
ਜਾਗਰੂਕ ਕਿਸਾਨ: ਪਿੰਡ ਗੋਬਿੰਦਗੜ੍ਹ ਦੇ ਲੋਕ ਨਹੀਂ ਲਗਾਉਂਦੇ ਪਰਾਲੀ ਨੂੰ ਅੱਗ
ਪਰਾਲੀ ਨੂੰ ਪਸ਼ੂਆਂ ਦੇ ਚਾਰੇ ਅਤੇ ਹੋਰ ਕੰਮਾਂ ਲਈ ਕਰਦੇ ਹਨ ਵਰਤੋਂ: ਕਰਮਾ ਪੁਰੀ
ਨਬਜ਼-ਏ-ਪੰਜਾਬ ਬਿਊਰੋ, ਐਸ.ਏ.ਐਸ ਨਗਰ, 4 ਨਵੰਬਰ:
ਪੰਜਾਬ ਸਰਕਾਰ ਦੇ ਪਰਾਲੀ ਪ੍ਰਬੰਧਨ ਬਾਰੇ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਕਿਸਾਨ ਜਾਗਰੂਕ ਹੋ ਰਹੇ ਹਨ ਅਤੇ ਪਰਾਲੀ ਤੇ ਇਸ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਏ ਬਿਨ੍ਹਾਂ ਹੀ ਇਸ ਦਾ ਪ੍ਰਬੰਧਨ ਕਰ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਮੁਹਾਲੀ ਤਹਿਸੀਲ ਦੇ ਪਿੰਡ ਗੋਬਿੰਦਗੜ੍ਹ ਵਿਖੇ ਵੇਖਣ ਨੂੰ ਮਿਲੀ ਜਿਥੇ ਸਾਰੇ ਪਿੰਡ ਦੇ ਕਿਸਾਨ ਪਰਾਲੀ ਨੂੰ ਨਾ ਅੱਗ ਲਗਾਉਂਦੇ, ਨਾ ਖੇਤਾਂ ਵਿੱਚ ਵਾਹਉਂਦੇ ਸਗੋਂ ਪਸ਼ੂਆਂ ਦੇ ਚਾਰੇ ਅਤੇ ਹੋਰ ਕੰਮਾਂ ਲਈ ਵਰਤਦੇ ਹਨ।
ਗੋਸਾਈਂ ਸਮਾਜ ਪੰਜਾਬ ਦੇ ਪ੍ਰਧਾਨ ਕਰਮਾ ਪੁਰੀ ਨੇ ਦੱਸਿਆ ਕਿ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਚ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੀ ਪ੍ਰੇਰਣਾ ਸਦਕਾ ਪਿੰਡ ਦੇ ਸਾਰੇ ਕਿਸਾਨਾਂ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਝੋਨੇ ਦੀ ਪਰਾਲੀ ਅਤੇ ਇਸ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਉਣਗੇ। ਹੁਣ ਕਿਸਾਨ ਆਪਣੇ ਵੱਲੋਂ ਕੀਤੇ ਹੋਏ ਵਾਅਦੇ ਤੇ ਖਰ੍ਹੇ ਉਤਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਕਿਸਾਨ ਝੋਨੇ ਦੀ ਪਰਾਲੀ ਤੇ ਇਸ ਦੀ ਰਹਿੰਦ ਖੂਹੰਦ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲ ਕਰਦੇ ਹਨ। ਪਿੰਡ ਦੇ ਕਿਸਾਨਾਂ ਵੱਲੋਂ ਜ਼ਿਆਦ ਤਰ੍ਹ ਖੇਤਾਂ ਵਿੱਚ ਹੱਥਾਂ ਨਾਲ ਝੋਨੇ ਦੀ ਕਟਾਈ ਕੀਤੀ ਜਾਂਦੀ ਹੈ। ਭਾਂਵੇਂ ਇਹ ਕਟਾਈ ਮਹਿੰਗੀ ਪੈਂਦੀ ਹੈ ਪਰ ਖੇਤ ਚ ਝੋਨੇ ਦੀ ਕਟਾਈ ਤੋਂ ਪਿਛੇ ਬਚਦੇ ਕਚਰਿਆਂ ਨੂੰ ਅੱਗ ਲਗਾਉਣ ਦੀ ਲੋੜ ਨਹੀਂ ਰਹਿੰਦੀ। ਕਿਉਂਕਿ ਹੱਥੀ ਦਾਤਰੀ ਨਾਲ ਝੋਨੇ ਦੀ ਕਟਾਈ ਬਹੁਤ ਹੇਠਾਂ ਭਾਵ ਜ਼ਮੀਨ ਦੇ ਨਾਲ ਤੋਂ ਹੋ ਜਾਂਦੀ ਹੈ ਜਦਕਿ ਕੰਬਾਇਨ ਨਾਲ ਕਟਾਈ ਕਰਨ ਤੋਂ ਬਾਅਦ ਰਹਿੰਦ ਖੂਹੰਦ ਬਹੁਤ ਬਚ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜੋ ਝੋਨੇ ਦੀ ਪਰਾਲੀ ਬਚਦੀ ਹੈ ਉਹ ਉਸ ਦੇ ਆਪਣੇ ਆਪਣੇ ਖੇਤਾਂ ਵਿੱਚ ਗਰੇ (ਟੀਬੇ) ਲਗਾਕੇ ਉਸ ਨੂੰ ਸੰਭਾਲ ਲੈਂਦੇ ਹਨ ਅਤੇ ਕੁਝ ਕਿਸਾਨ ਮਸ਼ੀਨਾਂ ਨਾਲ ਟੋਕਾ ਕਰਵਾਕੇ ਭੁਆੜੇ ਵਿੱਚ ਸਟੋਰ ਵੀ ਕਰ ਲੈਂਦੇ ਹਨ।
ਕਰਮਾ ਪੁਰੀ ਨੇ ਦੱਸਿਆ ਕਿ ਉਹ ਇਹ ਸੰਭਾਲ ਕੀਤੀ ਹੋਈ ਪਰਾਲੀ ਅਤੇ ਜੋ ਟੋਕਾ ਕਰਕੇ ਰੱਖੀ ਹੁੰਦੀ ਹੈ ਉਸ ਨੂੰ ਸਰਦ ਰੁੱਤ ਵਿੱਚ ਹਰੇ ਚਾਰੇ ਦੇ ਨਾਲ ਮਿਲਾਕੇ ਪਸ਼ੂਆਂ ਨੂੰ ਚਾਰਾ ਪਾਉਣ ਦੇ ਲਈ ਵਰਤਦੇ ਹਨ ਜੋ ਤੁੜੀ ਨਾਲੋ ਸਸਤ ਪੈਂਦਾ ਹੈ ਅਤੇ ਪਸ਼ੂ ਵੀ ਹਲਕਾ ਹੋਣ ਕਰਕੇ ਚੰਗੀ ਤਰ੍ਹਾਂ ਖਾਹ ਲੈਂਦੇ ਹਨ। ਇਸ ਤੋਂ ਇਲਾਵਾ ਕਣਕ ਦੀ ਕਢਾਈ ਤੋਂ ਬਾਅਦ ਬਣਦੀ ਤੂੜੀ ਨੂੰ ਸਾਲ ਭਰ ਸਾਂਭਣ ਲਈ ਕੁੱਪ ਬੰਨਦੇ ਹਨ ਇਨ੍ਹਾਂ ਕੁੱਪਾ ਨੂੰ ਬੰਨਣ ਲਈ ਵੀ ਪਰਾਲੀ ਵਰਤੋਂ ਵਿੱਚ ਆਉਂਦੀ ਹੈ। ਇਸੇ ਤਰ੍ਹਾ ਘਰਾਂ ਚ ਵਰਤੋਂ ਲਈ ਜੋ ਪਸ਼ੂਆਂ ਦੇ ਗੋਬਰ ਤੋਂ ਪਾਥੀਆਂ (ਬਾਲਣ) ਤਿਆਰ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਗੁਹਾਰੇ ਦੇ ਰੂਪ ਵਿੱਚ ਇਕੱਤਰ ਕਰਕੇ ਸੰਭਾਲਿਆ ਜਾਂਦਾ ਹੈ ਅਤੇ ਗੁਹਾਰੇ ਨੂੰ ਬਰਸਾਤ ਤੋਂ ਬਚਾਉਣ ਲਈ ਪਰਾਲੀ ਦੇ ਨਾਲ ਚੰਗੀ ਤਰ੍ਹਾਂ ਢੱਕਕੇ ਬੰਨ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਪਿੰਡ ਦੇ ਕਿਸਾਨ ਝੋਨੇ ਦੀ ਪਰਾਲੀ ਦੀ ਵਰਤੋਂ ਕਰ ਲੈਂਦੇ ਹਨ ਜਿਸ ਨਾਲ ਪਰਾਲੀ ਤੇ ਇਸ ਦੀ ਰਹਿੰਦ ਖੂਹੰਦ ਨੂੰ ਸਾੜਨ ਦੀ ਲੋੜ ਨਹੀਂ ਪੈਂਦੀ।ਕਰਮਾ ਪੁਰੀ ਨੇ ਆਪਣੇ ਹੋਰ ਸਾਥੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪਰਾਲੀ ਤੇ ਇਸ ਦੀ ਰਹਿੰਦ ਖੂਹੰਦ ਨੂੰ ਬਿਨ੍ਹਾਂ ਸਾੜੇ ਇਸ ਦੀ ਹੋਰ ਕੰਮਾ ਚ ਵਰਤੋਂ ਜਾਂ ਖੇਤ ਚ ਪ੍ਰਬੰਧਨ ਕਰਨ ਤਰਹੀਜ ਦੇਣ ਜਿਸ ਨਾਲ ਸਭ ਦਾ ਭਲਾ ਹੋਵੇਗਾ।