
ਚੋਣਾਂ ਵਿੱਚ ਲੋਕ ਕੁਲਵੰਤ ਸਿੰਘ ਨੂੰ ਮੁਹਾਲੀ ਤੋਂ ਬਾਹਰ ਦਾ ਰਸਤਾ ਦਿਖਾਉਣਗੇ: ਬਲਬੀਰ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ:
ਮੁਹਾਲੀ ਦੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅੱਜ ਸੈਕਟਰ-79 ਸਥਿਤ ਕਾਂਗਰਸ ਦੇ ਮੁੱਖ ਚੋਣ ਦਫ਼ਤਰ ਵਿਖੇ ਪਹੁੰਚੇ ਅਤੇ ਇੱਥੇ ਹਾਜ਼ਰ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਇਸ ਮੌਕੇ ਵਿਧਾਇਕ ਸਿੱਧੂ ਨੇ ਇੱਥੇ ਹਾਜ਼ਰ ਸਮੁੱਚੀ ਟੀਮ ਨੂੰ ਆਪੋ ਆਪਣੇ ਇਲਾਕਿਆਂ ਵਿਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਚੋਣ ਮੁਹਿੰਮ ਨੂੰ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।
ਇਸ ਮੌਕੇ ਬਲਬੀਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਮੁਹਾਲੀ ਦੇ ਹਰ ਖੇਤਰ ਵਿੱਚ ਵਿਕਾਸ ਕਰਨ ਲਈ ਦਿਨ ਰਾਤ ਅਣਥੱਕ ਮਿਹਨਤ ਕੀਤੀ ਹੈ ਤੇ ਅੱਜ ਮੁਹਾਲੀ ਦੇ ਕੋਨੇ ਕੋਨੇ ਵਿਚ ਚੱਲ ਰਹੇ ਵਿਕਾਸ ਕਾਰਜ ਇਸ ਗੱਲ ਦਾ ਸਬੂਤ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ ਪੰਦਰਾਂ ਸਾਲਾਂ ਤੋੱ ਇਸ ਇਲਾਕੇ ਦੇ ਵਿਧਾਇਕ ਹਨ ਪਰ ਇਸ ਤੋਂ ਪਿਛਲੇ ਦਸ ਸਾਲ ਅਕਾਲੀ ਦਲ ਦੀ ਸਰਕਾਰ ਰਹੀ, ਜਿਸ ਨੇ ਵਿਕਾਸ ਦੀ ਥਾਂ ਤੇ ਸ਼ਹਿਰ ਦਾ ਵਿਨਾਸ਼ ਹੀ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਪੂਰੇ ਹਲਕੇ ਵਿੱਚ ਸਿੱਖਿਆ ਅਤੇ ਸਿਹਤ ਨੂੰ ਪੂਰੀ ਪਹਿਲ ਦਿੱਤੀ ਅਤੇ ਇਸ ਤੋੱ ਇਲਾਵਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਰ ਉਪਰਾਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੁਹਾਲੀ ਦੇ ਲੋਕ ਇਸ ਤੋਂ ਭਲੀਭਾਂਤ ਜਾਣੂ ਹਨ ਅਤੇ ਮੁਹਾਲੀ ਦਾ ਨੁਕਸਾਨ ਕਰਨ ਵਾਲੇ ਆਗੂਆਂ ਨੂੰ ਕਦੇ ਵੀ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਖਾਸ ਤੌਰ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਤੇ ਹਮਲਾ ਕਰਦਿਆਂ ਕਿਹਾ ਕਿ ਕੁਲਵੰਤ ਸਿੰਘ ਦਾ ਮੁੱਖ ਟੀਚਾ ਕਿਸੇ ਵੀ ਤਰ੍ਹਾਂ ਸੱਤਾ ਤੇ ਕਾਬਜ਼ ਹੋਣ ਦਾ ਹੈ ਅਤੇ ਇਸ ਲਈ ਉਸ ਨੇ ਇਸ ਵਾਰ ਫੇਰ ਪਾਰਟੀ ਬਦਲਦਿਆਂ ਹੁਣ ਨਵੀਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਲੋਕ ਕੁਲਵੰਤ ਸਿੰਘ ਨੂੰ ਨਕਾਰ ਕੇ ਮੁਹਾਲੀ ਤੋਂ ਬਾਹਰ ਦਾ ਰਸਤਾ ਦਿਖਾਉਣਗੇ ਅਤੇ ਇਕ ਹੋਰ ਨਵੀਂ ਪਾਰਟੀ ਦੀ ਭਾਲ ਵਿੱਚ ਤੋਰਣਗੇ।