nabaz-e-punjab.com

ਰੋਸ ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਵੱਲੋਂ ਦੁਕਾਨਾਂ ਦੀ ਭੰਨ ਤੋੜ, ਪੁਲੀਸ ਵੱਲੋਂ ਲਾਠੀਚਾਰਜ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 1 ਜੁਲਾਈ
ਪਟਿਆਲਾ ਦੇ ਰਜਿੰਦਰਾ ਹਸਪਤਾਲ ਨੇੜੇ ਫੁਹਾਰਾ ਚੌਂਕ ਵਿੱਚ ਅੱਜ ਧੀਰੂ ਨਗਰ ਦੇ ਵਸਨੀਕਾਂ ਵੱਲੋਂ ਰੋਸ ਪ੍ਰਦਰਸ਼ਨ ਦੌਰਾਨ ਕਈ ਦੁਕਾਨਾਂ ਅਤੇ ਰੇਹੜੀਆਂ ਦੀ ਭੰਨਤੋੜ ਕਰ ਦਿੱਤੀ, ਜਿਸ ਕਰਕੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਹਿੰਸਕ ਵਿਅਕਤੀਆਂ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਉਥੇ ਲਾਠੀਚਾਰਜ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਵਿੱਚ ਦੇਰ ਰਾਤ ਦੋ ਗਰੁੱਪਾਂ ਵਿਚਾਲੇ ਹਿੰਸਕ ਝੜਪ ਹੋ ਗਈ ਸੀ, ਜਿਸ ਵਿੱਚ ਧੀਰੂ ਨਗਰ ਦੇ ਵਸਨੀਕ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।
ਅੱਜ ਸਵੇਰ ਵੇਲੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਅਤੇ ਧੀਰੂ ਨਗਰ ਦੇ ਵਸਨੀਕ ਰਜਿੰਦਰਾ ਹਸਪਤਾਲ ਦੇ ਸਾਹਮਣੇ ਫੁਹਾਰਾ ਚੌਂਕ ਵਿੱਚ ਇੱਕਠੇ ਹੋ ਕੇ ਰੋਸ ਪ੍ਰਦਰਸ਼ਨ ਕਰਨ ਲੱਗ ਪਏ। ਇਸ ਮੌਕੇ ਉਹਨਾਂ ਵਲੋੱ ਪੁਲੀਸ ਵਿਰੁੱਧ ਨਾਅਰੇਬਾਰੀ ਕੀਤੀ ਗਈ। ਕੁੱਝ ਸਮੇਂ ਬਾਅਦ ਹੀ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਵਿਅਕਤੀ ਹਿੰਸਕ ਹੋ ਗਏ ਹਨ ਅਤੇ ਉਹਨਾਂ ਨੇ ਉੱਥੇ ਸਥਿਤ ਦੁਕਾਨਾਂ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿਤੀ। ਇਸ ਦੌਰਾਨ ਕਈ ਰੇਹੜੀਆਂ ਦੀ ਵੀ ਭੰਨ ਤੋੜ ਕਰ ਦਿਤੀ ਗਈ। ਦੁਕਾਨਾਂ ਦੀ ਭੰਨ ਤੋੜ ਕਰਨ ਕਰਕੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਜਿਸ ਕਰਕੇ ਦੁਕਾਨਦਾਰ ਡਰਦੇ ਮਾਰੇ ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜ ਗਏ। ਹਿੰਸਕ ਧਰਨਾਕਾਰੀਆਂ ਨੂੰ ਕਾਬੂ ਕਰਨ ਲਈ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਸਥਿਤੀ ਕਾਬੂ ਹੇਠ ਕੀਤੀ। ਇਸ ਮੌਕੇ ਇਸ ਇਲਾਕੇ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿਤਾ ਗਿਆ ਸੀ ਅਤੇ ਪੁਲੀਸ ਦੇ ਉੱਚ ਅਧਿਕਾਰੀ ਸਥਿਤੀ ਉਪਰ ਲਗਾਤਾਰ ਨਜਰ ਰੱਖ ਰਹੇ ਸਨ। ਖ਼ਬਰ ਲਿਖੇ ਜਾਣ ਵੇਲੇ ਤੱਕ ਇਲਾਕੇ ਵਿੱਚ ਤਣਾਓ ਵਾਲੀ ਸਥਿਤੀ ਬਣੀ ਹੋਈ ਸੀ। ਇਸ ਇਲਾਕੇ ਦੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਧਰਨਾਕਾਰੀਆਂ ਨੂੰ ਉਹਨਾਂ ਦੀਆਂ ਦੁਕਾਨਾਂ ਅਤੇ ਰੇਹੜੀਆਂ ਦੀ ਭੰਨ ਤੋੜ ਨਹੀਂ ਕਰਨੀ ਚਾਹੀਦੀ ਸੀ। ਦੁਕਾਨਦਾਰਾਂ ਵਿੱਚ ਇਸ ਘਟਨਾਂ ਵਿਰੁੱਧ ਰੋਸ ਦੀ ਲਹਿਰ ਪਾਈ ਜਾ ਰਹੀ ਸੀ।

Load More Related Articles

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…