ਚਿੱਟੇ ਦੀ ਵਿਕਰੀ ਖ਼ਿਲਾਫ਼ ਮੌਲੀ ਬੈਦਵਾਨ ਦੀਆਂ ਬੀਬੀਆਂ ਤੇ ਲੋਕਾਂ ਨੇ ਥਾਣਾ ਘੇਰਿਆ

ਪਿੰਡ ਵਾਸੀਆਂ ਵੱਲੋਂ ਸੋਹਾਣਾ ਪੁਲੀਸ ’ਤੇ ਸ਼ਿਕਾਇਤ ’ਤੇ ਬਣਦੀ ਕਾਰਵਾਈ ਨਾ ਕਰਨ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਇੱਥੋਂ ਦੇ ਸੈਕਟਰ-80 ਸਥਿਤ ਪਿੰਡ ਮੌਲੀ ਬੈਦਵਾਨ ਦੇ ਬਾਸ਼ਿੰਦਿਆਂ ਨੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦਾ ਬੀੜਾ ਚੁੱਕਿਆ ਹੈ। ਅੱਜ ਪਿੰਡ ਦੀ ਸਾਂਝੀ ਧਰਮਸ਼ਾਲਾ ਵਿੱਚ ਜਨਰਲ ਇਜਲਾਸ ਸੱਦ ਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਸ਼ਿਆਂ ਖ਼ਿਲਾਫ਼ ਇੱਕਜੱੁਟ ਹੋ ਕੇ ਸਮਾਜਿਕ ਤੇ ਕਾਨੂੰਨੀ ਲੜਾਈ ਲੜਨ ਦਾ ਪ੍ਰਣ ਲਿਆ। ਪਤਵੰਤਿਆਂ ਨੇ ਪਿੰਡ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਵੀ ਸਿਰਜੋੜ ਕੇ ਚਰਚਾ ਕੀਤੀ। ਇਸ ਮਗਰੋਂ ਪਿੰਡ ਮੌਲੀ ਬੈਦਵਾਨ ਦੀਆਂ ਅੌਰਤਾਂ ਅਤੇ ਪੁਰਸ਼ਾਂ ਨੇ ਸੜਕ ’ਤੇ ਰੋਸ ਮਾਰਚ ਕਰਦਿਆਂ ਥਾਣਾ ਸੋਹਾਣਾ ਦਾ ਘਿਰਾਓ ਕਰਕੇ ਧਰਨਾ ਦਿੱਤਾ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇ ਬਲਾਕ ਸਮਿਤੀ ਦੇ ਮੈਂਬਰ ਅਵਤਾਰ ਸਿੰਘ ਮੌਲੀ ਨੇ ਮੌਲੀ ਬੈਦਵਾਨ ਵਿੱਚ ਕੁਝ ਬਾਹਰੀ ਵਿਅਕਤੀ ਆ ਕੇ ਸ਼ਰ੍ਹੇਆਮ ਬੇਖ਼ੌਫ਼ ਨਸ਼ੀਲੇ ਪਦਾਰਥ ਵੇਚ ਰਹੇ ਹਨ। ਜਿਸ ਦਾ ਨੌਜਵਾਨ ਪੀੜ੍ਹੀ ’ਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਿੰਡ ਦੀਆਂ ਕੁਝ ਅੌਰਤਾਂ ਨੇ ਲਗਜ਼ਰੀ ਗੱਡੀਆਂ ਸਵਾਰ ਹੋ ਕੇ ਨਸ਼ਾ ਵੇਚਣ ਆਉਂਦੇ ਵਿਅਕਤੀਆਂ ਦਾ ਰਾਹ ਡੱਕ ਕੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਕਾਰ ਸਵਾਰਾਂ ਨੇ ਅੌਰਤਾਂ ਨਾਲ ਬਦਸਲੂਕੀ ਕਰਦਿਆਂ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਇਸ ਸਬੰਧੀ ਪੀੜਤ ਅੌਰਤਾਂ ਨੇ ਥਾਣਾ ਸੋਹਾਣਾ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਪੁਲੀਸ ਨੇ ਮੌਕਾ ਦੇਖਿਆ। ਜਿਸ ਦੇ ਰੋਸ ਵਜੋਂ ਅੱਜ ਪਿੰਡ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਥਾਣੇ ਦੇ ਬਾਹਰ ਧਰਨਾ ਅਤੇ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਐਸਐਚਓ ਥਾਣੇ ਵਿੱਚ ਮੌਜੂਦ ਨਹੀਂ ਸੀ। ਜਿਸ ਕਾਰਨ ਪਿੰਡ ਵਾਸੀਆਂ ਡੀਐਸਪੀ (ਸਿਟੀ-2) ਰਮਨਦੀਪ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਚਿੱਟੇ ਵਰਗਾ ਨਸ਼ਾ ਸ਼ਰ੍ਹੇਆਮ ਵੇਚਿਆ ਜਾ ਰਿਹਾ ਹੈ। ਇਸ ਸਬੰਧੀ ਪੁਲੀਸ ਨੂੰ ਗੱਡੀਆਂ ਦੇ ਨੰਬਰ ਨੋਟ ਕੇ ਵੀ ਦਿੱਤੇ ਸੀ ਪਰ ਕੋਈ ਕਾਰਵਾਈ ਨਹੀਂ ਹੋਈ।
ਇਸ ਮੌਕੇ ਅਮਰਜੀਤ ਸਿੰਘ ਸਾਬਕਾ ਸਮਿਤੀ ਮੈਂਬਰ, ਅੱਛਰ ਸਿੰਘ ਸਾਬਕਾ ਸਰਪੰਚ, ਨੰਬਰਦਾਰ ਕਰਮਜੀਤ ਸਿੰਘ ਤੇ ਕਰਨੈਲ ਸਿੰਘ, ਅਮਰਜੀਤ ਸਿੰਘ, ਭੁਪਿੰਦਰ ਸਿੰਘ, ਸਾਬਕਾ ਕੌਮਾਂਤਰੀ ਖਿਡਾਰੀ ਹਰਜੋਤ ਸਿੰਘ ਗੱਬਰ, ਸਤਵਿੰਦਰ ਸਿੰਘ ਮਿੱਠੂ, ਬਚਿੱਤਰ ਸਿੰਘ ਪੰਚ, ਭਗਵਾਨ ਦਾਸ, ਹਜ਼ਾਰਾ ਸਿੰਘ, ਨੀਲਮ ਦੇਵੀ, ਸਵਰਨ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ, ਰੁਪਿੰਦਰ ਕੌਰ, ਨਰਿੰਦਰ ਕੌਰ ਅਤੇ ਬਿਮਲਾ ਦੇਵੀ ਆਦਿ ਵੀ ਹਾਜ਼ਰ ਸਨ।
(ਬਾਕਸ ਆਈਟਮ)
ਮੁਹਾਲੀ ਦੇ ਡੀਐਸਪੀ (ਸਿਟੀ-2) ਰਮਨਦੀਪ ਸਿੰਘ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਨਸ਼ਿਆਂ ਖ਼ਿਲਾਫ਼ ਪਹਿਲਾਂ ਦਿੱਤੀ ਗਈ ਸ਼ਿਕਾਇਤ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਨਸ਼ਿਆਂ ਦੇ ਸਖ਼ਤ ਖ਼ਿਲਾਫ਼ ਹੈ। ਹੁਣ ਤੱਕ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਚੋਰੀ ਦੇ ਮਾਮਲੇ ਵਿੱਚ ਮੌਲੀ ਬੈਦਵਾਨ ਸਮੇਤ ਹੋਰਨਾਂ ਪਿੰਡਾਂ ਦੇ ਜਿਹੜੇ ਨੌਜਵਾਨਾਂ ਫੜੇ ਗਏ ਸੀ। ਉਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਕੀਤੇ ਗਏ ਅਤੇ ਉਨ੍ਹਾਂ ਨੂੰ 10 ਨੰਬਰੀ ਅਪਰਾਧੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਲਈ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…