ਸੈਕਟਰ-66 ਵਿੱਚ ਸ਼ਰਾਬ ਦਾ ਠੇਕਾ ਖੋਲ੍ਹਣ ਵਿਰੁੱਧ ਸੜਕਾਂ ’ਤੇ ਉੱਤਰੇ ਇਲਾਕੇ ਦੇ ਲੋਕ

ਡਿਪਟੀ ਮੇਅਰ ਕੁਲਜੀਤ ਬੇਦੀ ਸਮੇਤ ਤਿੰਨ ਕੌਂਸਲਰ ਤੇ ਹੋਰ ਪਤਵੰਤੇ ਧਰਨੇ ’ਤੇ ਬੈਠੇ

ਨਬਜ਼-ਏ-ਪੰਜਾਬ, ਮੁਹਾਲੀ, 8 ਸਤੰਬਰ:
ਇੱਥੋਂ ਦੇ ਸੈਕਟਰ-66 ਵਿੱਚ ਪੰਜਾਬ ਮੰਡੀ ਬੋਰਡ ਅਤੇ ਮੰਦਰ ਨੇੜੇ ਪਾਰਕ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਣ ਵਿਰੁੱਧ ਸੈਕਟਰ ਵਾਸੀ ਸੜਕਾਂ ’ਤੇ ਉਤਰ ਆਏ ਹਨ। ਇਲਾਕੇ ਦੇ ਲੋਕਾਂ ਨੇ ਐਤਵਾਰ ਨੂੰ ਇਕੱਠੇ ਹੋ ਕੇ ਸ਼ਰਾਬ ਦਾ ਠੇਕਾ ਖੋਲ੍ਹਣ ਲਈ ਬਣਾਏ ਸ਼ੈੱਡ ਮੂਹਰੇ ਧਰਨਾ ਦਿੱਤਾ ਅਤੇ ਸਰਕਾਰ ਨੂੰ ਰੱਜ ਕੇ ਕੋਸਿਆ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸਮੇਤ ਕੌਂਸਲਰ ਮਾ. ਚਰਨ ਸਿੰਘ, ਨਰਪਿੰਦਰ ਸਿੰਘ ਰੰਗੀ ਅਤੇ ਸਮਾਜ ਸੇਵੀ ਸਿਮਰਨ ਸਿੰਘ ਵੀ ਲੋਕਾਂ ਦੀ ਹਮਾਇਤ ਵਿੱਚ ਧਰਨੇ ’ਤੇ ਬੈਠੇ ਅਤੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਮੰਡੀ ਬੋਰਡ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ, ਮੰਦਰ ਕਮੇਟੀ ਸੈਕਟਰ66 ਦੇ ਗੋਪਾਲ, ਪ੍ਰਦੀਪ ਤ੍ਰਿਪਾਠੀ ਤੇ ਸਤਪਾਲ ਅਰੋੜਾ, ਸਤਪਾਲ ਤਿਆਗੀ, ਸੰਦੀਪ ਬੰਸਲ, ਵਿਵੇਕ ਸ਼ਰਮਾ, ਅਸ਼ੋਕ ਵਰਮਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ, ਮੀਤ ਪ੍ਰਧਾਨ ਹਰ ਫੂਲ ਸਿੰਘ, ਨੱਥਾ ਸਿੰਘ, ਗੁਰਦੀਪ ਸਿੰਘ, ਸਾਬਕਾ ਜੇਈ ਰਮੇਸ਼ ਸ਼ਰਮਾ, ਨਰਿੰਦਰ ਸਿੰਘ, ਬੇਅੰਤ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੇਵਕ ਸਿੰਘ, ਦਲਜੀਤ ਸਿੰਘ, ਸਤਨਾਮ ਸਿੰਘ, ਗੁਰਮੀਤ ਕੌਰ, ਗੁਰਦੀਪ ਸਿੰਘ, ਅਸ਼ੋਕ ਕੁਮਾਰ ਅਤੇ ਹੋਰਨਾਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਜੀਤ ਬੇਦੀ ਨੇ ਮੁਹਾਲੀ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇੱਥੇ ਸ਼ਰਾਬ ਠੇਕਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਹਾਈ ਕੋਰਟ ਦਾ ਬੂਹਾ ਖੜਕਾਉਣਗੇ। ਇਸ ਤੋਂ ਪਹਿਲਾਂ ਵੀ ਬੇਦੀ ਨੇ ਗਰੀਨ ਬੈਲਟਾਂ ’ਚੋਂ ਸ਼ਰਾਬ ਦੇ ਠੇਕੇ ਚੁਕਵਾਉਣ ਲਈ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਸੀ ਅਤੇ ਬਾਅਦ ਗਰੀਨ ਬੈਲਟਾਂ ’ਚੋਂ ਸ਼ਰਾਬ ਦੇ ਠੇਕੇ ਚੁੱਕੇ ਗਏ ਸਨ। ਡਿਪਟੀ ਮੇਅਰ ਨੇ ਕਿਹਾ ਕਿ ਇਹ ਠੇਕਾ ਇਲਾਕੇ ਦੀਆਂ ਵੱਖ-ਵੱਖ ਵੈੱਲਫੇਅਰ ਐਸੋਸੀਏਸ਼ਨਾਂ ਦੀ ਐਨਓਸੀ ਲਏ ਬਿਨਾਂ ਹੀ ਖੋਲ੍ਹਿਆ ਜਾ ਰਿਹਾ ਸੀ। ਜਿਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ। ਕਾਬਿਲੇਗੌਰ ਹੈ ਕਿ ਇੱਥੇ ਨੇੜਿਓਂ ਹਾਈ ਟੈਂਸ਼ਨ ਤਾਰਾਂ ਵੀ ਲੰਘ ਰਹੀਆਂ ਹਨ, ਜਿਸ ਕਾਰਨ ਇੱਥੇ ਠੇਕਾ ਖੋਲ੍ਹਣਾ ਖ਼ਤਰਨਾਕ ਹੈ। ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਵੀ ਉੱਥੇ ਪਹੁੰਚ ਗਏ ਅਤੇ ਲੋਕਾਂ ਨੂੰ ਭਰੋਸਾ ਦਿੰਦਿਆਂ ਇਹ ਜ਼ਿੰਮੇਵਾਰੀ ਲਈ ਸਬੰਧਤ ਅਧਿਕਾਰੀਆਂ ਨਾਲ ਗੱਲ ਕਰ ਰਹੀ ਹੈ ਅਤੇ ਇੱਥੇ ਠੇਕਾ ਨਹੀਂ ਖੋਲ੍ਹਣ ਦਿੱਤਾ ਜਾਵੇਗਾ। ਥਾਣਾ ਮੁਖੀ ਦੇ ਭਰੋਸੇ ਤੋਂ ਬਾਅਦ ਲੋਕਾਂ ਨੇ ਧਰਨਾ ਖ਼ਤਮ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਠੇਕਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਲੜੀਵਾਰ ਧਰਨਾ ਸ਼ੁਰੂ ਕਰਨ ਲਈ ਮਜਬੂਰ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…