ਲੋਕ ਬਿਨਾਂ ਜ਼ਰੂਰੀ ਕੰਮ ਤੋਂ ਘਰਾਂ ’ਚੋਂ ਬਾਹਰ ਨਾ ਨਿਕਲਣ: ਸਿਵਲ ਸਰਜਨ

ਅੌਖੀ ਘੜੀ ’ਚੋਂ ਬਾਹਰ ਨਿਕਲਣ ਲਈ ਲੋਕਾਂ ਦਾ ਸਾਥ ਬਹੁਤ ਜ਼ਰੂਰੀ: ਡਾ. ਆਦਰਸ਼ਪਾਲ ਕੌਰ

ਆਨਲਾਈਨ ਅਦਾਇਗੀ ਨੂੰ ਤਰਜੀਹ ਦੇਣ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਈ:
ਜ਼ਿਲ੍ਹਾ ਮੁਹਾਲੀ ਵਿੱਚ ‘ਕਰੋਨਾਵਾਇਰਸ’ ਲਾਗ ਦੇ ਵੱਧ ਰਹੇ ਕੇਸਾਂ ਦੇ ਸਨਮੁਖ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਲੋਕਾਂ ਨੂੰ ਮੁੜ ਅਪੀਲ ਕਰਦਿਆਂ ਆਖਿਆ ਕਿ ਇਸ ਮਾਰੂ ਬੀਮਾਰੀ ਤੋਂ ਘਬਰਾਉਣ ਦੀ ਨਹੀਂ ਸਗੋਂ ਤਮਾਮ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਵਧੇਰੇ ਲੋੜ ਹੈ। ਉਨ੍ਹਾਂ ਕਿਹਾ ਕਿ ਕੇਸਾਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦਾ ਮੁੱਖ ਕਾਰਨ ਇਹ ਹੈ ਕਿ ਕਈ ਲੋਕ ਮੂੰਹ ਢੱਕ ਕੇ ਰੱਖਣ, ਇਕ ਦੂਜੇ ਤੋਂ ਦੂਰੀ ਰੱਖਣ ਅਤੇ ਵਾਰ-ਵਾਰ ਹੱਥ ਧੋਣ ਦੇ ਬੁਨਿਆਦੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਜਦੋਂ ਹਾਲਤ ਵਿਗੜ ਜਾਂਦੀ ਹੈ, ਉਦੋਂ ਹੀ ਕੋਵਿਡ ਟੈਸਟ ਕਰਵਾਉਂਦੇ ਹਨ ਜਾਂ ਹਸਪਤਾਲਾਂ ਵਿੱਚ ਜਾਂਦੇ ਹਨ।
ਡਾ. ਆਦਰਸ਼ਪਾਲ ਕੌਰ ਨੇ ਆਖਿਆ, ‘ਇਸ ਵੇਲੇ ਜ਼ਰੂਰੀ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਬੇਹੱਦ ਜ਼ਰੂਰਤ ਹੈ। ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਮਾਰੀ ਨੂੰ ਕੰਟਰੋਲ ਕਰਨ ਲਈ ਲੋੜੀਂਦੇ ਪ੍ਰਬੰਧਾਂ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਪਰ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।‘ ਉਨ੍ਹਾਂ ਕਿਹਾ ਕਿ ਕਈ ਲੋਕ ਬਿਨਾਂ ਕਿਸੇ ਖ਼ਾਸ ਲੋੜ ਜਾਂ ਕੰਮ ਦੇ ਬਾਜ਼ਾਰਾਂ ਵਿੱਚ ਜਾਂ ਹੋਰ ਥਾਈਂ ਜਾ ਰਹੇ ਹਨ ਜੋ ਬਹੁਤ ਗਲਤ ਰੁਝਾਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਕੰਮ ਬਹੁਤੇ ਜ਼ਰੂਰੀ ਨਹੀਂ, ਉਨ੍ਹਾਂ ਨੂੰ ਫ਼ਿਲਹਾਲ ਅੱਗੇ ਪਾ ਦਿਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਮਾੜਾ ਦੌਰ ਚੱਲ ਰਿਹਾ ਹੈ ਅਤੇ ਇਸ ਅੌਖੀ ਘੜੀ ’ਚੋਂ ਬਾਹਰ ਨਿਕਲਣ ਲਈ ਸਾਰਿਆਂ ਨੂੰ ਮਿਲ-ਜੁਲ ਕੇ ਯਤਨ ਕਰਨ ਦੀ ਲੋੜ ਹੈ। ਖੰਘ, ਬੁਖ਼ਾਰ, ਸਾਹ ਲੈਣ ਵਿਚ ਤਕਲੀਫ਼ ਜਿਹੇ ਲੱਛਣ ਦਿਸਣ ‘ਤੇ ਤੁਰੰਤ ਕੋਵਿਡ ਟੈਸਟ ਕਰਵਾਇਆ ਜਾਵੇ ਜੋ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫ਼ਤ ਹੋ ਰਿਹਾ ਹੈ। ਬੇਹੱਦ ਜ਼ਰੂਰੀ ਕੰਮ ਪੈਣ ‘ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ ਨਾਲ ਮੂੰਹ ਢੱਕ ਕੇ ਰਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰਖਿਆ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸੇ ਕੋਵਿਡ ਮਰੀਜ਼ ਅੰਦਰ ਬੀਮਾਰੀ ਦਾ ਕੋਈ ਲੱਛਣ ਨਹੀਂ ਤਾਂ ਵੀ ਉਸ ਨੂੰ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਉਹ ਕਿਸੇ ਹੋਰ ਨੂੰ ਆਸਾਨੀ ਨਾਲ ਬੀਮਾਰੀ ਲਾ ਸਕਦਾ ਹੈ।
ਸਿਵਲ ਸਰਜਨ ਨੇ ਦੁਹਰਾਇਆ ਕਿ ਪਾਣੀ, ਸੀਵਰੇਜ ਅਤੇ ਬਿਜਲੀ ਦਾ ਬਿੱਲ ਭਰਨ, ਕਰਜ਼ੇ ਦੀ ਕਿਸ਼ਤ ਭਰਨ, ਵਾਹਨ ਦਾ ਬੀਮਾ ਕਰਵਾਉਣ, ਰਸੋਈ ਗੈਸ ਸਲੰਡਰ ਭਰਵਾਉਣ ਲਈ ਅਦਾਇਗੀ ਕਰਨ, ਮੋਬਾਈਲ ਫ਼ੋਨ, ਟੀਵੀ ਡਿਸ਼ ਰੀਚਾਰਜ ਕਰਵਾਉਣ ਜਾਂ ਅਜਿਹੇ ਹੋਰ ਕਈ ਕੰਮ ਘਰ ਵਿਚ ਹੀ ਮੋਬਾਈਲ ਜਾਂ ਕੰਪਿਊਟਰ ’ਤੇ ਆਨਲਾਈਨ ਕੀਤੇ ਜਾ ਸਕਦੇ ਹਨ ਜਿਨ੍ਹਾਂ ਵਾਸਤੇ ਬਾਹਰ ਬਾਜ਼ਾਰ ਵਿਚ ਜਾਣ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿਗ਼ਜਿਹੜੀਆਂ ਦੁਕਾਨਾਂ ਖ਼ੁਲ੍ਹੀਆਂ ਹਨ, ਉਨ੍ਹਾਂ ਵਿਚ ਗਾਹਕਾਂ ਦੀ ਭੀੜ ਨਹੀਂ ਹੋਣੀ ਚਾਹੀਦੀ ਅਤੇ ਸਮਾਜਕ ਦੂਰੀ ਹਰ ਹਾਲਤ ਵਿਚ ਕਾਇਮ ਰੱਖੀ ਜਾਣੀ ਚਾਹੀਦੀ ਹੈ। ਦੁਕਾਨ ਵਿਚ ਦਾਖ਼ਲ ਹੋਣ ਵੇਲੇ ਅਤੇ ਬਾਹਰ ਆਉਣ ਸਮੇਂ ਵੀ ਹੱਥ ਧੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਹਤ ਸਮੱਸਿਆ ਸਬੰਧੀ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕਰ ਕੇ ਮਾਹਰ ਡਾਕਟਰ ਦੀ ਸਲਾਹ ਵੀ ਲਈ ਜਾ ਸਕਦੀ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…