
ਜੇ ਅਗਲੀ ਵਾਰ ਸੀਟ ਪੱਕੀ ਕਰਨੀ ਹੈ ਤਾਂ ਲੋਕਾਂ ਦੇ ਕੰਮ ਤੇ ਕਦਰ ਕੀਤੀ ਜਾਵੇ: ਭਗਵੰਤ ਮਾਨ
25000 ਨੌਕਰੀਆਂ ਸਬੰਧੀ 25 ਦਿਨਾਂ ’ਚ ਜਾਰੀ ਕੀਤਾ ਜਾਵੇਗਾ ਨੋਟੀਫ਼ਿਕੇਸ਼ਨ: ਭਗਵੰਤ ਮਾਨ
ਸਾਰੇ ਵਿਧਾਇਕ ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨਾ ਯਕੀਨੀ ਬਣਾਉਣ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੋਂ ਦੇ ਸੈਕਟਰ-66 ਸਥਿਤ ਹੋਟਲ ਰੈਡੀਸਨ ਵਿਖੇ ਪੰਜਾਬ ਦੇ ਸਾਰੇ ਵਿਧਾਇਕਾਂ ਨਾਲ ਦੂਜੀ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਵਿਧਾਇਕ ਦਲ ਦਾ ਨੇਤਾ ਚੁਣਨ ਲਈ ਮਾਨ ਨੇ ਇੱਥੇ ਮੀਟਿੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ‘ਆਪ’ ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਨੌਜਵਾਨਾਂ ਨੂੰ 25000 ਸਰਕਾਰੀ ਨੌਕਰੀਆਂ ਦੇਣ ਦੇ ਫੈਸਲੇ ਸਬੰਧੀ 25 ਦਿਨਾਂ ਦੇ ਅੰਦਰ-ਅੰਦਰ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।
ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ, ਅਕਾਲੀ ਦਲ ਤੇ ਭਾਜਪਾ ਦੇ ਝੂਠੇ ਲਾਰਿਆਂ, ਭ੍ਰਿਸ਼ਟਾਚਾਰ ਅਤੇ ਮਾਫ਼ੀਆ ਰਾਜ ਤੋਂ ਤੰਗ ਆ ਚੁੱਕੇ ਸਨ। ਜਿਸ ਕਾਰਨ ਰਵਾਇਤੀ ਪਾਰਟੀਆਂ ਦੇ ਦਿੱਗਜ਼ ਆਗੂਆਂ ਨੂੰ ਹਰਾ ਕੇ ‘ਆਪ’ ਦੇ ਸਾਧਾਰਨ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਗਿਆ ਹੈ। ਲਿਹਾਜ਼ਾ ਇਸ ਇਤਿਹਾਸਕ ਜਿੱਤ ਦੇ ਅਰਥ ਸਮਝ ਕੇ ਲੋਕਾਂ ਲਈ ਸੇਵਾ ਭਾਵਨਾ ਨਾਲ ਕੰਮ ਕੀਤਾ ਜਾਵੇ ਅਤੇ ਸੂਬੇ ਨੂੰ ਤਰੱਕੀ ਦੇ ਰਾਹ ’ਤੇ ਪਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਦਿੱਤਾ ਜਾਵੇ।
ਮੁੱਖ ਮੰਤਰੀ ਨੇ ਨੈਲਸਨ ਮੰਡੇਲਾ ਦੇ ਇੱਕ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੇਤਾ ਉਹ ਹੁੰਦਾ ਹੈ ਜੋ ਲੋਕਾਂ ਦੇ ਦੁੱਖ-ਸੁੱਖ ਵਿੱਚ ਕੰਮ ਆਉਂਦਾ ਹੈ। ਉਨ੍ਹਾਂ ਨੇ ਸਮੂਹ ਵਿਧਾਇਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਦਿੱਲੀ ਵਿੱਚ ‘ਆਪ’ ਵਿਧਾਇਕਾਂ ਦੇ ਕੰਮ ਦਾ ਸਰਵੇ ਕਰਵਾਇਆ ਜਾਂਦਾ ਹੈ। ਜਿਨ੍ਹਾਂ ਵਿਧਾਇਕਾਂ ਦੀ ਸਰਵੇ ਰਿਪੋਰਟ ਨੈਗੇਟਿਵ ਹੁੰਦੀ ਹੈ, ਉਨ੍ਹਾਂ ਸਾਰਿਆਂ ਦੀ ਟਿਕਟ ਕੱਟ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ 2020 ਵਿੱਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਅਜਿਹੇ 22 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਦੇ ਕੰਮਾਂ ਦੇ ਵੀ ਸਰਵੇ ਕਰਵਾਏ ਜਾਣਗੇ। ਇਸ ਲਈ ਸਾਰੇ ਵਿਧਾਇਕਾਂ ਨੂੰ ਚਾਹੀਦਾ ਹੈ ਕਿ ਆਪੋ ਆਪਣੇ ਹਲਕਿਆਂ ਵਿੱਚ ਪੱਕੇ ਤੌਰ ’ਤੇ ਦਫ਼ਤਰ ਖੋਲ੍ਹ ਕੇ ਲੋਕਾਂ ਦੇ ਜਾਇਜ਼ ਕੰਮ ਕੀਤੇ ਜਾਣ। ਉਨ੍ਹਾਂ ਇਹ ਕਿਹਾ ਕਿ ਜੇਕਰ ਅਗਲੀ ਵਾਰ ਆਪਣੀ ਸੀਟ ਪੱਕੀ ਕਰਨੀ ਹੈ ਤਾਂ ਲੋਕਾਂ ਦੀ ਕਦਰ ਕੀਤੀ ਜਾਵੇ ਅਤੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਨੂੰ ਤਰਜ਼ੀਹ ਦਿੱਤੀ ਜਾਵੇ।
ਮਾਨ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਛਾਪੇਮਾਰੀ ਕਰਕੇ ਅਫ਼ਸਰਾਂ ਅਤੇ ਕਰਮਚਾਰੀਆਂ ਵਿੱਚ ਡਰ ਦਾ ਮਾਹੌਲ ਪੈਦਾ ਨਾ ਕੀਤਾ ਜਾਵੇ ਸਗੋਂ ਸਰਕਾਰੀ ਮੁਲਾਜ਼ਮਾਂ ਨਾਲ ਮਿਲ ਕੇ ਆਮ ਲੋਕਾਂ ਦੇ ਕੰਮ ਕਰਵਾਉਣ ਨੂੰ ਪਹਿਲ ਦਿੱਤੀ ਜਾਵੇ। ਉਨ੍ਹਾਂ ਨੇ ਭੈਅ-ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ ਮਾਹੌਲ ਸਿਰਜ ਕੇ ਸਿਸਟਮ ਨੂੰ ਬਦਲਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਠਰੰ੍ਹਮੇ ਨਾਲ ਪ੍ਰਸ਼ਾਸਨਿਕ ਗੜਬੜੀਆਂ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਆਪਣੇ ਦੁੱਖ ਦਰਦ ਦੂਰ ਕਰਨ ਲਈ ਮੈਨੂੰ ਮੁੱਖ ਮੰਤਰੀ ਬਣਾਇਆ ਹੈ, ਹਰੇ ਰੰਗ ਦੀ ਕਲਮ ਸੌਂਪੀ ਹੈ। ਅਸੀਂ ਪਹਿਲੇ ਦਿਨ ਹੀ ਉਸ ਹਰੇ ਰੰਗ ਦੀ ਕਲਮ ਦੀ ਵਰਤੋਂ ਬੇਰੁਜ਼ਗਾਰ ਨੌਜਵਾਨਾਂ ਦੀ ਤਕਲੀਫ਼ ਨੂੰ ਦੂਰ ਕਰਨ ਲਈ ਕੀਤਾ ਹੈ। ਭਵਿੱਖ ਵਿੱਚ ਵੀ ਇਸ ਕਲਮ ਦੀ ਵਰਤੋਂ ਲੋਕਾਂ ਦੀ ਰੋਜ਼ੀ-ਰੋਟੀ ਅਤੇ ਸੁੱਖ-ਸਹੂਲਤਾਂ ਲਈ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਸਮੂਹ ਵਿਧਾਇਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਕਰੀ ਲਈ ਕਿਸੇ ਦੀ ਵੀ ਗਲਤ ਜਾਂ ਅਯੋਗ ਵਿਅਕਤੀ ਦੀ ਸਿਫ਼ਾਰਸ਼ ਨਾ ਕਰਨ, ਇਸ ਨਾਲ ਯੋਗ ਨੌਜਵਾਨਾਂ ਦਾ ਹੱਕ ਖੁੱਸਣ ਦਾ ਖ਼ਦਸ਼ਾ ਹੈ, ਹੋ ਸਕਦਾ ਹੈ ਅਜਿਹੇ ਹਜ਼ਾਰਾਂ ਯੋਗ ਨੌਜਵਾਨ ਹੋਣਗੇ, ਜਿਨ੍ਹਾਂ ਦੀ ਪਹੁੰਚ ‘ਆਪ’ ਤੱਕ ਨਾ ਹੋਵੇ ਪਰ ਨੌਕਰੀ ਲਈ ਯੋਗਤਾ ਪੂਰੀ ਰੱਖਦੇ ਹੋਣ। ਲਿਹਾਜ਼ਾ ਸਿਰਫ਼ ਤੇ ਸਿਰਫ਼ ਯੋਗ ਵਿਅਕਤੀ ਦੀ ਸਿਫ਼ਾਰਸ਼ ਕੀਤੀ ਜਾਵੇ, ਅਜਿਹਾ ਕਰਨ ਨਾਲ ਜਿੱਥੇ ਕਿਸੇ ਯੋਗ ਵਿਅਕਤੀ ਹੱਕ ਨਹੀਂ ਮਾਰਿਆ ਜਾਵੇਗਾ, ਉੱਥੇ ਆਮ ਲੋਕਾਂ ਵਿੱਚ ਹੋਰ ਵਧੇਰੇ ਸਤਿਕਾਰ ਅਤੇ ਭਰੋਸਾ ਬੱਝੇਗਾ। ਉਨ੍ਹਾਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਆਮ ਲੋਕਾਂ ਨਾਲ ਮਾੜਾ ਵਤੀਰਾ ਬਿਲਕੁਲ ਸਹਿਣ ਨਹੀਂ ਕੀਤਾ ਜਾਵੇ। ਇਸ ਲਈ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਇਆ ਜਾਵੇ। ਸਾਨੂੰ ਹਰ ਵਰਗ ਦੇ ਲੋਕਾਂ ਨੇ ਵੋਟਾਂ ਪਾਈਆਂ ਹਨ, ਭਾਵੇਂ ਉਹ ਕਿਸਾਨ ਹੋਣ, ਨੌਜਵਾਨ, ਵਪਾਰੀ, ਵਕੀਲ ਜਾਂ ਮੁਲਾਜ਼ਮ ਹੋਣ। ਇਸ ਲਈ ਬਿਨਾਂ ਕਿਸੇ ਭੇਦਭਾਵ ਤੋਂ ਹਰ ਨਾਗਰਿਕ ਦੀ ਗੱਲ ਸੁਣੀ ਜਾਵੇ ਅਤੇ ਉਨ੍ਹਾਂ ਦੀਆਂ ਸਮੱਸਿਆ ਦਾ ਹੱਲ ਕੀਤਾ ਜਾਵੇ।
ਮਾਨ ਨੇ ਕਿਹਾ ਕਿ ਸਾਡਾ ਟੀਚਾ ਕੋਈ ਰੇਸ ਦੀ ਜਿੱਤ ਦਾ ਰੀਬਨ ਹੈ। ਰੀਬਨ ਦਾ ਮਤਲਬ ਹੈ ‘ਰੰਗਲਾ ਪੰਜਾਬ’। ਰੰਗਲਾ ਪੰਜਾਬ ਦਾ ਮਤਲਬ ਹੈ ਗੁਰੂਆਂ ਦੇ ਸੁਪਨਿਆਂ ਦਾ ਪੰਜਾਬ, ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ, ਲੇਖਕਾਂ-ਕਵੀਆਂ ਦੀਆਂ ਰਚਨਾਵਾਂ ਦਾ ਪੰਜਾਬ। ਇਸ ਲਈ ਆਪਣੀ ਖ਼ੁਸ਼ੀ ਦਾ ਤਿਆਗ ਕਰਕੇ ਲੋਕਾਂ ਦੀ ਖ਼ੁਸ਼ੀ ਲਈ ਕੰਮ ਕੀਤਾ ਜਾਵੇ।