Nabaz-e-punjab.com

ਪੰਜਾਬ ਦੀਆਂ ਲਹੂ ਪੀਣੀਆਂ ਸੜਕਾਂ, 8 ਸਾਲਾਂ ਵਿੱਚ 38 ਹਜ਼ਾਰ ਤੋਂ ਵੱਧ ਲੋਕਾਂ ਦੀ ਸੜਕ ਹਾਦਸਿਆਂ ’ਚ ਗਈ ਜਾਨ

ਮੁਹਾਲੀ ਸਮੇਤ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ 51,846 ਸੜਕ ਹਾਦਸੇ ਵਾਪਰੇ, 31,991 ਗੰਭੀਰ ਜ਼ਖ਼ਮੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੂਨ:
ਪੰਜਾਬ ਦੀਆਂ ਲਹੂ ਪੀਣੀਆਂ ਸੜਕਾਂ ਨੇ ਪਿਛਲੇ ਅੱਠ ਸਾਲਾਂ ਵਿੱਚ 38 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲਈ। ਜਿਨ੍ਹਾਂ ਵਿੱਚ ਬੱਚੇ, ਬਜ਼ੁਰਗ ਅਤੇ ਨੌਜਵਾਨ ਅਤੇ ਅੌਰਤਾਂ ਸ਼ਾਮਲ ਹਨ। ਪੰਜਾਬ ਪੁਲੀਸ ਦਾ ਮੰਨਣਾ ਹੈ ਕਿ ਜ਼ਿਆਦਾਤਰ ਸੜਕ ਹਾਦਸੇ ਟਰੈਫ਼ਿਕ ਨਿਯਮਾਂ ਦੀ ਘੋਰ ਉਲੰਘਣਾ ਅਤੇ ਤੇਜ਼ ਰਫ਼ਤਾਰੀ ਕਾਰਨ ਵਾਪਰੇ ਹਨ। ਸਾਲ 2011 ਤੋਂ ਲੈ ਕੇ 31 ਦਸੰਬਰ 2018 ਤੱਕ ਪੰਜਾਬ ਵਿੱਚ 51 ਹਜ਼ਾਰ 846 ਸੜਕ ਹਾਦਸੇ ਵਾਪਰੇ ਹਨ। ਇਨ੍ਹਾਂ ਹਾਦਸਿਆਂ ਵਿੱਚ 38,054 ਵਿਅਕਤੀਆਂ ਨੂੰ ਆਪਣੀ ਜਾਨ ਗੁਆਈ ਪਈ ਹੈ ਜਦੋਂਕਿ 32 ਹਜ਼ਾਰ 991 ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਇਹ ਉਹ ਅੰਕੜੇ ਹਨ ਪੁਲੀਸ ਦੇ ਰਿਕਾਰਡ ਵਿੱਚ ਦਰਜ ਹਨ। ਕਾਫੀ ਮਾਮਲੇ ਅਜਿਹੇ ਵੀ ਹਨ, ਜੋ ਪੁਲੀਸ ਕੋਲ ਪਹੁੰਚੇ ਹੀ ਨਹੀਂ ਹਨ।
ਪੰਜਾਬ ਪੁਲੀਸ ਦੇ ਟਰੈਫ਼ਿਕ ਵਿੰਗ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਸਾਲ 2018 ਵਿੱਚ 6411 ਸੜਕ ਹਾਦਸੇ ਵਾਪਰੇ ਹਨ। ਜਿਨ੍ਹਾਂ ਵਿੱਚ 4725 ਵਿਅਕਤੀਆਂ ਦੀ ਜਾਨ ਚਲੀ ਗਈ ਅਤੇ 3380 ਗੰਭੀਰ ਜ਼ਖ਼ਮੀ ਹੋਏ। ਸਾਲ 2017 ਵਿੱਚ 6213 ਸੜਕ ਦੁਰਘਟਨਾਵਾਂ ਵਿੱਚ 4459 ਲੋਕਾਂ ਦੀ ਮੌਤ ਤੇ 4218 ਜ਼ਖ਼ਮੀ। ਸਾਲ 2016 ਵਿੱਚ 6952 ਸੜਕ ਹਾਦਸਿਆਂ ਵਿੱਚ 5077 ਲੋਕਾਂ ਦੀ ਮੌਤ ਅਤੇ 4351 ਜ਼ਖ਼ਮੀ, ਸਾਲ 2015 ਵਿੱਚ 8702 ਸੜਕ ਹਾਦਸੇ ਵਾਪਰੇ ਸਨ। ਜਿਨ੍ਹਾਂ ’ਚੋਂ 4893 ਵਿਅਕਤੀਆਂ ਦੀ ਮੌਤ ਅਤੇ 4414 ਜ਼ਖ਼ਮੀ ਹੋਏ ਸੀ।
ਇਸੇ ਤਰ੍ਹਾਂ ਸਾਲ 2014 ਵਿੱਚ ਵਾਪਰੇ 6391 ਸੜਕ ਹਾਦਸਿਆਂ ਵਿੱਚ 4621 ਲੋਕਾਂ ਦੀ ਮੌਤ ਅਤੇ 4127 ਵਿਅਕਤੀ ਜ਼ਖ਼ਮੀ, ਸਾਲ 2013 ਵਿੱਚ 6323 ਸੜਕ ਦੁਰਘਟਨਾਵਾਂ ਵਿੱਚ 4528 ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਅਤੇ 4383 ਲੋਕ ਜ਼ਖ਼ਮੀ ਹੋਏ। ਸਾਲ 2012 ਵਿੱਚ 6341 ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿੱਚ 4820 ਲੋਕਾਂ ਦੀ ਮੌਤ ਅਤੇ 3997 ਵਿਅਕਤੀ ਜ਼ਖ਼ਮੀ ਅਤੇ ਸਾਲ 2011 ਵਿੱਚ 6513 ਸੜਕ ਹਾਦਸਿਆਂ ਵਿੱਚ 4931 ਵਿਅਕਤੀਆਂ ਦੀ ਮੌਤ ਹੋਈ ਅਤੇ 4081 ਲੋਕ ਜ਼ਖ਼ਮੀ ਹੋ ਗਏ ਸੀ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਸੜਕ ਹਾਦਸਿਆਂ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਕਾਫੀ ਵਿਅਕਤੀ ਅਜਿਹੇ ਵੀ ਹਨ, ਜਿਹੜੇ ਹੁਣ ਵੀ ਪੂਰੀ ਤਰ੍ਹਾਂ ਚੱਲਣ ਫਿਰਨ ਕਾਬਿਲ ਨਹੀਂ ਹਨ ਅਤੇ ਕਾਫੀ ਲੋਕ ਅਪਾਹਜਾਂ ਵਰਗੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਕਈ ਲੋਕਾਂ ਨੂੰ ਜ਼ਿੰਦਗੀ ਜਿਊਣ ਲਈ ਆਪਣੇ ਸਰੀਰ ਦੇ ਅੰਗ ਵੀ ਕਟਵਾਉਣੇ ਪਏ ਹਨ।
(ਬਾਕਸ ਆਈਟਮ)
ਪੰਜਾਬ ਪੁਲੀਸ ਦੇ ਏਡੀਜੀਪੀ (ਟਰੈਫ਼ਿਕ) ਡਾ. ਐਸਐਸ ਚੌਹਾਨ ਨੇ ਕਿਹਾ ਕਿ ਸੜਕ ਹਾਦਸਿਆਂ ਵਿੱਚ ਪੰਜਾਬ ਵਿੱਚ ਰੋਜ਼ਾਨਾ 10 ਤੋਂ 12 ਮੌਤਾਂ ਹੁੰਦੀਆਂ ਹਨ, ਜਦੋਂਕਿ ਦੇਸ਼ ਭਰ ਦੇ ਅੰਕੜੇ ਪ੍ਰੇਸ਼ਾਨ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਸੰਗਰਾਮ ਅਤੇ ਅਤਿਵਾਦ ਦੌਰਾਨ ਲੋਹਾ ਲੈਂਦਿਆਂ ਵੀ ਏਨੇ ਵਿਅਕਤੀ ਸ਼ਹੀਦ ਨਹੀਂ ਹੋਏ ਹਨ, ਜਿੰਨੇ ਕੀ ਸੜਕ ਹਾਦਸਿਆਂ ਵਿੱਚ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਵਾਜਾਈ ਸਮੱਸਿਆ ਲਗਾਤਾਰ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਆਮ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਸ੍ਰੀ ਚੌਹਾਨ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਸੜਕ ਹਾਦਸਿਆਂ ਵਿੱਚ ਛੇ ਫੀਸਦੀ ਵਾਧਾ ਹੋਇਆ ਹੈ। ਮੁਹਾਲੀ ਤੋਂ ਖਰੜ, ਲਾਂਡਰਾਂ ਜੰਕਸ਼ਨ ਸਮੇਤ ਪੰਜਾਬ ਦੀਆਂ ਕਈ ਅਜਿਹੀਆਂ ਸੜਕਾਂ ਹਨ। ਜਿਨ੍ਹਾਂ ਨੇ ਬੇਹੱਦ ਟਰੈਫ਼ਿਕ ਦੀ ਸਮੱਸਿਆ ਹੈ। ਕਈ ਵਾਰ ਸੜਕ ਦੁਰਘਟਨਾ ਵਾਪਰਨ ’ਤੇ ਐਂਬੂਲੈਂਸ ਤਾਂ ਤੁਰੰਤ ਮੌਕੇ ’ਤੇ ਪਹੁੰਚ ਜਾਂਦੀ ਹੈ ਪ੍ਰੰਤੂ ਸੜਕਾਂ ’ਤੇ ਆਵਾਜਾਈ ਜ਼ਿਆਦਾ ਹੋਣ ਕਰਕੇ ਕਈ ਵਾਰ ਜ਼ਖ਼ਮੀਆਂ ਨੂੰ ਹਸਪਤਾਲ ਤੱਕ ਲਿਜਾਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਟਰੈਫ਼ਿਕ ਪੁਲੀਸ ਨੇ ਹੁਣ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕਰਨ ਦਾ ਫੈਸਲਾ ਕੀਤਾ ਹੈ। ਜਿਸ ਦੇ ਤਹਿਤ ਮੁਹਾਲੀ ਸ਼ਹਿਰ ਲਈ ਦੋ ਡਰੋਨ ਲਗਾਏ ਜਾਣਗੇ। ਇਸ ਸਬੰਧੀ ਇਕ ਪ੍ਰਾਈਵੇਟ ਕੰਪਨੀ ਨਾਲ ਸਮਝੌਤਾ ਹੋ ਚੁੱਕਾ ਹੈ। (ਧੰਨਵਾਦ ਸਾਹਿਤ-ਪੰਜਾਬੀ ਟ੍ਰਿਬਿਊਨ)

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…