ਪੈਪਸੀਕੋ ਵੱਲੋਂ ਉਦਯੋਗ ਨੂੰ ਬੜਾਵਾ ਦੇਣ ਲਈ ਦਹਾਕੇ ਤੋਂ ਬਾਅਦ ਪੰਜਾਬ ਵਿੱਚ ਸਿਟਰਸ ਪ੍ਰਾਜੈਕਟ ਮੁੜ ਸੁਰਜੀਤ ਦਾ ਫੈਸਲਾ

ਪਠਾਨਕੋਟ ਵਿੱਚ ਜੂਸ ਦਾ ਇਕ ਹੋਰ ਪਲਾਂਟ ਲਾਉਣ ਦਾ ਪ੍ਰਸਤਾਵ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਮਈ:
ਪੰਜਾਬ ਵਿੱਚ ਉਦਯੋਗ ਨੂੰ ਆਕ੍ਰਸ਼ਿਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਪੈਪਸੀਕੋ ਇੰਡੀਆ ਨੇ ਇਕ ਦਹਾਕੇ ਤੋਂ ਵੀ ਲੰਮੇ ਸਮੇਂ ਤੋਂ ਬਾਅਦ ਪੰਜਾਬ ਵਿਚ ਆਪਣਾ ਸਿਟਰਸ ਪ੍ਰੋਜੈਕਟ ਮੁੜ ਸੁਰਜੀਤ ਕਰਨ ਦਾ ਫੈਸਲਾ ਕਰ ਲਿਆ ਹੈ ਜਿਸ ਨੂੰ ਕਿ ਅਕਾਲੀ ਸਰਕਾਰ ਨੇ ਰੋਕ ਦਿੱਤਾ ਸੀ। ਚੇਅਰਮੈਨ ਅਤੇ ਸੀ.ਈ.ਓ ਇੰਡੀਆ ਰੀਜ਼ਨ ਸ਼ਿਵ ਸ਼ਿਵਾਕੁਮਾਰ ਅਤੇ ਵਾਈਸ ਪ੍ਰੈਜ਼ੀਡੈਂਟ ਗਲੋਬਲ ਪ੍ਰੋਕਿਉਰਮੈਂਟ ਵੀ.ਡੀ. ਸ਼ਰਮਾ ਦੀ ਅਗਵਾਈ ਵਿਚ ਪੈਪਸੀਕੋ ਦਾ ਇਕ ਵਫ਼ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਇੱਥੇ ਮਿਲਿਆ ਅਤੇ ਉਸ ਨੇ ਸੂਬੇ ਵਿਚ ਵੱਡੀ ਪੱਧਰ ’ਤੇ ਪਾਸਾਰ ਅਤੇ ਨਿਵੇਸ਼ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਵਫ਼ਦ ਨੇ ਬਾਗਬਾਨੀ ਪ੍ਰਾਜੈਕਟ ਨੂੰ ਮੁੜ ਸੁਰਜੀਤ ਕਰਨ ਲਈ ਸੂਬਾ ਸਰਕਾਰ ਨਾਲ ਭਾਈਵਾਲੀ ਵਾਸਤੇ ਦਿਲਚਸਪੀ ਵਿਖਾਈ ਜੋ ਕਿ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਮੇਂ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵਫ਼ਦ ਵੱਲੋਂ ਸੂਬੇ ਵਿਚ ਜੂਸ ਅਤੇ ਇਸ ਦੀ ਤਿਆਰੀ ਸਬੰਧੀ ਕਾਰਜ ਲਈ ਨਿੰਬੂ ਜਾਤੀ ਦੇ ਫ਼ਲ ਪੈਦਾ ਕਰਨ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਗਈਆਂ। ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੈਪਸੀਕੋ ਨੇ ਪਠਾਨਕੋਟ ਵਿਖੇ ਜੂਸ ਕੰਸਨਟ੍ਰੇਟ ਅਤੇ ਸੌਫਟ ਡਰਿੰਕ ਪ੍ਰੋਡਕਸ਼ਨ ਪਲਾਂਟ ਸਥਾਪਤ ਕਰਨ ਲਈ ਇਕ ਭਾਈਵਾਲ ਰਾਹੀਂ 500 ਕਰੋੜ ਰੁਪਏ ਨਿਵੇਸ਼ ਕਰਨ ਲਈ ਵੀ ਦਿਲਚਸਪੀ ਵਿਖਾਈ। ਇਸ ਕੰਪਨੀ ਦੀ ਹੁਸ਼ਿਆਰਪੁਰ ਜ਼ਿਲੇ੍ਹ ਦੇ ਜ਼ਹੂਰਾ ਵਿਖੇ ਪਹਿਲਾਂ ਹੀ ਏਸ਼ੀਆ ਦੀ ਸਭ ਤੋਂ ਵੱਡੀ ਪੋਟੈਟੋ ਮਿੰਨੀਟਿਊਬਰ ਲੈਬ ਅਤੇ ਸੂਬੇ ਵਿਚ ਅਤਿਆਧੁਨਿਕ ਵੱਡੀ ਮਾਤਰਾ ਵਿਚ ਸਟੋਰੇਜ ਸਮਰਥਾ ਹੈ। ਇਸ ਨੇ ਪੰਜਾਬ ਨੂੰ ਨਿੰਬੂ ਜਾਤੀ ਦੇ ਫ਼ਲ ਪੈਦਾ ਕਰਨ ਵਾਲੇ ਮੁੱਖ ਸੂਬਾ ਵਜੋਂ ਵਿਕਸਤ ਕਰਨ ਲਈ ਕਾਂਗਰਸ ਸਰਕਾਰ ਨੂੰ ਤਕਨੀਕੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ।
ਇਸ ਨਾਲ ਮੁੱਖ ਮੰਤਰੀ ਦੀ ਖੇਤੀ ਵਿਭਿੰਨਤਾ ਦੀ ਸੋਚ ਨੂੰ ਵੀ ਅਮਲ ਵਿਚ ਲਿਆਉਣ ਲਈ ਮਦਦ ਮਿਲੇਗੀ ਅਤੇ ਕਿਸਾਨਾਂ ਨੂੰ ਝੋਨੇ ਦੀ ਖੇਤੀ ਦੇ ਚੱਕਰ ਵਿਚੋਂ ਕੱਢ ਕੇ ਨਿੰਬੂ ਜਾਤੀ ਦੇ ਫ਼ਲਾਂ ਦੀ ਕਾਸ਼ਤ ਵੱਲ ਨੂੰ ਮੋੜਿਆ ਜਾ ਸਕੇਗਾ। ਪੈਪਸੀਕੋ ਦੇ ਵਫ਼ਦ ਨਾਲ ਆਏ ਅਮਰੀਕਾ ਦੇ ਬਾਗਬਾਨੀ ਦੇ ਮਾਹਰ ਡਾ. ਜੇਮਜ਼ ਐਚ. ਕੈਥਲੀ ਨੇ ਆਪਣੀ ਪੇਸ਼ਕਾਰੀ ਦੌਰਾਨ ਹੁਸ਼ਿਆਰਪੁਰ ਜ਼ਿਲੇ੍ਹ ਵਿਚ ਜੱਲੋਵਾਲ ਨਰਸਰੀ ਵਿਖੇ ਨਿੰਬੂ ਜਾਤੀ ਦੇ ਪੌਦਿਆਂ ਦੀਆਂ ਵੱਧ ਝਾੜ ਦੇਣ ਵਾਲੀਆਂ ਮਿਆਰੀ ਕਿਸਮਾਂ ਪੈਦਾ ਕਰਨ ਲਈ ਪੰਜ ਸਾਲਾ ਯੋਜਨਾ ਦਾ ਪ੍ਰਗਟਾਵਾ ਕੀਤਾ। ਇਹ ਨਰਸਰੀ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਦੌਰਾਨ ਸ਼ੁਰੂ ਕੀਤੀ ਗਈ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਸ ਨੂੰ ਚੱਲਣ ਨਾ ਦਿੱਤਾ। ਆਪਣੀ ਪੇਸ਼ਕਾਰੀ ਦੌਰਾਨ ਡਾ. ਕੈਥਲੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬੇ ਭਰ ਵਿਚ ਨਿੰਬੂ ਜਾਤੀ ਦੇ ਪੌਦਿਆਂ ਹੇਠ 1125 ਏਕੜ ਰਕਬਾ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ 2017 ਦੌਰਾਨ 55 ਏਕੜ ਰਕਬਾ ਕਿੰਨੂੰ ਅਤੇ ਡੇਜ਼ੀ ਦੀ ਕਾਸ਼ਤ ਹੇਠ ਲਿਆਂਦਾ ਜਾਵੇਗਾ। ਸਾਲ 2018 ਦੌਰਾਨ 170 ਏਕੜ ਰਕਬਾ, 2019 ਦੌਰਾਨ 300 ਏਕੜ ਰਕਬਾ ਨਿੰਬੂ ਜਾਤੀ ਦੀਆਂ ਅਤੇ ਮਿਲਦੀ-ਜੁਲਦੀ ਜਾਤੀ ਕਾਸ਼ਤ ਹੇਠ ਲਿਆਂਦਾ ਜਾਵੇਗਾ। ਸਾਲ 2020 ਅਤੇ 2021 ਵਿਚ ਨਿੰਬੂ ਜਾਤੀ ਦੀ ਕਾਸ਼ਤ ਦੇ ਘੇਰੇ ਨੂੰ ਹੋਰ ਵਧਾਇਆ ਜਾਵੇਗਾ। ਇਸ ਦੇ ਨਾਲ ਹੀ ਮਿਆਰੀ ਜੂਸ ਪੈਦਾ ਕਰਨ ਲਈ ਭਾਂਤ-ਭਾਂਤ ਦੇ ਹੋਰ ਫ਼ਲਾਂ ਦੀਆਂ ਕਿਸਮਾਂ ਦੀ ਖੇਤੀ ਵਿਚ ਵਾਧਾ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਖੇਤੀ ਵਿਭਿੰਨਤਾ ਅਤੇ ਸੂਬੇ ਦੀ ਮੁਸ਼ਕਲਾਂ ਵਿਚ ਘਿਰੀ ਕਿਸਾਨੀ ਨੂੰ ਇਸ ਸੰਕਟ ਵਿਚੋਂ ਕਢਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਵਧੀਕ ਮੁੱਖ ਸਕੱਤਰ ਬਾਗਬਾਨੀ ਹਿੰਮਤ ਸਿੰਘ ਨੂੰ ਨਿਰਦੇਸ਼ ਦਿੱਤੇ ਕਿ ਉਹ ਤੁਰੰਤ ਪੈਪਸੀਕੋ ਦੀ ਭਾਈਵਾਲੀ ਨਾਲ ਸਿਟਰਸ ਪ੍ਰਾਜੈਕਟ ਵਾਸਤੇ ਰੂਪ ਰੇਖਾ ਤਿਆਰ ਕਰਨ। ਮੁੱਖ ਮੰਤਰੀ ਨੇ ਦੱਖਣੀ ਪੰਜਾਬ ਦੇ ਕਿਸਾਨਾਂ ਲਈ ਮੌਕੇ ਤਲਾਸ਼ਣ ਵਾਸਤੇ ਵੀ ਵਫ਼ਦ ਨੂੰ ਅਪੀਲ ਕੀਤੀ। ਉਨ੍ਹਾਂ ਨੇ ਬਾਗਬਾਨੀ ਵਿਭਾਗ ਨੂੰ ਤੁਪਕਾ ਸਿੰਚਾਈ ਵਰਗੀ ਸਕੀਮਾਂ ਲਈ ਉਦਾਰਮਈ ਸਬਸਿਡੀ ਦੇਣ ਲਈ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਬੋਹਰ ਅਤੇ ਹੁਸ਼ਿਆਰਪੁਰ ਦੇ ਪੰਜਾਬ ਐਗਰੋ ਦੇ ਮੌਜੂਦਾ ਦੋ ਜੂਸ ਪਲਾਂਟਾਂ ਦੀ ਸਮਰਥਾ ਵਧਾਉਣ ਲਈ ਵੀ ਢੁੱਕਵੀਂ ਕਾਰਜ ਯੋਜਨਾ ਤਿਆਰ ਕਰਨ ਲਈ ਵੀ ਵਿਭਾਗ ਨੂੰ ਆਖਿਆ ਤਾਂ ਜੋ ਪੈਪਸੀਕੋ ਦੀ ਜੂਸ ਸਬੰਧੀ ਮੰਗ ਨਾਲ ਨਿਪਟਿਆ ਜਾ ਸਕੇ।
ਮੁੱਖ ਮੰਤਰੀ ਨੇ ਪੰਜਾਬ ਬਿਓਰੋ ਆਫ ਇੰਨਵੈਸਟਮੈਂਟ ਪ੍ਰਮੋਸ਼ਨ ਦੇ ਸੀ.ਈ.ਓ ਨੂੰ ਨਿਰਦੇਸ਼ ਦਿੱਤੇ ਕਿ ਉਹ ਜੂਸ ਇੰਡਸਟਰੀ ਲਈ ਨਵੀਂ ਸਨਅਤੀ ਨੀਤੀ ਦੌਰਾਨ ਇਕ ਪ੍ਰਸਤਾਵ ਤਿਆਰ ਕਰਨ ਤਾਂ ਜੋ ਸੂਬੇ ਦੇ ਕਿਸਾਨ ਆਪਣੀਆਂ ਫਸਲਾਂ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ। ਉਨ੍ਹਾਂ ਨੇ ਪ੍ਰਮੁੱਖ ਸਕੱਤਰ ਨੂੰ ਕਿਹਾ ਕਿ ਉਹ ਅੱਠ ਘੰਟੇ ਬਿਨ੍ਹਾਂ ਅੜਚਣ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਦੇ ਚੇਅਰਮੈਨ-ਕਮ-ਪ੍ਰਬੰਧਕੀ ਡਾਇਰੈਕਟਰ ਕੋਲ ਮਾਮਲਾ ਉਠਾਉਣ। ਇਸ ਮੌਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਬਾਗਬਾਨੀ ਹਿੰਮਤ ਸਿੰਘ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਤੇਜਵੀਰ ਸਿੰਘ, ਵਿੱਤ ਸਕੱਤਰ-ਕਮ-ਮੁੱਖ ਕਾਰਜਕਾਰੀ ਅਧਿਕਾਰੀ ਪੀ.ਬੀ.ਆਈ.ਪੀ ਅਨਿਰੁਧ ਤਿਵਾÎੜੀ ਅਤੇ ਡਿਪਟੀ ਸੀ.ਈ.ਓ ਡੀ.ਕੇ. ਤਿਵਾੜੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…