
ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ: ਡਾ ਮੁਲਤਾਨੀ
ਨਸ਼ਾ ਮੁਕਤੀ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਸਤੰਬਰ:
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਨਸ਼ਾ ਮੁਕਤੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਚਲਾਈ ਜਾ ਰਹੀ ਵੈਨ ਨੂੰ ਪ੍ਰਾਈਮਰੀ ਹੈਲਥ ਸੈਂਟਰ ਬੂਥਗੜ੍ਹ ਤੋਂ ਡਾ. ਦਲੇਰ ਸਿੰਘ ਮੁਲਤਾਨੀ ਸੀਨੀਅਰ ਮੈਡੀਕਲ ਅਫ਼ਸਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਬੋਲਦਿਆਂ ਡਾ. ਮੁਲਤਾਨੀ ਨੇ ਕਿਹਾ ਕਿ ਇਹ ਵੈਨ ਪ੍ਰਾਈਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਅਧੀਨ ਪੈਂਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ।
ਇਸ ਵੈਨ ਵਿੱਚ ਆਡੀ ਓ ਵਿਜ਼ੂਅਲ ਸਿਸਟਮ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਲੋਕਾਂ ਨੂੰ ਨਸ਼ਾ ਮੁਕਤੀ ਦਾ ਸੰਦੇਸ਼ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ ਮੁਫਤ ਦਵਾਈਆਂ ਅਤੇ ਸਹੂਲਤਾਂ ਬਾਰੇ ਦੱਸਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਨੌਜਵਾਨ ਪੀੜ੍ਹੀ ਬਹੁਤ ਭਿਆਨਕ ਨਸ਼ੇ ਜਿਸ ਵਿੱਚ ਖਾਸ ਕਰਕੇ ਨਸ਼ੇ ਵਾਲੇ ਟੀਕੇ (ਇੰਜੈਕਟੀਬਲ) ਅਤੇ ਹੀਰੋਇਨ (ਚਿੱਟੇ) ਦੇ ਸ਼ਿਕਾਰ ਹੋ ਰਹੇ ਹਨ। ਜਿਹਨਾਂ ਵਾਸਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸੀਤਾਲਾਂ ਵਿੱਚ ਓਟ ਕਲੀਨਿਕ ਖੋਲੇ ਹੋਏ ਹਨ। ਜਿੱਥੇ ਨਸ਼ੇ ਕਰਨ ਵਾਲਿਆਂ ਨੂੰ ਰਜਿਸਟਰਡ ਕਰਕੇ ਹਰ ਰੋਜ਼ ਸਟਾਫ਼ ਵੱਲੋਂ ਆਪਣੇ ਸਾਹਮਣੇ ਦਵਾਈ ਖਵਾਈ ਜਾਂਦੀ ਹੈ।
ਡਾ. ਮੁਲਤਾਨੀ ਨੇ ਦੱਸਿਆ ਕਿ ਜਿੱਥੇ ਨਸ਼ਿਆਂ ਕਰਕੇ ਸ਼ਰੀਰਕ ਨੁਕਸਾਨ ਹੋ ਰਿਹਾ ਉੱਥੇ ਵਿੱਤੀ ਅਤੇ ਸਮਾਜਿਕ ਨੁਕਸਾਨ ਵੀ ਹੋ ਰਿਹਾ ਹੈ ਜਿਸ ਨਾਲ ਕਈ ਘਰ ਪਰਿਵਾਰ ਤਬਾਹ ਹੋ ਚੁੱਕੇ ਹਨ। ਨਸ਼ਿਆਂ ਬਾਰੇ ਬੋਲਦਿਆਂ ਡਾ. ਮੁਲਤਾਨੀ ਨੇ ਕਿਹਾ ਕਿ ਪੰਜਾਬੀਆਂ ਨੂੰ ਨਸ਼ਾ ਛੱਡ ਕੇ ਆਪਣੇ ਬੀਤੇ ਖੁਸ਼ਹਾਲ ਅਤੇ ਤੰਦਰੁਸਤ ਪੰਜਾਬ ਦੀ ਸ਼ਾਨ ਨੂੰ ਜੇਕਰ ਮੁੜ ਦੁਹਰਾਉਣਾ ਹੈ ਤਾਂ ਨੌਜੁਆਨ ਪੀੜੀ ਨੂੰ ਕੰਮ ਕਰਨ ਦੀ ਆਦਤ ਪਾਉਣੀ ਪਵੇਗੀ। ਜਿਸ ਨਾਲ ਇਹ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਜਾਵੇਗਾ।
ਡਾ. ਮੁਲਤਾਨੀ ਨੇ ਇਹ ਵੀ ਕਿਹਾ ਕਿ ਉਹਨਾਂ ਨਾਲ ਨਸ਼ਾ ਮੁਕਤੀ ਸਬੰਧੀ ਕਿਸੇ ਵੀ ਸਮੇਂ ਗੱਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਨਸ਼ੇ ਦੇ ਰੋਗੀਆਂ ਨੂੰ ਨਸ਼ਾ ਮੁਕਤ ਕਰਨ ਲਈ ਹਰੇਕ ਵੀਰਵਾਰ ਨੂੰ ਪੂਰੀ ਟੀਮ ਬੂਥਗੜ੍ਹ ਆਉਂਦੀ ਹੈ, ਜਿਸ ਦਾ ਲੋਕਾਂ ਨੂੰ ਫਾਇਦਾ ਲੈਣਾ ਚਾਹੀਦਾ ਹੈ। ਇਸ ਮੌਕੇ ਤੇ ਡਾ. ਅਰੁਣ ਬਾਂਸਲ, ਡਾ ਵਿਕਰਮ ਕੁਮਾਰਬੀ ਗੁਰਤੇਜ ਸਿੰਘ, ਸਵਰਨ ਸਿੰਘ, ਜਗਤਾਰ ਸਿੰਘ, ਐਸ਼ ਆਈ, ਹਰਬਰਿੰਦਜੀਤ ਕੌਰ, ਦਵਿੰਦਰ ਕੌਰ, ਮਨਦੀਪ ਸਿੰਘ, ਰਵਿੰਦਰ ਕੌਰ ਆਦਿ ਸਿਹਤ ਸਟਾਫ ਅਤੇ ਪਤਵੰਤੇ ਹਾਜਰ ਸਨ।