਦਾਨ ਦਿਵਸ ਨੂੰ ਦੇਖਦਿਆਂ ਪਹਿਲੀ ਗਲਤੀ ਤੋਂ ਸਬਕ ਲੈਂਦਿਆਂ ਐਤਕੀਂ ਚੌਕਸੀ ਵਧਾ ਦਿੱਤੀ ਹੈ ਅਤੇ ਸੂਬੇ ਵਿੱਚ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪਿਛਲੇ ਸਾਲ ਜਾਟ ਅੰਦੋਲਨ ਦੌਰਾਨ ਹੋਈ ਹਿੰਸਾ, ਸਾੜਫੂਕ ਅਤੇ ਮੁਰਥਲ ਕਾਂਡ ਵਰਗੀਆਂ ਘਟਨਾਵਾਂ ਇਸ ਵਾਰ ਨਾ ਵਾਪਰ ਸਕਣ ਇਸ ਲਈ ਸਰਕਾਰ ਨੇ ਸਖਤ ਪ੍ਰਬੰਧ ਕੀਤੇ ਹਨ। ਹਰਿਆਣਾ ਵਿਚ ਪੁਲੀਸ ਅਤੇ ਪੈਰਾ ਮਿਲਟਰੀ ਫੋਰਸ ਵਲੋਂ ਵੱਖ ਵੱਖ ਸ਼ਹਿਰਾਂ ਵਿਚ ਫਲੈਗ ਮਾਰਚ ਕੱਢਿਆ ਗਿਆ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਗ੍ਰਹਿ ਵਿਭਾਗ ਨੇ ਸੈਟੇਲਾਈਟ ਦੇ ਰਾਹੀਂ ਵੀ ਅੰਦੋਲਨਕਾਰੀਆਂ ਉਪਰ ਨਜਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਇਈ ਨਹੀਂ ਡਰੋਨ ਦੇ ਰਾਹੀਂ ਵੀ ਸਾਰੀਆਂ ਤਸਵੀਰਾਂ ਖਿੱਚੀਆਂ ਜਾਣਗੀਆਂ। ਪੈਰਾ ਮਿਲਟਰੀ ਫੋਰਸਾਂ ਨੂੰ ਨਕਸ਼ਿਆਂ ਰਾਹੀਂ ਪੂਰੇ ਇਲਾਕੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਰੇਲਵੇ ਲਾਈਨਾਂ ਅਤੇ ਨੈਸ਼ਨਲ ਹਾਈਵੇ ਦੀ ਸੁਰੱਖਿਆ ਦੇ ਲਈ ਸਖ਼ਤ ਸਰੱਖਿਆ ਪ੍ਰਬੰਧ ਕੀਤੇ ਗਏ ਹਨ। ਜਾਟ ਅੰਦੋਲਨ ਦੌਰਾਨ ਸੜਕ ਜਾਂ ਹਾਈਵੇਅ ਜਾਮ ਹੋਣ ਦੀ ਸੂਰਤ ਵਿਚ ਟ੍ਰੈਫਿਕ ਦੇ ਬਦਲਵੇਂ ਪ੍ਰਬੰਧ ਵੀ ਕਰ ਦਿਤੇ ਗਏ ਹਨ ਅਤੇ ਚੰਡੀਗੜ੍ਹ ਦਿੱਲੀ ਨੈਸ਼ਨਲ ਹਾਈਵੇ ਉਪਰ ਅੱਠ ਐਗਜਿਟ ਪੁਆਇੰਟ ਬਣਾਏ ਗਏ ਹਨ।
ਉਧਰ, ਜਾਟ ਅੰਦੋਲਨ ਦੌਰਾਨ ਅਨੇਕਾਂ ਹੀ ਪਿੰਡਾਂ ਦੇ ਨੌਜਵਾਨਾਂ ਵੱਲੋਂ ਡੀ.ਜੇ ਲਗਾ ਕੇ ਹੱਥਾਂ ਵਿੱਚ ਬੰਦੂਕਾਂ ਅਤੇ ਹੋਰ ਹਥਿਆਰ ਫੜਕੇ ਡਾਂਸ ਕਰਨ ਦੀਆਂ ਤਸਵੀਰਾਂ ਮੀਡੀਆ ਵਿੱਚ ਛਪਣ ਤੋਂ ਬਾਅਦ ਲੋਕਾਂ ਵਿੱਚ ਡਰ ਅਤੇ ਸਹਿਮ ਦੀ ਭਾਵਨਾ ਵੀ ਪੈਦਾ ਹੋ ਗਈ ਹੈ। ਭਾਵੇਂ ਕਿ ਪ੍ਰਸ਼ਾਸਨ ਨੇ ਟਰੈਕਟਰਾਂ ਅਤੇ ਹੋਰ ਵਾਹਨਾਂ ਅਤੇ ਸਥਾਨਾਂ ਉੱਤੇ ਡੀ ਜੇ ਲਗਾ ਕੇ ਡਾਂਸ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ ਪਰ ਫਿਰ ਵੀ ਹਰਿਆਣਾ ਦੇ ਪੇਂਡੂ ਨੌਜਵਾਨ ਹੱਥਾਂ ਵਿੱਚ ਹਥਿਆਰ ਫੜ ਕੇ ਸੜਕਾਂ ’ਤੇ ਘੁੰਮਦੇ ਦੇਖੇ ਜਾ ਰਹੇ ਹਨੇ ਜਿਸ ਕਰਕੇ ਇਨ੍ਹਾਂ ਇਲਾਕਿਆਂ ਵਿੱਚੋਂ ਲੰਘਣ ਵਾਲੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਐਤਵਾਰ ਨੂੰ ਬਲੀਦਾਨ ਦਿਵਸ ਮੌਕੇ ਜਾਟ ਨੇਤਾ ਕੋਈ ਵੱਡਾ ਐਲਾਨ ਵੀ ਕਰ ਸਕਦੇ ਹਨ। ਇਸ ਅੰਦੋਲਨ ਨੇ ਇਕ ਵਾਰ ਹਰਿਆਣਾ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।