
ਕਰੋਨਾ ਵੈਕਸੀਨ ਨੂੰ ਲੈ ਕੇ ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਲੋਕ: ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਹਾਲੀ ਤੋਂ ਕਰੋਨਾ ਟੀਕਾਕਰਨ ਦਾ ਆਗਾਜ਼
ਮੁੱਖ ਮੰਤਰੀ ਵੱਲੋਂ ਗਰੀਬ ਵਰਗ ਦੇ ਲੋਕਾਂ ਲਈ ਮੁਫ਼ਤ ਇਲਾਜ ਦੀ ਵਿਵਸਥਾ ਕਰਨ ’ਤੇ ਜ਼ੋਰ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਮੁਹਾਲੀ ਦੇ ਸਿਵਲ ਹਸਪਤਾਲ ਫੇਜ਼-6 ਤੋਂ ਕਰੋਨਾ ਟੀਕਾਕਰਨ ਮੁਹਿੰਮ ਦਾ ਰਸਮੀ ਆਗਾਜ਼ ਕੀਤਾ ਗਿਆ। ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਪੌਣੇ ਦੋ ਲੱਖ ਸਿਹਤ ਕਾਮਿਆਂ ਦਾ ਟੀਕਾਕਰਨ ਕੀਤਾ ਜਾਵੇਗਾ ਅਤੇ ਰੋਜ਼ਾਨਾ 40 ਹਜ਼ਾਰ ਸਿਹਤ ਕਾਮਿਆਂ ਨੂੰ ਟੀਕਾਕਰਨ ਮੁਹਿੰਮ ਹੇਠ ਕਵਰ ਕੀਤਾ ਜਾਵੇਗਾ। ਇਸੇ ਨਾਲ ਹੀ ਫਰੰਟਲਾਈਨ ਵਰਕਰ, ਬਜ਼ੁਰਗ (50 ਸਾਲ ਤੋਂ ਵੱਧ ਉਮਰ ਵਾਲੇ) ਅਤੇ 50 ਸਾਲ ਤੋਂ ਘੱਟ ਉਮਰ ਤੇ ਸਹਿ-ਰੋਗਾਂ ਵਾਲੀ ਆਬਾਦੀ ਨੂੰ ਤਰਜ਼ੀਹ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਅੱਜ ਸੂਬੇ ਵਿੱਚ 59 ਟੀਕਾਕਰਨ ਥਾਵਾਂ ’ਤੇ ਟੀਕਾਕਰਨ ਮੁਹਿੰਮ ਦਾ ਸ਼ੁੱਭ ਆਰੰਭ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਸਭ ਤੋਂ ਪਹਿਲਾਂ ਟੀਕਾ ਲਗਾਉਣਾ ਚਾਹੁੰਦੇ ਸਨ ਪ੍ਰੰਤੂ ਪ੍ਰਧਾਨ ਮੰਤਰੀ ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਇਹ ਦਵਾਈ ਪਹਿਲਾਂ ਸਿਹਤ ਕਾਮਿਆਂ ਅਤੇ ਫਰੰਟਲਾਈਨ ਕਰੋਨਾ ਯੋਧਿਆਂ ਨੂੰ ਦਿੱਤੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਵੈਕਸੀਨ ਨੂੰ ਲੈ ਕੇ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਝੂਠੀਆਂ ਨੂੰ ਅਫ਼ਵਾਹਾਂ ਨੂੰ ਮੁੱਢੋਂ ਰੱਦ ਕਰਦਿਆਂ ਸੂਬੇ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲੈਣ ਲਈ ਪ੍ਰੇਰਦਿਆਂ ਕਿਹਾ ਕਿ ਦਵਾਈ ਸਬੰਧੀ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ‘‘ਮੇਰੇ ਲਈ ਹਰੇਕ ਪੰਜਾਬੀ ਦੀ ਜਾਨ ਬਹੁਤ ਕੀਮਤੀ ਹੈ।’’ ਪੰਜਾਬ ਨੂੰ ਇਸ ਮਹਾਮਾਰੀ ਤੋਂ ਬਚਾਉਣ ਸਰਕਾਰ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਛੋਟੇ ਮੁਲਾਜ਼ਮਾਂ ਨੇ ਆਪਣੀ ਜਾਨ ਨੂੰ ਜ਼ੋਖ਼ਮ ਵਿੱਚ ਪਾ ਕੇ ਪੂਰੀ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਡਿਊਟੀ ਨਿਭਾਈ ਗਈ ਹੈ। ਜਿਨ੍ਹਾਂ ਕਰਕੇ ਅੱਜ ਪੰਜਾਬ ਦੇ ਹਾਲਾਤ ਹੋਰਨਾਂ ਸੂਬਿਆਂ ਨਾਲੋਂ ਕਾਫ਼ੀ ਬਿਹਤਰ ਹਨ। ਉਂਜ ਉਨ੍ਹਾਂ ਕਿਹਾ ਕਿ ਜਦੋਂ ਤੱਕ ਕਰੋਨਾ ਖ਼ਿਲਾਫ਼ ਪੂਰੀ ਤਰ੍ਹਾਂ ਜੰਗ ਨਹੀਂ ਜਿੱਤ ਲਈ ਜਾਂਦੀ, ਉਦੋਂ ਤੱਕ ਹਰੇਕ ਵਿਅਕਤੀਆਂ ਨੂੰ ਸਾਵਧਾਨੀਆਂ ਵਰਤਨ ਦੀ ਸਖ਼ਤ ਲੋੜ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਘਰ ਤੋਂ ਬਾਹਰ ਜਾਣ ਸਮੇਂ ਆਪਣੇ ਮੂੰਹ ’ਤੇ ਮਾਸਕ ਪਾਉਣ ਅਤੇ ਇਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣਾ ਯਕੀਨੀ ਬਣਾਇਆ ਜਾਵੇ। ਮੁੱਖ ਮੰਤਰੀ ਨੇ ਕਰੋਨਾ ਵੈਕਸੀਨ ਦੀਆਂ 2 ਲੱਖ ਤੋਂ ਵੱਧ ਖੁਰਾਕਾਂ ਪ੍ਰਾਪਤ ਹੋਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਬਿਮਾਰੀ ਦਾ ਬੋਝ ਘਟਾਉਣ ਅਤੇ ਇਸ ਨੂੰ ਅੱਗੇ ਫੈਲਾਅ ਤੋਂ ਰੋਕਣ ਲਈ ਗਰੀਬ ਲੋਕਾਂ ਵਾਸਤੇ ਮੁਫ਼ਤ ਵੈਕਸੀਨ ਮੁਹੱਈਆ ਕਰਵਾਉਣ ’ਤੇ ਵਿਚਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਕੋਵਿਡ ਕਾਰਨ ਬਹੁਤ ਅੌਖੇ ਸਮੇਂ ’ਚੋਂ ਗੁਜ਼ਰੇ ਹਨ। ਜਿਸ ਨਾਲ ਆਰਥਿਕ ਸਰਗਰਮੀਆਂ ’ਤੇ ਕਾਫੀ ਮਾੜਾ ਅਸਰ ਪਿਆ ਅਤੇ ਹਾਲੇ ਵੀ ਅਰਥਚਾਰਾ ਇਸ ਸੰਕਟ ’ਚੋਂ ਨਹੀਂ ਉਭਰ ਸਕਿਆ ਹੈ।
ਇਸ ਤੋਂ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਰੋਨਾ ਟੀਕਾਕਰਨ ਲਈ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਟੀਕੇ ਦੀਆਂ ਖੁਰਾਕਾਂ ਦੀ ਪਹਿਲੀ ਖੇਪ ਸਾਰੇ ਜ਼ਿਲ੍ਹਾ ਕੋਲਡ ਚੇਨ ਸਟੋਰਾਂ ਨੂੰ ਪਹਿਲਾਂ ਹੀ ਵੰਡੀ ਜਾ ਚੁੱਕੀ ਹੈ। ਇਨ੍ਹਾਂ ਟੀਕਿਆਂ ਦੀ ਵਰਤੋਂ ਸਬੰਧੀ ਸਿਹਤ ਕਾਮਿਆਂ ਤੇ ਅਧਿਕਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਟੀਕਾਕਰਨ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੀਆਂ ਥਾਵਾਂ ’ਤੇ ਭਾਰਤ ਸਰਕਾਰ ਦੇ ਤੈਅ ਸੁਰੱਖਿਆ ਮਾਪਦੰਡਾਂ (ਐਸਓਪੀਜ਼) ਅਨੁਸਾਰ ਇੱਕ ਟੀਕਾਕਰਨ ਅਭਿਆਸ ਵੀ ਕੀਤਾ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿਰਫ਼ ਰਜਿਸਟਰਡ ਲਾਭਪਾਤਰੀਆਂ (ਹੈਲਥ ਕੇਅਰ ਵਰਕਰਾਂ), ਜਿਨ੍ਹਾਂ ਦੇ ਵੇਰਵੇ ਕੋਵਿਨ ਪੋਰਟਲ ’ਤੇ ਦਰਜ ਹਨ, ਦਾ ਹੀ ਟੀਕਾਕਰਨ ਕੀਤਾ ਜਾਵੇਗਾ।
ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਆਈਏਐਸ ਰਵੀ ਭਗਤ, ਡੀਸੀ ਗਿਰੀਸ਼ ਦਿਆਲਨ, ਐਸਐਸਪੀ ਸਤਿੰਦਰ ਸਿੰਘ, ਏਡੀਸੀ ਸ੍ਰੀਮਤੀ ਆਸ਼ਿਕਾ ਜੈਨ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਰਜਿੰਦਰ ਸਿੰਘ ਰਾਣਾ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਸਾਬਕਾ ਕੌਂਸਲਰ ਅਮਰੀਕ ਸਿੰਘ ਸੋਮਲ, ਯੂਥ ਆਗੂ ਨਰਪਿੰਦਰ ਸਿੰਘ ਰੰਗੀ, ਪਰਦੀਪ ਸੋਨੀ, ਜਤਿੰਦਰ ਜੌਲੀ ਅਤੇ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਮੌਜੂਦ ਸਨ।