ਦੰਦਾਂ ਦੀ ਸਮੇਂ-ਸਮੇਂ ਸਿਰ ਜਾਂਚ ਅਤੇ ਸਾਂਭ-ਸੰਭਾਲ ਬੇਹੱਦ ਜ਼ਰੂਰੀ: ਕੁਮਾਰ ਰਾਹੁਲ
ਵਿਸ਼ਵ ਮੌਖਿਕ ਸਿਹਤ ਦਿਵਸ ’ਤੇ ਮੁਹਾਲੀ ਵਿੱਚ ਸੂਬਾ ਪੱਧਰੀ ਜਾਗਰੂਕਤਾ ਸਮਾਗਮ ਕਰਵਾਇਆ
ਨਬਜ਼-ਏ-ਪੰਜਾਬ, ਮੁਹਾਲੀ, 20 ਮਾਰਚ:
ਵਿਸ਼ਵ ਮੌਖਿਕ ਸਿਹਤ ਦਿਵਸ ਮੌਕੇ ਮੈਡੀਕਲ ਕਾਲਜ (ਡਾ. ਬੀਆਰ ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ) ਵਿਖੇ ਸੂਬਾ ਪੱਧਰੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਦੰਦਾਂ ਦੀ ਸੰਭਾਲ ਲਈ ਜਾਗਰੂਕਤਾ ਪੈਦਾ ਕਰਨ ਲਈ ਇਹ ਦਿਨ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੰਦਾਂ ਦੀ ਸਮੇਂ-ਸਮੇਂ ਸਿਰ ਜਾਂਚ ਅਤੇ ਸਾਂਭ-ਸੰਭਾਲ ਬੇਹੱਦ ਜ਼ਰੂਰੀ ਹੈ ਅਤੇ ਸੂਬੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਲੋਕਾਂ ਨੂੰ ਦੰਦਾਂ ਦੀ ਜਾਂਚ ਅਤੇ ਇਲਾਜ ਦੀਆਂ ਮਿਆਰੀ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਵਿੱਚ ਕੁੱਝ ਸਾਲਾਂ ਦੌਰਾਨ ਕੌਮੀ ਓਰਲ ਹੈਲਥ ਪ੍ਰੋਗਰਾਮ ਤਹਿਤ ਨਵੀਆਂ ਪੁਲਾਂਘਾਂ ਪੁੱਟੀਆਂ ਹਨ।
ਕੁਮਾਰ ਰਾਹੁਲ ਨੇ ਕਿਹਾ ਕਿ ਵੱਖ-ਵੱਖ ਜ਼ਿਲ੍ਹਾ ਹਸਪਤਾਲਾਂ ਵਿੱਚ ਪੰਜ ਨਵੇਂ ਐਡਵਾਂਸਡ ਡੈਂਟਲ ਇੰਪਲਾਂਟ ਸੈਂਟਰ ਸਥਾਪਿਤ ਕੀਤੇ ਗਏ ਹਨ, ਜੋ ਜਲਦੀ ਹੀ ਕਾਰਜਸ਼ੀਲ ਹੋ ਜਾਣਗੇ ਅਤੇ ਜਿਨ੍ਹਾਂ ਰਾਹੀਂ ਲੋਕਾਂ ਨੂੰ ਬਿਹਤਰ ਦੰਦ ਸਿਹਤ ਸਹੂਲਤਾਂ ਮਿਲਣਗੀਆਂ। ਇਸ ਤੋਂ ਇਲਾਵਾ ਮੁਹਾਲੀ ਅਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਡੈਂਟਲ ਓਪੀਜੀ ਮਸ਼ੀਨਾਂ ਲਗਾਈਆਂ ਗਈਆਂ ਹਨ। ਸੂਬੇ ਵਿੱਚ ‘ਸਟਾਪ ਓਰਲ ਕੈਂਸਰ ਸਕਰੀਨਿੰਗ’ ਪ੍ਰਾਜੈਕਟ ਵੀ ਸ਼ੁਰੂ ਕੀਤਾ ਗਿਆ ਹੈ, ਜੋ ਅੱਜ ਕੱਲ੍ਹ ਚੱਲ ਰਹੀ ਐਨਸੀਡੀ ਮੁਹਿੰਮ ਦਾ ਹਿੱਸਾ ਹੈ।
ਇਸ ਮੌਕੇ ਵਧੀਆ ਕਾਰਗੁਜ਼ਾਰੀ ਵਾਲੇ ਦੰਦਾਂ ਦੇ ਡਾਕਟਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਜਿਨ੍ਹਾਂ ਵਿੱਚ ਡਾ. ਅੱਬੂ ਬਕਰ-ਮਲੌਦ ਹਸਪਤਾਲ, ਡਾ. ਹਰਪ੍ਰੀਤ ਕੌਰ-ਮੁਹਾਲੀ ਹਸਪਤਾਲ, ਡਾ. ਪਰਮਿੰਦਰ ਸਿੰਘ-ਲੋਪੋਕੇ ਹਸਪਤਾਲ, ਡਾ. ਹਰਮਨਦੀਪ ਸਿੰਘ-ਖਿਆਲਾ ਕਲਾਂ ਹਸਪਤਾਲ, ਡਾ. ਗੁਰਦੇਵ ਸਿੰਘ ਭੱਟੀ-ਕਪੂਰਥਲਾ ਹਸਪਤਾਲ ਸ਼ਾਮਲ ਸਨ। ਅਖੀਰ ਵਿੱਚ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਦੰਦਾਂ ਦੀ ਸੰਭਾਲ ਸਬੰਧੀ ਜਾਗਰੂਕਤਾ ਰੈਲੀ ਕੱਢੀ।
ਇਸ ਮੌਕੇ ਪਰਿਵਾਰ ਭਲਾਈ ਦੇ ਡਾਇਰੈਕਟਰ ਡਾ. ਜਸਮਿੰਦਰ, ਡਾਇਰੈਕਟਰ ਈਐਸਆਈ ਡਾ. ਜਸਪ੍ਰੀਤ ਕੌਰ, ਡਾਇਰੈਕਟਰ ਡਾ. ਅਨਿਲ ਗੋਇਲ, ਡਿਪਟੀ ਡਾਇਰੈਕਟਰ ਡਾ. ਸੁਰਿੰਦਰ ਕੌਰ, ਡਾ. ਨਿਧੀ ਕੌਸ਼ਲ, ਸਿਵਲ ਸਰਜਨ ਡਾ. ਸੰਗੀਤਾ ਜੈਨ, ਡਾ. ਆਸ਼ੂ ਵਰਮਾ, ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਪ੍ਰਨੀਤ ਗਰੇਵਾਲ, ਡਾ. ਹਰਪ੍ਰੀਤ ਕੌਰ, ਡਾ. ਅਮਿਤ ਅਗਰਵਾਲ ਅਤੇ ਹੋਰ ਅਧਿਕਾਰੀ ਮੌਜੂਦ ਸਨ।