nabaz-e-punjab.com

ਮੁਹਾਲੀ ਦੀ ਸਥਾਈ ਲੋਕ ਅਦਾਲਤ ਵੱਲੋਂ ਪਾਵਰਕੌਮ ਨੂੰ ਨੋਟਿਸ ਜਾਰੀ

ਪਟੀਸ਼ਨਰਾਂ ਨੂੰ 30 ਦਿਨਾਂ ਦੇ ਅੰਦਰ-ਅੰਦਰ ਬਿਜਲੀ ਕੁਨੈਕਸ਼ਨ ਦੇਣ ਦੇ ਆਦੇਸ਼

ਨਬਜ਼-ਏ-ਪੰਜਾਬ, ਮੁਹਾਲੀ, 20 ਅਕਤੂਬਰ:
ਸਥਾਈ ਲੋਕ ਅਦਾਲਤ ਮੁਹਾਲੀ ਦੀ ਚੇਅਰਪਰਸਨ ਸ੍ਰੀਮਤੀ ਗੁਰਮੀਤ ਕੌਰ ਨੇ ਪੰਜਾਬ ਰਾਜ ਪਾਵਰਕੌਮ ਦੇ ਚੇਅਰਮੈਨ-ਕਮ-ਡਾਇਰੈਕਟਰ, ਚੀਫ਼ ਇੰਜੀਨੀਅਰ, ਐਸਡੀਓ ਅਤੇ ਸੁਪਰੀਟੈਂਡੈਂਟ ਇੰਜੀਨੀਅਰ ਮੁਹਾਲੀ ਨੂੰ 14 ਨਵੰਬਰ ਲਈ ਨੋਟਿਸ ਜਾਰੀ ਕੀਤਾ ਹੈ। ਇਹ ਕਾਰਵਾਈ ਮੁਹਾਲੀ ਦੇ ਪ੍ਰੀਤ ਲੈਂਡ ਸਿਟੀ (ਸੈਕਟਰ-86) ਦੇ ਤਿੰਨ ਵਸਨੀਕਾਂ ਰਛਪਾਲ ਕੌਰ, ਧਰਮ ਸਿੰਘ ਅਤੇ ਬਿਲਾਲ ਅਹਿਮਦ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕੀਤੀ ਹੈ। ਉਨ੍ਹਾਂ ਨੇ ਆਪਣੇ ਵਕੀਲ ਦਰਸ਼ਨ ਸਿੰਘ ਧਾਲੀਵਾਲ ਰਾਹੀਂ ਉਕਤ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਉਨ੍ਹਾਂ ਨੇ ਮਕਾਨਾਂ/ਬੂਥ ਨੂੰ ਬਿਜਲੀ ਦੇ ਆਰਜ਼ੀ ਕੁਨੈਕਸ਼ਨ ਦੇਣ ਦੀ ਗੁਹਾਰ ਲਗਾਈ ਸੀ ਲੇਕਿਨ ਪਾਵਰਕੌਮ ਨੇ ਹਾਲੇ ਤੱਕ ਉਨ੍ਹਾਂ ਬਿਜਲੀ ਕੁਨੈਕਸ਼ਨ ਨਹੀਂ ਦਿੱਤਾ। ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਅਦਾਲਤ ਨੇ ਪਾਵਰਕੌਮ ਦੇ ਚੇਅਰਮੈਨ-ਕਮ-ਡਾਇਰੈਕਟਰ, ਚੀਫ਼ ਇੰਜੀਨੀਅਰ, ਐਸਡੀਓ ਅਤੇ ਸੁਪਰੀਟੈਂਡੈਂਟ ਇੰਜੀਨੀਅਰ ਮੁਹਾਲੀ ਨੂੰ 14 ਨਵੰਬਰ ਲਈ ਨੋਟਿਸ ਜਾਰੀ ਕਰਦਿਆਂ ਪੀੜਤਾਂ ਨੂੰ 30 ਦਿਨਾਂ ਦੇ ਅੰਦਰ-ਅੰਦਰ ਬਿਜਲੀ ਕੁਨੈਕਸ਼ਨ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
ਪੀੜਤ ਵਿਅਕਤੀਆਂ ਨੇ ਮੀਡੀਆ ਨੂੰ ਅਦਾਲਤ ਦੇ ਹੁਕਮਾਂ ਅਤੇ ਪਟੀਸ਼ਨਾਂ ਦੀਆਂ ਕਾਪੀਆਂ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਕੀਲ ਦਰਸ਼ਨ ਸਿੰਘ ਧਾਲੀਵਾਲ ਰਾਹੀਂ ਦਾਇਰ ਕੀਤੀਆਂ ਵੱਖ-ਵੱਖ ਪਟੀਸ਼ਨਾਂ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੇ ਆਪਣੀਆਂ ਜਾਇਦਾਦਾਂ ਪ੍ਰਤੀ ਲੈਂਡ ਵਿੱਚ ਖ਼ਰੀਦ ਕੇ ਆਪਣੇ ਮਕਾਨ/ਬੂਥ ਉਸਾਰੀ ਕੀਤੇ ਹੋਏ ਹਨ ਪ੍ਰੰਤੂ ਹਾਲੇ ਤੱਕ ਉਨ੍ਹਾਂ ਨੂੰ ਬਿਜਲੀ ਕੁਨੈਕਸ਼ਨ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਬਿਜਲੀ ਕੁਨੈਕਸ਼ਨ ਲੈਣਾ ਪਟੀਸ਼ਨਰਾਂ ਦਾ ਬੁਨਿਆਦੀ ਹੱਕ ਹੈ, ਜੋ ਸੰਵਿਧਾਨ ਦੇ ਆਰਟੀਕਲ ਨੰਬਰ 21 ਜਿਊਣ ਦੇ ਅਧਿਕਾਰ ਅਧੀਨ ਆਉਂਦਾ ਹੈ। ਉਨ੍ਹਾਂ ਕਿਹਾ ਪ੍ਰੀਤ ਸਿਟੀ ਦੀ ਵੈੱਲਫੇਅਰ ਸੁਸਾਇਟੀ ਵੱਲੋਂ ਪਾਵਰਕੌਮ ਨੂੰ ਇਸ ਖੇਤਰ ਵਿੱਚ ਰਹਿੰਦੇ 40 ਵਸਨੀਕਾਂ ਵੱਲੋਂ ਕੁਨੈਕਸ਼ਨ ਲੈਣ ਲਈ ਫਾਈਲਾਂ ਦਿੱਤੀਆਂ ਹੋਈਆਂ ਹਨ ਪ੍ਰੰਤੂ ਹਾਲੇ ਤੱਕ ਕਿਸੇ ਨੂੰ ਵੀ ਕੁਨੈਕਸ਼ਨ ਜਾਰੀ ਨਹੀਂ ਕੀਤਾ ਗਿਆ।
ਅਦਾਲਤ ਨੇ ਆਪਣੇ ਹੁਕਮਾਂ ਵਿੱਚ ਲਿਖਿਆ ਹੈ ਕਿ ਪਾਵਰਕੌਮ ਨੂੰ ਪਟੀਸ਼ਨਰਾਂ ਨੂੰ ਬਿਜਲੀ ਕੁਨੈਕਸ਼ਨ ਲੈਣ ਲਈ ਕਿਸੇ ਐਨਓਸੀ ਦੀ ਲੋੜ ਨਹੀਂ ਹੈ ਕਿਉਂਕਿ ਇਲੈਕਟ੍ਰੀਸਿਟੀ ਐਕਟ 2003 ਅਨੁਸਾਰ ਹਰੇਕ ਖਪਤਕਾਰ ਜੋ ਆਪਣੀ ਜਾਇਦਾਦ ਦਾ ਮਾਲਕ ਜਾਂ ਕਾਬਜ਼ ਹੈ, ਉਸ ਨੂੰ ਕੁਨੈਕਸ਼ਨ ਲਈ ਦਿੱਤੀ ਅਰਜ਼ੀ ਤੋਂ ਇੱਕ ਮਹੀਨੇ ਅੰਦਰ-ਅੰਦਰ ਕੁਨੈਕਸ਼ਨ ਜਾਰੀ ਕਰਨਾ ਬਣਦਾ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ ਮੁਲਜ਼ਮਾਂ ਨੇ ਕੁਲਹਾੜੀ …