
ਮੁਹਾਲੀ ਏਅਰਪੋਰਟ ਨੇੜੇ ਕੁਦਰਤੀ ਨਜ਼ਾਰਾ ਤੇ ਸ਼ਾਨਦਾਰ ਮਾਹੌਲ ਦਾ ਆਨੰਦ ਮਾਣਨਗੇ ਲੋਕ
ਗਮਾਡਾ ਵੱਲੋਂ ਐਰੋਟ੍ਰੋਪੋਲਿਸ ਪ੍ਰਾਜੈਕਟ ਨੂੰ ਵਿਕਸਤ ਕਰਨ ਲਈ ਟੈਂਡਰ ਅਲਾਟ
ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹੋਵੇਗਾ ਐਰੋਟ੍ਰੋਪੋਲਿਸ ਪ੍ਰਾਜੈਕਟ: ਮੁੱਖ ਪ੍ਰਸ਼ਾਸਕ
ਨਬਜ਼-ਏ-ਪੰਜਾਬ, ਮੁਹਾਲੀ, 20 ਅਗਸਤ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ਨੇੜਲੇ ਇਲਾਕੇ ਵਿੱਚ ਐਰੋਟ੍ਰੋਪੋਲਿਸ ਨਾਂ ਦੀ ਨਵੀਂ ਟਾਊਨਸ਼ਿਪ ਦੀ ਸਥਾਪਨਾ ਵੱਲ ਇੱਕ ਹੋਰ ਕਦਮ ਪੁੱਟਦਿਆਂ ਇਸ ਵੱਕਾਰੀ ਪ੍ਰਾਜੈਕਟ ਦੇ ਬਲਾਕ ‘ਏ’, ‘ਬੀ’, ‘ਸੀ’ ਅਤੇ ‘ਡੀ’ ਵਿੱਚ ਗਰਿੱਡ ਸੜਕਾਂ ਦੇ ਵਿਕਾਸ ਲਈ ਟੈਂਡਰ ਅਲਾਟ ਕਰ ਦਿੱਤਾ ਹੈ। ਇਸ ਸਬੰਧੀ ਵੇਰਵੇ ਦਿੰਦਿਆਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨੇ ਦੱਸਿਆ ਕਿ ਲਗਪਗ 195 ਕਰੋੜ ਰੁਪਏ ਦੀ ਲਾਗਤ ਨਾਲ ਇਹ ਕੰਮ ਅਗਲੇ ਸਾਲ ਅਪਰੈਲ 2025 ਵਿੱਚ ਪੂਰਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਗਮਾਡਾ ਵਿਕਾਸ ਅਥਾਰਟੀ ਵੱਲੋਂ ਤਕਰੀਬਨ 5500 ਏਕੜ ਜ਼ਮੀਨ ’ਤੇ ਵੱਖ-ਵੱਖ ਪੜਾਵਾਂ ਵਿੱਚ ਐਰੋਟ੍ਰੋਪੋਲਿਸ ਪ੍ਰਾਜੈਕਟ ਸਥਾਪਤ ਕੀਤਾ ਜਾ ਰਿਹਾ ਹੈ। ਪਹਿਲੇ ਪੜਾਅ ਵਿੱਚ ਲਗਪਗ 1650 ਏਕੜ ਵਿੱਚ ਗਰਿੱਡ ਸੜਕਾਂ ਬਣਾਈਆਂ ਜਾਣਗੀਆਂ ਅਤੇ ਦੂਜੇ ਪੜਾਅ ਵਿੱਚ ਇੱਥੇ ਅੰਦਰੂਨੀ ਸੜਕਾਂ ਵਿਕਸਤ ਕੀਤੀਆਂ ਜਾਣਗੀਆਂ। ਇਸ ਉਪਰੰਤ ਸਾਰਾ ਵਿਕਸਤ ਇਲਾਕਾ ਵਿੱਚ ਰਿਹਾਇਸ਼ੀ, ਵਪਾਰਕ ਅਤੇ ਸੰਸਥਾਗਤ ਵਰਤੋਂ ਵਿੱਚ ਲਿਆਂਦਾ ਜਾਵੇਗਾ।
ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨੇ ਦੱਸਿਆ ਕਿ ਮੈਸ. ਐਸਬੀਈਆਈਪੀਐਲ-ਐਚਆਰਜੀ (ਜੇਵੀ) ਨੂੰ ਟੈਂਡਰ ਅਲਾਟ ਕੀਤਾ ਗਿਆ ਹੈ। ਕੰਪਨੀ ਇਸ ਪ੍ਰਾਜੈਕਟ ਵਿੱਚ ਮੌਜੂਦ ਵੱਖ-ਵੱਖ ਬਲਾਕਾਂ ਵਿੱਚ ਗਰਿੱਡ ਸੜਕਾਂ ਦਾ ਨਿਰਮਾਣ ਕਰੇਗੀ ਅਤੇ ਇਸ ਕੰਮ ਦੇ ਮੁਕੰਮਲ ਹੋਣ ਨਾਲ ਪ੍ਰਾਜੈਕਟ ਨੂੰ ਇੱਕ ਆਕਾਰ ਮਿਲੇਗਾ ਅਤੇ ਇਸ ਅੰਦਰ ਉਸਾਰੀ ਦੀਆਂ ਹੋਰ ਗਤੀਵਿਧੀਆਂ ਲਈ ਰਾਹ ਪੱਧਰਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਕ ਕੰਪੋਜ਼ਿਟ ਕੰਮ ਹੋਣ ਕਾਰਨ ਠੇਕੇਦਾਰ ਵੱਲੋਂ ਸਿਵਲ, ਜਨ ਸਿਹਤ ਅਤੇ ਇਲੈਕਟ੍ਰੀਕਲ ਸੇਵਾਵਾਂ ਦੀ ਪ੍ਰਾਜੈਕਟ ਵਿੱਚ ਵਿਵਸਥਾ ਕੀਤੀ ਜਾਵੇਗੀ। ਕਿਉਂਜੋ ਸਾਰੀਆਂ ਸੇਵਾਵਾਂ ਇਕੱਠੀਆਂ ਹੀ ਵਿਕਸਤ ਕੀਤੀਆਂ ਜਾਣਗੀਆਂ, ਇਸ ਨਾਲ ਪ੍ਰਾਜੈਕਟ ਵਿੱਚ ਯੋਜਨਾਬੱਧ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ।
ਸ੍ਰੀ ਗੁਪਤਾ ਨੇ ਕਿਹਾ ਕਿ ਇਸ ਵੱਕਾਰੀ ਪ੍ਰਾਜੈਕਟ ਵਿੱਚ ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ ਅਤੇ ਇੱਥੇ ਰਹਿਣ ਵਾਲੇ ਇੱਕ ਕੁਦਰਤੀ ਅਤੇ ਸ਼ਾਨਦਾਰ ਮਾਹੌਲ ਦਾ ਆਨੰਦ ਮਾਣਨਗੇ। ਉਨ੍ਹਾਂ ਦੱਸਿਆ ਕਿ ਕਿਉਂਜੋ ਐਰੋਟ੍ਰੋਪੋਲਿਸ ਪ੍ਰਾਜੈਕਟ ਕੌਮਾਂਤਰੀ ਹਵਾਈ ਅੱਡੇ ਅਤੇ ਗਮਾਡਾ ਵੱਲੋਂ ਇੱਥੇ ਪਹਿਲਾਂ ਤੋਂ ਵਿਕਸਤ ਐਰੋਸਿਟੀ ਅਤੇ ਆਈਟੀ ਸਿਟੀ ਟਾਊਨਸ਼ਿਪਾਂ ਨੇੜੇ ਹੋਣ ਕਰਕੇ ਭਵਿੱਖ ਵਿੱਚ ਇਹ ਰਿਹਾਇਸ਼ ਜਾਂ ਵਪਾਰਕ ਉੱਦਮ ਚਲਾਉਣ ਦੇ ਉਦੇਸ਼ ਲਈ ਬਹੁਤ ਵਧੀਆ ਪ੍ਰਾਜੈਕਟ ਸਾਬਤ ਹੋਵੇਗਾ।