
ਬਲੌਂਗੀ ਵਿੱਚ ਪੀਣ ਵਾਲੇ ਪਾਣੀ ਨੂੰ ਤਰਸੇ ਲੋਕ, ਅਧਿਕਾਰੀ ਬੇਪ੍ਰਵਾਹ, ਲੋਕਾਂ ’ਚ ਰੋਸ
ਬਲੌਂਗੀ ਵਾਸੀਆਂ ਨੇ ਇਕੱਠੇ ਹੋ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ, ਖਾਲੀ ਭਾਂਡੇ ਖੜਕਾਏ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਮੁਹਾਲੀ ਦੀ ਜੂਹ ਵਿੱਚ ਬਲੌਂਗੀ ਪਿੰਡ ਅਤੇ ਕਲੋਨੀ ਵਿੱਚ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬਹੁਤ ਜ਼ਿਆਦਾ ਪ੍ਰਭਾਵਿਤ ਹੈ। ਜਿਸ ਕਾਰਨ ਸਥਾਨਕ ਬਾਸ਼ਿੰਦਿਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋੜ ਅਨੁਸਾਰ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਰੋਹ ਵਿੱਚ ਆਏ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਨਿਰਵਿਘਨ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ।
ਇਸ ਮੌਕੇ ਪੰਚ ਲਾਲ ਬਹਾਦਰ, ਰਾਜੂ ਪ੍ਰਸਾਦ, ਸ਼ਿਵ ਪੁਕਾਰ, ਫਾਰੂਕ, ਰਾਕੇਸ਼, ਮਨੋਰਮਾਂ, ਕਵਿਤਾ, ਮੇਹਰੂਰਨ ਨਿਸ਼ਾ, ਅੰਜਲੀ, ਸੁਸ਼ਮਾ, ਗਾਇਤਰੀ ਦੇਵੀ, ਚੰਦਰਾਵਤੀ, ਪ੍ਰੇਮ, ਹੰਸਾ ਦੇਵੀ, ਪਵਨ ਸ਼ਰਮਾ ਅਤੇ ਹੋਰਨਾਂ ਨੇ ਕਿਹਾ ਕਿ ਪਿਛਲੇ ਇੱਕ ਹਫ਼ਤੇ ਤੋਂ ਆਜ਼ਾਦ ਨਗਰ ਅਤੇ ਹੋਰਨਾਂ ਹਿੱਸਿਆਂ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਹੋ ਰਹੀ। ਇਸ ਸਬੰਧੀ ਉਹ ਪੇਂਡੂ ਜਲ ਸਪਲਾਈ ਦੇ ਚੇਅਰਮੈਨ ਅਤੇ ਸਰਪੰਚ ਬਾਹਦਰ ਸਿੰਘ ਨੂੰ ਅਨੇਕਾਂ ਵਾਰ ਸ਼ਿਕਾਇਤਾਂ ਦੇ ਚੁੱਕੇ ਹਨ ਪ੍ਰੰਤੂ ਝੂਠੇ ਲਾਰਿਆਂ ਤੋਂ ਬਿਨਾਂ ਕੁੱਝ ਪੱਲੇ ਨਹੀਂ ਪਿਆ। ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਟਿਊਬਵੈੱਲ ਅਪਰੇਟਰ ਨਰਦੇਵ ਸਿੰਘ ਨੂੰ ਵੀ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਪਰ ਸਮੱਸਿਆ ਜਿਊਂ ਦੀ ਤਿਊਂ ਬਰਕਰਾਰ ਹੈ। ਪੀੜਤ ਲੋਕਾਂ ਨੇ ਕਿਹਾ ਕਿ ‘ਆਪ’ ਸਰਕਾਰ ਪਾਣੀ ਦੀ ਸਮੱਸਿਆ ਦੇ ਹੱਲ ਲਈ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਗਰਮੀ ਪੈਣ ਕਾਰਨ ਪਾਣੀ ਦੀ ਮੰਗ ਵੀ ਵੱਧ ਗਈ ਲੇਕਿਨ ਮੌਜੂਦਾ ਸਮੇਂ ਵਿੱਚ ਲੋਕਾਂ ਨੂੰ ਪਾਣੀ ਨਾ ਮਿਲਣ ਕਾਰਨ ਖਾਣਾ ਬਣਾਉਣ, ਕੱਪੜੇ ਧੋਣ ਅਤੇ ਨਹਾਉਣ ਆਦਿ ਲਈ ਮੁਸ਼ਕਲ ਆ ਰਹੀ ਹੈ। ਲੋਕਾਂ ਨੂੰ ਸਪਾਈਸ ਚੌਕ ਮੁਹਾਲੀ ਨੇੜਿਓਂ ਪਾਣੀ ਭਰ ਕੇ ਲਿਆਉਣਾ ਪੈ ਰਿਹਾ ਹੈ।
ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਕਿਹਾ ਕਿ ਰਮਜ਼ਾਨ ਦਾ ਮਹੀਨਾ ਚਲ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਰੋਜਾ ਰੱਖਣ ਕਾਰਨ ਭਾਵੇਂ ਸਾਰਾ ਦਿਨ ਕੁੱਝ ਖਾ ਪੀ ਨਹੀਂ ਸਕਦੇ ਪ੍ਰੰਤੂ ਸ਼ਾਮ ਨੂੰ ਰੋਜ਼ਾ ਖੋਲ੍ਹਣ ਵੇਲੇ ਪਾਣੀ ਦੀ ਲੋੜ ਹੁੰਦੀ ਹੈ। ਲੋਕਾਂ ਨੇ ਵਿਧਾਇਕ ਕੁਲਵੰਤ ਸਿੰਘ ਤੋਂ ਮੰਗ ਕੀਤੀ ਕਿ ਮੁਹਾਲੀ ਦੀ ਪਾਣੀ ਸਪਲਾਈ ਨਾਲ ਬਲੌਂਗੀ ਨੂੰ ਜੋੜਿਆ ਜਾਵੇ ਤਾ ਹੀ ਬਲੌਂਗੀ ਨਿਵਾਸੀਆਂ ਦੀ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਹੋ ਸਕੇਗਾ।
ਉਧਰ, ਇਸ ਸਬੰਧੀ ਪੇਂਡੂ ਜਲ ਸਪਲਾਈ ਦੇ ਚੇਅਰਮੈਨ ਅਤੇ ਬਲੌਂਗੀ ਦੇ ਸਰਪੰਚ ਬਹਾਦਰ ਸਿੰਘ ਅਤੇ ਸਾਬਕਾ ਬਲਾਕ ਸਮਿਤੀ ਮੈਂਬਰ ਬਲਜੀਤ ਸਿੰਘ ਵਿੱਕੀ ਨੇ ਮੰਨਿਆ ਕਿ ਪਾਣੀ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਕੱਟ ਲੱਗਣ ਨਾਲ ਵੀ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਸਮੱਸਿਆ ਸਿਰਫ਼ ਆਜ਼ਾਦ ਨਗਰ ਦੀ ਨਹੀਂ ਹੈ ਬਲਕਿ ਪੂਰੇ ਬਲੌਂਗੀ ਦੀ ਸਾਂਝੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਬਲੌਂਗੀ ਵਿੱਚ 8 ਟਿਊਬਵੈੱਲ ਸਨ। ਜਿਨ੍ਹਾਂ ’ਚੋਂ 2 ਟਿਊਬਵੈੱਲ ਫੇਲ ਹੋ ਗਏ ਅਤੇ 2 ਦੀ ਮਿਆਦ ਪੁੱਗ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਲੌਂਗੀ ਪਿੰਡ ਅਤੇ ਕਲੋਨੀਆਂ ਵਿੱਚ ਲਗਾਤਾਰ ਆਬਾਦੀ ਵਧ ਰਹੀ ਹੈ। ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਬਲੌਂਗੀ ਵਿੱਚ 2 ਹੋਰ ਨਵੇਂ ਟਿਊਬਵੈੱਲ ਲਗਾਏ ਜਾ ਰਹੇ ਹਨ। ਇਹ ਕੰਮ ਪੂਰਾ ਹੋਣ ’ਤੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।