
ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀ ਬਖ਼ਸ਼ੇ ਨਹੀਂ ਜਾਣਗੇ: ਚੰਨੀ
ਅਚਾਨਕ ਗੁਰਦੁਆਰਾ ਸਾਚਾ ਧੰਨ ਸਾਹਿਬ ਮੁਹਾਲੀ ਪਹੁੰਚੇ ਮੁੱਖ ਮੰਤਰੀ ਚਰਨਜੀਤ ਚੰਨੀ
ਚੰਨੀ ਦੇ ਬੇਟੇ ਦੇ 10 ਅਕਤੂਬਰ ਨੂੰ ਗੁਰਦੁਆਰਾ ਸਾਚਾ ਧੰਨ ਸਾਹਿਬ ਵਿਖੇ ਹੋਣਗੇ ਅਨੰਦ-ਕਾਰਜ
ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀ ਦੇ ਨੁਮਾਇੰਦਿਆਂ ਨਾਲ ਖੁੱਲ੍ਹ ਕੇ ਕੀਤੀਆਂ ਗੱਲਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੜ ਦੁਹਰਾਇਆ ਕਿ ਬਰਗਾੜੀ ਸਮੇਤ ਹੋਰਨਾਂ ਥਾਵਾਂ ’ਤੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀ ਬਖ਼ਸ਼ੇ ਨਹੀਂ ਜਾਣਗੇ। ਉਹ ਅੱਜ ਇੱਥੇ ਅਚਾਨਕ ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼-3ਬੀ1 ਵਿਖੇ ਪਹੁੰਚੇ ਸੀ। ਇਸ ਗੁਰੂਘਰ ਵਿੱਚ 10 ਅਕਤੂਬਰ ਨੂੰ ਮੁੱਖ ਮੰਤਰੀ ਦੇ ਬੇਟੇ ਦੇ ਵਿਆਹ ਸਬੰਧੀ ਅਨੰਦਕਾਰਜ ਹੋਣੇ ਹਨ। ਉਹ ਪ੍ਰਬੰਧਾਂ ਦਾ ਜਾਇਜ਼ਾ ਲੈਣ ਆਏ ਸੀ।
ਇਸ ਦੌਰਾਨ ਸਿੱਖ ਆਗੂ ਭਾਈ ਆਰਪੀ ਸਿੰਘ, ਗੁਰਦੁਆਰਾ ਤਾਲਮੇਲ ਕਮੇਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਟੌਹੜਾ, ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਤਰਲੋਚਨ ਸਿੰਘ, ਮੈਨੇਜਰ ਰਮਨਜੀਤ ਸਿੰਘ ਅਤੇ ਰਾਮਗੜ੍ਹੀਆ ਸਭਾ ਦੇ ਆਗੂ ਜਸਵੰਤ ਸਿੰਘ ਭੁੱਲਰ ਸਮੇਤ ਹੋਰ ਆਗੂ ਅਤੇ ਬੀਬੀਆਂ ਹਾਜ਼ਰ ਸਨ।
ਇਸ ਮੌਕੇ ਗੁਰਦੁਆਰਾ ਕਮੇਟੀ ਦੇ ਦਫ਼ਤਰ ਵਿੱਚ ਬੈਠ ਕੇ ਮੁੱਖ ਮੰਤਰੀ ਨੇ ਸਿੱਖ ਆਗੂਆਂ ਨਾਲ ਚਾਹ ਦੀ ਪਿਆਲੀ ਸਾਂਝੀ ਕਰਨ ਸਮੇਂ ਪੰਜਾਬ ਦੀ ਤਰੱਕੀ, ਵਿਕਾਸ ਅਤੇ ਹੋਰ ਬੇਅਦਬੀ ਸਮੇਤ ਭਖਦੇ ਮੁੱਦਿਆਂ ’ਤੇ ਆਮ ਚਰਚਾ ਕੀਤੀ। ਆਗੂਆਂ ਨੇ ਮੁੱਖ ਮੰਤਰੀ ਦੇ ਆਮ ਲੋਕਾਂ ਵਾਂਗ ਵਿਚਰਨ ਦੀ ਸਿਫ਼ਤ ਕਰਦਿਆਂ ਮੰਗ ਕੀਤੀ ਉਹ ਆਪਣੇ ਸਾਥੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੀ ਇੰਜ ਵਰਤਾਰਾ ਕਰਨ ਲਈ ਕਹਿਣ। ਸਿੱਖ ਆਗੂਆਂ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਉਹ (ਚੰਨੀ) ਮੁੱਖ ਮੰਤਰੀ ਬਣਨ ਤੋਂ ਬਾਅਦ ਹਰ ਕਿਸੇ ਨੂੰ ਨੇੜਿਓਂ ਅਤੇ ਅੱਧੀ ਰਾਤ ਨੂੰ ਵੀ ਮਿਲ ਰਹੇ ਹਨ। ਇਹ ਰਵਾਇਤ ਭਵਿੱਖ ਵਿੱਚ ਵੀ ਜਾਰੀ ਰੱਖਣ ਤਾਂ ਜੋ ਸੂਬੇ ਦੇ ਲੋਕ ਉਨ੍ਹਾਂ ਨੂੰ ਆਪਣਾ ਸਮਝ ਕੇ ਉਨ੍ਹਾਂ ਨਾਲ ਤੁਰ ਸਕਣ।
ਸਿੱਖ ਆਗੂਆਂ ਵੱਲੋਂ ਬੇਅਦਬੀ ਦਾ ਮਾਮਲਾ ਚੁੱਕੇ ਜਾਣ ’ਤੇ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਇਸ ਸਬੰਧੀ ਸਿੱਟ ਨੂੰ ਜਾਂਚ ਤੇਜ਼ ਕਰਨ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅਤੇ ਪੁਰਾਤਨ ਯਾਦਗਾਰਾਂ ਦੀ ਸਾਂਭ-ਸੰਭਾਲ ਕਰਨ ਸਮੇਤ ਸੂਬੇ ਦੇ ਵਿਕਾਸ ਨੂੰ ਤਰਜ਼ੀਹ ਦਿੰਦਿਆਂ ਲੋਕਾਂ ਦੀ ਆਸਾਂ ਅਤੇ ਉਮੀਦਾਂ ’ਤੇ ਖ਼ਰਾ ਉੱਤਰਨ ਲਈ ਕੰਮ ਕੀਤਾ ਜਾਵੇਗਾ। ਇਸ ਮੌਕੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਐਸਐਸਪੀ ਨਵਜੋਤ ਸਿੰਘ ਮਾਹਲ, ਐਸਪੀ ਸਿਟੀ ਹਰਵਿੰਦਰ ਸਿੰਘ ਵਿਰਕ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।