ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ: ਹਰਕੇਸ਼ ਚੰਦ ਸ਼ਰਮਾ

ਲਾਂਡਰਾਂ ਨੇੜਿਓਂ ਲੰਘਦੀ ਪਟਿਆਲਾ ਦੀ ਰਾਓ ਦੇ ਗੰਦੇ ਪਾਣੀ ’ਚ ਮੂਲੀਆਂ ਧੋਂਦੇ ਹੋਏ ਰੰਗੇ ਹੱਥੀ ਫੜੇ

ਮੁਹਾਲੀ ਵਿੱਚ ਮਹਿੰਗੇ ਭਾਅ ’ਤੇ ਸਬਜ਼ੀਆਂ ਤੇ ਫਲ ਵੇਚਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਮੁਹਾਲੀ ਇਲਾਕੇ ਵਿੱਚ ਮਹਿੰਗੇ ਭਾਅ ’ਤੇ ਦੂਸ਼ਿਤ ਸਬਜ਼ੀਆਂ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਗੰਦੇ ਨਾਲੇ ਦੇ ਪਾਣੀ ਵਿੱਚ ਧੋ ਕੇ ਵੇਚਣ ਲਈ ਰੇਹੜੀਆਂ ’ਤੇ ਲੱਦੀਆਂ ਮੂਲੀਆਂ ਨੂੰ ਪੁਲੀਸ ਅਤੇ ਲੋਕਾਂ ਦੀ ਮੌਜੂਦਗੀ ਵਿੱਚ ਨਸ਼ਟ ਕਰਵਾਇਆ ਗਿਆ ਅਤੇ ਗੰਦੇ ਪਾਣੀ ਵਿੱਚ ਮੂਲੀਆਂ ਧੌਣ ਵਾਲੇ ਵਿਅਕਤੀਆਂ ਨੇ ਜਨਤਕ ਤੌਰ ’ਤੇ ਆਪਣੇ ਕੰਨ ਫੜ ਕੇ ਮੁਆਫ਼ੀ ਮੰਗੀ ਗਈ। ਇਸ ਮੌਕੇ ਸਨੇਟਾ ਪੁਲੀਸ ਚੌਕੀ ਦੇ ਇੰਚਾਰਜ ਪਰਮਜੀਤ ਸਿੰਘ, ਏਐਸਆਈ ਜਸਪਾਲ ਸਿੰਘ, ਨਿਊਂ ਲਾਂਡਰਾਂ ਦੇ ਸਰਪੰਚ ਗੁਰਮੁੱਖ ਸਿੰਘ, ਹਰਨੇਕ ਸਿੰਘ ਗਿੱਲ, ਪਰਮਿੰਦਰ ਸਿੰਘ ਲਾਂਡਰਾਂ, ਚਰਨਜੀਤ ਸਿੰਘ ਚੰਨੀ ਅਤੇ ਲਾਂਡਰਾਂ ਜੰਕਸ਼ਨ ’ਤੇ ਤਾਇਨਾਤ ਟਰੈਫ਼ਿਕ ਪੁਲੀਸ ਦੇ ਕਰਮਚਾਰੀ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਨੇ ਕਿਹਾ ਕਿ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਨਤਕ ਤੌਰ ’ਤੇ ਮੁਆਫ਼ ਕਾਰਨ ਫਿਲਹਾਲ ਰੇਹੜੀ ਵਾਲਿਆਂ ਨੂੰ ਤਾੜਨਾ ਕਰਕੇ ਛੱਡਿਆ ਗਿਆ ਹੈ ਲੇਕਿਨ ਜੇਕਰ ਦੁਬਾਰਾ ਚੈਕਿੰਗ ਦੌਰਾਨ ਫੜੇ ਗਏ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਰਫਿਊ ਦਾ ਨਾਜਾਇਜ਼ ਫਾਇਦਾ ਚੁੱਕਦਿਆਂ ਸ਼ਹਿਰ ਅਤੇ ਪੇਂਡੂ ਖੇਤਰ ਵਿੱਚ ਲੋਕਾਂ ਨੂੰ ਮਹਿੰਗੇ ਭਾਅ ’ਤੇ ਫਲ ਤੇ ਸਬਜ਼ੀਆਂ ਵੇਚਣ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਸ਼ਰਮਾ ਨੇ ਸਪੱਸ਼ਟ ਕਿਹਾ ਕਿ ਲੋਕਾਂ ਦੀ ਆਰਥਿਕ ਲੁੱਟ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮਾਰਕੀਟ ਰੇਟਾਂ ਤੋਂ ਵੱਧ ਕੀਮਤ ਵਸੂਲਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਮਹਿੰਗੇ ਭਾਅ ’ਤੇ ਸਬਜ਼ੀਆਂ ਵੇਚਣ ਵਾਲਿਆਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ। ਜੇਕਰ ਫਿਰ ਵੀ ਉਹ ਬਾਜ਼ ਨਹੀਂ ਆਏ ਤਾਂ ਉਨ੍ਹਾਂ ਖ਼ਿਲਾਫ਼ ਪੁਲੀਸ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਅਨੁਸਾਰ ਕੁਝ ਵਿਅਕਤੀ ਲਾਂਡਰਾਂ ਵਿੱਚ ਠੇਕੇ ’ਤੇ ਜ਼ਮੀਨ ਲੈ ਕੇ ਸਬਜ਼ੀਆਂ ਦੀ ਖੇਤੀ ਕਰਦੇ ਹਨ। ਜਿਨ੍ਹਾਂ ਵੱਲੋਂ ਪੈਸੇ ਬਚਾਉਣ ਦੇ ਚੱਕਰ ਵਿੱਚ ਜਿੱਥੇ ਗੰਦੇ ਨਾਲੇ ਦੇ ਪਾਣੀ ਨਾਲ ਸਿੰਜਾਈ ਕੀਤੀ ਜਾ ਰਹੀ ਹੈ, ਉੱਥੇ ਉਹ ਸਬਜ਼ੀਆਂ, ਮੂਲੀਆਂ ਨੂੰ ਖੇਤਾਂ ’ਚੋਂ ਲੰਘਦੀ ਪਟਿਆਲਾ ਕੀ ਰਾਓ ਦੇ ਗੰਦੇ ਪਾਣੀ ਵਿੱਚ ਧੋਇਆ ਜਾਂਦਾ ਹੈ। ਇੰਜ ਹੀ ਲਖਨੌਰ ਚੋਅ ਦੇ ਗੰਦੇ ਪਾਣੀ ਨਾਲ ਕੁਝ ਪਿੰਡਾਂ ਦੇ ਲੋਕ ਫਲ, ਸਬਜ਼ੀਆਂ ਅਤੇ ਫਸਲਾਂ ਦੀ ਸਿੰਜਾਈ ਕਰਦੇ ਹਨ। ਇਹੀ ਨਹੀਂ ਸ਼ਹਿਰੀ ਖੇਤਰ ਵਿੱਚ ਆਉਂਦੀਆਂ ਜ਼ਮੀਨਾਂ ਦੇ ਮਾਲਕ ਵੀ ਸੀਵਰੇਜ ਦੇ ਪਾਣੀ ਨਾਲ ਸਬਜ਼ੀਆਂ ਦੀ ਪੈਦਾਵਾਰ ਕਰਨ ਬਾਰੇ ਪਤਾ ਲੱਗਾ ਹੈ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…