
ਮਲੇਰੀਆ ਤੇ ਡੇਂਗੂ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ: ਡੀਸੀ ਸਪਰਾ
ਮਲੇਰੀਆ ਤੇ ਡੇਂਗੂ ਦੀ ਰੋਕਥਾਮ ਸਬੰਧੀ ਜ਼ਿਲ੍ਹਾ ਪੱਧਰੀ ਹੋਈ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਨੈਸ਼ਨਲ ਵੈਕਟਰ ਬੋਰਨ ਡਿਜੀਜ ਕੰਟਰੋਲ ਪ੍ਰੋਗਰਾਮ ਅਧੀਨ ਸਿਵਲ ਸਰਜਨ ਡਾ. ਜੈ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਲੇਰੀਆ ਅਤੇ ਡੈਂਗੂ ਦੀ ਰੋਕਥਾਮ ਸਬੰਧੀ, ਜ਼ਿਲ੍ਹਾ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਵਤਾਰ ਸਿੰਘ ਵੱਲੋਂ ਦੱਸਿਆ ਗਿਆ ਕਿ ਮਲੇਰੀਆ ਅਤੇ ਹੋਰ ਵੈਕਟਰ ਬੌਰਨ ਬਿਮਾਰੀਆ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜੂਨ ਮਹੀਨਾ ਐਂਟੀ ਮਲੇਰੀਆ ਮੰਥ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸਿਹਤ ਸੰਸਥਾਵਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਕੈਪ ਲਗਾਏ ਜਾ ਰਹੇ ਹਨ।
ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਮਲੇਰੀਆ ਅਤੇ ਡੇਂਗੂ ਤੇ ਕਾਬੂ ਪਾਉਣ ਲਈ ਮੱਛਰ ਦੀ ਪੈਦਾਇਸ਼ ਰੋਕਣਾ ਜਰੂਰੀ ਹੈ, ਇਸ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਛੱਤਾਂ ਉਤੇ ਟੁੱਟੇ ਪੁਰਾਣੇ ਭਾਂਡਿਆਂ, ਟਾਇਰਾਂ ਅਤੇ ਗਮਲਿਆਂ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ। ਟੈਂਕੀਆਂ, ਡਰੰਮਾਂ, ਘੜਿਆ ਅਤੇ ਹੋਰ ਪਾਣੀ ਭਰੇ ਭਾਡਿਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ। ਰਾਤ ਨੂੰ ਸੌਣ ਵੇਲੇ ਮੱਛਰਦਾਨੀ ਦਾ ਪ੍ਰਯੋਗ ਕਰੋ ਅਤੇ ਕੱਪੜੇ ਅਜਿਹੇ ਪਹਿਨੋ ਕਿ ਸ਼ਰੀਰ ਪੂਰੀ ਤਰ੍ਹਾਂ ਢਕਿਆ ਰਹੇ। ਹਫਤੇ ਵਿੱਚ ਇਕ ਵਾਰ ਕੂਲਰ ਜਰੂਰ ਸਾਫ ਕਰਕੇ ਸੁਕਾਓ। ਜੇਕਰ ਕਿਸੇ ਨੂੰ ਬੁਖਾਰ ਹੂੰਦਾ ਹੈ ਤਾ ਉਹ ਤੁਰੰਤ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਨ, ਜਿਥੇ ਕਿ ਮਲੇਰੀਆ ਅਤੇ ਡੇਂਗੂ ਦਾ ਟੈਸਟ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਮਿਉਂਸਿਪਲ ਕਮੇਟੀਆਂ ਨੂੰ ਹਦਾਇਤ ਕੀਤੀ ਗਈ ਕਿ ਆਪਣੇ-ਆਪਣੇ ਇਲਾਕੇ ਵਿਚ ਸਿਹਤ ਵਿਭਾਗ ਵਲੋਂ ਨਿਰਧਾਰਤ ਗਾਈਡਲਾਈਨਜ਼ ਅਨੁਸਾਰ ਫੌਗਿੰਗ ਕੀਤੀ ਜਾਵੇ। ਉਨਾ੍ਹ ਵਲੋਂ ਪੰਚਾਇਤ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਪਿੰਡਾਂ ਵਿਚ ਖੜੇ ਪਾਣੀ ਤੇ ਕਾਲਾ ਤੇਲ ਪਾਇਆ ਜਾਵੇ। ਵੱਖ-ਵੱਖ ਪ੍ਰਾਈਵੇਟ ਹਸਪਤਾਲਾ ਤੋਂ ਆਏ ਨੁੰਮਾਇਦਿਆ ਨੂੰ ਹਾਦਾਇਤ ਕੀਤੀ ਗਈ ਕਿ ਬੁਖਾਰ ਦੇ ਸਾਰੇ ਮਰੀਜ਼ਾਂ ਦਾ ਮਲੇਰੀਆ ਟੈਸਟ ਕੀਤਾ ਜਾਵੇ ਅਤੇ ਡੇਂਗੂ ਦੇ ਮਰੀਜ਼ ਦਾ ਬੱਲਡ ਸੈਂਪਲ ਲੇੈਕੇ ਸਿਵਲ ਹਸਪਤਾਲ ਮੁਹਾਲੀ ਫੇਜ-6 ਦੀ ਜ਼ਿਲ੍ਹਾ ਪ੍ਰੋਅਰਟੀ ਲੈਬ ਵਿਚ ਭੇਜਿਆ ਜਾਵੇ, ਜਿਥੇ ਕਿ ਇਹ ਟੈਸਟ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਉਨਾ੍ਹ ਸਾਰੇ ਵਿਭਾਗਾ ਨੂੰ ਹਦਾਇਤ ਕੀਤੀ ਕਿ ਹਰ ਸ਼ੁਕਰਵਾਰ ਡਰਾਈ ਡੇ ਵਜੋਂ ਮਨਾਇਆ ਜਾਵੇ ਅਤੇ ਇਸ ਦਿਨ ਕੂਲਰਾਂ ਦਾ ਪਣੀ ਕੱਢ ਕੇ ਕੂਲਰਾਂ ਨੂੰ ਚੰਗੀ ਤਰ੍ਹਾਂ ਸੁਕਇਆ ਜਾਵੇ। ਇਸ ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ. ਜਸਪ੍ਰੀਤ ਕੋਰ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।