nabaz-e-punjab.com

ਪੰਜਾਬ ਵਿੱਚ ਨਸ਼ਿਆਂ ਵਿਰੁੱਧ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਿਆ: ਭਗਵੰਤ ਮਾਨ

‘ਮਰੋ ਜਾਂ ਵਿਰੋਧ ਕਰੋ’ ਮੁਹਿੰਮ ਵਿੱਚ ਸਮੁੱਚੇ ਪੰਜਾਬੀਆਂ ਨੂੰ ਵਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਜੂਨ:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ 4 ਹਫ਼ਤਿਆਂ ਦੇ ਅੰਦਰ ਪੰਜਾਬ ‘ਚ ਨਸ਼ਾ ਖ਼ਤਮ ਕਰਨ ਦੇ ਵਾਅਦੇ ‘ਤੇ ਬਣੀ ਕਾਂਗਰਸ ਸਰਕਾਰ ਆਪਣਾ ਵਾਅਦਾ ਨਿਭਾਉਣ ‘ਚ ਬੁਰੀ ਤਰ੍ਹਾਂ ਅਸਫਲ ਰਹੀ ਹੈ, ਸਗੋਂ ਨਸ਼ਿਆਂ ਦਾ ਨਾਗ ਐਨਾ ਬੇਕਾਬੂ ਹੋ ਗਿਆ ਹੈ ਕਿ ਹਰ ਰੋਜ਼ ਨੌਜਵਾਨ ਨੂੰ ਜਾਨਲੇਵਾ ਡੰਗ ਮਾਰਨ ਲੱਗਾ ਹੈ। ਜਨਤਕ ਹੋਏ ਅੰਕੜਿਆਂ ਅਨੁਸਾਰ ਪਿਛਲੇ ਤਿੰਨ ਹਫ਼ਤਿਆਂ ‘ਚ ਪੰਜਾਬ ਅੰਦਰ 25 ਤੋਂ ਵੱਧ ਨੌਜਵਾਨ ਨਸ਼ਿਆਂ ਕਾਰਨ ਅਣਹੋਣੀ ਮੌਤ ਨੂੰ ਗਲੇ ਲਗਾ ਚੁੱਕੇ ਹਨ। ਅਣ-ਅਧਿਕਾਰਤ ਤੌਰ ’ਤੇ ਇਹ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਨਸ਼ੇ ਰੋਕਣ ‘ਚ ਨਾਕਾਮੀ ਕਾਰਨ ਹੁਣ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ। ਨਤੀਜੇ ਵਜੋਂ ਪੰਜਾਬ ‘ਚ ਸੋਸ਼ਲ ਮੀਡੀਆ ਰਾਹੀਂ ‘ਮਰੋ ਜਾਂ ਵਿਰੋਧ ਕਰੋ‘ ਮੁਹਿੰਮ ਦੀ ਸ਼ਲਾਘਾਯੋਗ ਸ਼ੁਰੂਆਤ ਹੋਈ ਹੈ, ਜਿਸਦਾ ਹਰੇਕ ਪੰਜਾਬ ਪ੍ਰੇਮੀ ਨੂੰ ਪਾਰਟੀਬਾਜ਼ੀ, ਧਰਮ ਅਤੇ ਜਾਤ-ਪਾਤ ਤੋਂ ਉੱਤੇ ਉੱਠ ਕੇ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਜੁਲਾਈ ਤੋਂ ਸੱਤ ਜੁਲਾਈ ਤੱਕ ਚਿੱਟੇ ਦੇ ਖ਼ਿਲਾਫ਼ ਕਾਲੇ ਹਫ਼ਤੇ ਨੂੰ ਆਪਣਾ ਅਤੇ ਸਮੁੱਚੀ ਆਮ ਆਦਮੀ ਪਾਰਟੀ ਦਾ ਸਮਰਥਨ ਦਿੰਦੇ ਹੋਏ ਸਮੁੱਚੇ ਪੰਜਾਬ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਸ਼ਿਆਂ ਖ਼ਿਲਾਫ਼ ਹਮੇਸ਼ਾ ਆਪਣੀ ਆਵਾਜ਼ ਬੁਲੰਦ ਰੱਖੀ ਹੈ। ਇਸ ਕੜੀ ਤਹਿਤ ਜਿੱਥੇ ‘ਆਪ‘ ਦਾ ਯੂਥ ਵਿੰਗ ਅੱਜ 30 ਜੂਨ ਨੂੰ ਯੂਥ ਵਿੰਗ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਤਰਨਤਾਰਨ ਦੇ ਐਸਐਸਪੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾ ਰਿਹਾ ਹੈ ਅਤੇ 2 ਜੁਲਾਈ ਨੂੰ ਉਨ੍ਹਾਂ (ਭਗਵੰਤ ਮਾਨ) ਸਮੇਤ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ‘ਆਪ‘ ਪੰਜਾਬ ਦੇ ਫ਼ਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਸਾਰੇ ਵਿਧਾਇਕ ਅਤੇ ਪ੍ਰਮੁੱਖ ਅਹੁਦੇਦਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰੀ ਨਿਵਾਸ ਵੱਲ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਮਾਰਚ ਕਰਨਗੇ ਅਤੇ ਮੁੱਖ ਮੰਤਰੀ ਨਿਵਾਸ ਸਾਹਮਣੇ ਨਸ਼ਿਆਂ ਵਿਰੁੱਧ ਧਰਨਾ ਦੇਣਗੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…