
ਪੈਰੀਫੇਰੀ ਮਿਲਕਮੈਨ ਯੂਨੀਅਨ ਵੱਲੋਂ ਹੜ੍ਹ ਪੀੜਤਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ
ਨਬਜ਼-ਏ-ਪੰਜਾਬ, ਮੁਹਾਲੀ, 17 ਜੁਲਾਈ:
ਪੈਰੀਫੇਰੀ ਮਿਲਕਮੈਨ ਯੂਨੀਅਨ ਮੁਹਾਲੀ-ਚੰਡੀਗੜ੍ਹ ਨੇ ਹੜ ਪੀੜਤਾਂ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ। ਅੱਜ ਇੱਥੇ ਯੂਨੀਅਨ ਦੀ ਹੋਈ ਮੀਟਿੰਗ ਦੌਰਾਨ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਜਿੱਥੇ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਤਬਾਹ ਹੋ ਗਈਆਂ, ਉੱਥੇ ਕਾਫ਼ੀ ਪਸ਼ੂਆਂ ਦੀ ਜਾਨ ਗਈ ਅਤੇ ਗਰੀਬ ਲੋਕਾਂ ਦੇ ਮਕਾਨ ਢਹਿ ਗਏ। ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਬੇਘਰ ਹੋ ਗਏ ਹਨ।
ਬੁਲਾਰਿਆਂ ਨੇ ਕਿਹਾ ਕਿ ਹੜ੍ਹਾਂ ਕਾਰਨ ਦੁੱਧ ਦਾ ਸਹਾਇਕ ਧੰਦਾ ਕਰਨ ਵਾਲੇ ਵਿਅਕਤੀਆਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਮੀਂਹ ਦੇ ਪਾਣੀ ਨੇ ਸੁੱਕਾ ਅਤੇ ਹਰਾ ਚਾਰਾ ਵੀ ਨਸ਼ਟ\ਖ਼ਰਾਬ ਕਰ ਦਿੱਤਾ ਹੈ। ਜਿਸ ਕਾਰਨ ਦੁਧਾਰੂ ਪਸ਼ੂਆਂ ਭੁੱਖੇ ਭਾਣੇ ਖੜੇ ਹਨ। ਕਿਉਂਕਿ ਜਿਹੜਾ ਸੁੱਕਾ ਅਤੇ ਹਰਾ ਚਾਰਾ ਬਚਿਆ ਵੀ ਹੈ, ਉਹ ਪਸ਼ੂਆਂ ਨੂੰ ਪਰੋਸਣ ਯੋਗ ਨਹੀਂ ਹੈ। ਦੋਧੀਆਂ ਨੇ ਮੰਗ ਕੀਤੀ ਕਿ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਜਾਵੇ।
ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਜਲਦੀ ਸਰਵੇ ਕਰਵਾ ਕੇ ਪੀੜਤ ਲੋਕਾਂ ਨੂੰ ਫੌਰੀ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਹੜ ਪੀੜਤਾਂ ਲਈ ਰਾਹਤ ਪੈਕੇਜ ਦੇਣ ਦੇ ਮਾਮਲੇ ਵਿੱਚ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦੀ ਵੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਕਾਮਰੇਡ ਇੰਦਰਜੀਤ ਸਿੰਘ ਗਰੇਵਾਲ, ਸੱਜਣ ਸਿੰਘ, ਰਾਮ ਕ੍ਰਿਸ਼ਨ ਧੁਨਕੀਆਂ, ਸੁਖਵਿੰਦਰ ਸਿੰਘ ਬਾਸੀਆਂ ਜਸਵੀਰ ਸਿੰਘ ਨਰੈਣਾ, ਪ੍ਰਧਾਨ ਸੁਭਾਸ਼ ਗੋਚਰ, ਰਾਜੂ ਸਨੇਟਾ, ਬਲਵਿੰਦਰ ਸਿੰਘ ਬੀੜ ਪ੍ਰਧਾਨ ਮੁਹਾਲੀ, ਦਲਜੀਤ ਸਿੰਘ ਮਨਾਣਾ, ਸੰਤ ਸਿੰਘ ਕੁਰੜੀ, ਸਤਪਾਲ ਸਿੰਘ ਸਵਾੜਾ, ਜਸਵੀਰ ਸਿੰਘ ਢਕੋਰਾ, ਹਰਦੀਪ ਸਿੰਘ ਮਟੌਰ, ਮਨਜੀਤ ਸਿੰਘ, ਹਰਜੰਗ ਸਿੰਘ, ਜਗਤਾਰ ਸਿੰਘ, ਅੰਗਰੇਜ਼ ਸਿੰਘ ਅਤੇ ਗੋਲਡੀ ਮਹਿਦੂਦਾਂ ਵੀ ਹਾਜ਼ਰ ਸਨ।