Nabaz-e-punjab.com

ਨਿੱਜੀ ਸੰਸਥਾ ਨੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਨੂੰ ਦਾਨ ਕੀਤਾ ਜ਼ਰੂਰੀ ਸਮਾਨ

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸੰਸਥਾ ਦੇ ਨੁਮਾਇੰਦਿਆਂ ਦਾ ਸਨਮਾਨ, ਕਾਰਜ ਦੀ ਸ਼ਲਾਘਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ:
ਸਰਕਾਰੀ ਸਿਹਤ ਸੰਸਥਾਵਾਂ ਵਿੱਚ ਲੋਕਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਅਮਲ ਵਿਚ ਯੋਗਦਾਨ ਪਾਉਂਦਿਆਂ ਸ਼ਹਿਰ ਦੀ ਗ਼ੈਰ-ਸਰਕਾਰੀ ਸੰਸਥਾ ਨੇ ਜ਼ਿਲ੍ਹਾ ਹਸਪਤਾਲ ਮੁਹਾਲੀ ਅਤੇ ਉਥੇ ਦਾਖ਼ਲ ਮਰੀਜ਼ਾਂ ਨੂੰ ਲੋੜੀਂਦਾ ਸਮਾਨ ਦਾਨ ਵਜੋਂ ਦਿਤਾ ਹੈ। ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਹਸਪਤਾਲ ਵਿੱਚ ਪਹੁੰਚ ਕੇ ਦਾਨ ਦੇਣ ਵਾਲੀ ਸੰਸਥਾ ਦੇ ਨੁਮਾਇੰਦਿਆਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦੇ ਸਮਾਜ ਭਲਾਈ ਦੇ ਕਾਰਜ ਦੀ ਸ਼ਲਾਘਾ ਕੀਤੀ।
ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਦੀ ਕਾਰਜਪ੍ਰਣਾਲੀ ਨੂੰ ਬਿਹਤਰ ਬਣਾਉਣਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦੀ ਬੁਨਿਆਦੀ ਜ਼ਿੰਮੇਵਾਰੀ ਹੈ ਅਤੇ ਸਰਕਾਰ ਇਸ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾਵਾਂ ਲੋਕਾਂ ਦੀਆਂ ਹੀ ਹਨ ਅਤੇ ਲੋਕਾਂ ਦੇ ਸਹਿਯੋਗ ਤੇ ਮਦਦ ਨਾਲ ਇਨ੍ਹਾਂ ਵਿਚ ਹੋਰ ਸੁਧਾਰ ਕੀਤਾ ਜਾ ਸਕਦਾ ਹੈ। ਗ਼ੈਰ-ਸਰਕਾਰੀ ਸੰਸਥਾਵਾਂ ਅਤੇ ਲੋਕਾਂ ਦੁਆਰਾ ਸਰਕਾਰੀ ਹਸਪਤਾਲਾਂ ਅਤੇ ਉੱਥੇ ਦਾਖ਼ਲ ਮਰੀਜ਼ਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਦੇਣਾ ਅਪਣੇ ਆਪ ਵਿਚ ਵੱਡਮੁੱਲਾ ਤੇ ਸ਼ਲਾਘਾਯੋਗ ਉਪਰਾਲਾ ਹੈ ਜਿਸ ਤੋਂ ਹੋਰ ਲੋਕਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ ਅਤੇ ਉਹ ਵੀ ਸਮਾਜ ਪ੍ਰਤੀ ਅਪਣਾ ਫਰਜ਼ ਸਮਝਦਿਆਂ ਸਰਕਾਰੀ ਸਿਹਤ ਸੰਸਥਾਵਾਂ ਦੀ ਮਦਦ ਕਰਨ ਲਈ ਅੱਗੇ ਆਉਂਦੇ ਹਨ।
ਸ੍ਰੀ ਸਿੱਧੂ ਨੇ ਦਾਨ ਦੇਣ ਵਾਲੀ ਸੰਸਥਾ ਐਸਐਸਬੀਐਸ ਦੇ ਨੁਮਾਇੰਦਿਆਂ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ। ਸੰਸਥਾ ਦੇ ਨੁਮਾਇੰਦੇ ਮੁਨੀਸ਼ ਨੇ ਦਸਿਆ ਕਿ ਉਨ੍ਹਾਂ ਦੀ ਸੰਸਥਾ ਸਮਾਜ ਪ੍ਰਤੀ ਅਪਣੀ ਜ਼ਿੰਮੇਵਾਰੀ ਸਮਝਦਿਆਂ ਸਰਕਾਰੀ ਹਸਪਤਾਲਾਂ ਅਤੇ ਧਾਰਮਕ ਸੰਸਥਾਵਾਂ ਨੂੰ ਅਕਸਰ ਦਾਨ ਵਜੋਂ ਜ਼ਰੂਰੀ ਚੀਜ਼ਾਂ ਦਿੰਦੀ ਰਹਿੰਦੀ ਹੈ ਅਤੇ ਅੱਜ ਵੀ ਉਹ ਇਸੇ ਭਾਵਨਾ ਨਾਲ ਜ਼ਿਲ੍ਹਾ ਹਸਪਤਾਲ ਅਤੇ ਇਥੇ ਦਾਖ਼ਲ ਮਰੀਜ਼ਾਂ ਨੂੰ ਜ਼ਰੂਰੀ ਚੀਜ਼ਾਂ ਦੇ ਰਹੇ ਹਨ। ਮੁਨੀਸ਼ ਨੇ ਦੱਸਿਆ ਕਿ ਉਨ੍ਹਾਂ ਜ਼ਿਲ੍ਹਾ ਹਸਪਤਾਲ ਅਤੇ ਇੱਥੇ ਦਾਖ਼ਲ ਮਰੀਜ਼ਾਂ ਲਈ ਕੰਬਲ, ਸਿਰਹਾਣੇ, ਬੈੱਡ ਚਾਦਰਾਂ, ਜੂਸ, ਬਿਸਕੁਟ ਦਾਨ ਵਜੋਂ ਦਿਤੇ ਹਨ। ਸੰਸਥਾ ਦੇ ਮੈਂਬਰਾਂ ਨੇ ਖ਼ੁਦ ਵੱਖ-ਵੱਖ ਵਾਰਡਾਂ ਵਿੱਚ ਦਾਖ਼ਲ ਮਰੀਜ਼ਾਂ ਨੂੰ ਕੰਬਲ, ਜੂਸ ਤੇ ਬਿਸਕੁਟ ਅਪਣੇ ਹੱਥੀਂ ਦਿਤੇ।
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਸੰਸਥਾ ਦੇ ਕਾਰਜ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸੰਸਥਾ ਦੇ ਨੁਮਾਇੰਦੇ ਵਧਾਈ ਦੇ ਪਾਤਰ ਹਨ ਜਿਨ੍ਹਾਂ ਸਰਕਾਰੀ ਸੰਸਥਾਵਾਂ ਦੀ ਬਿਹਤਰੀ ਵਿੱਚ ਅਪਣਾ ਯੋਗਦਾਨ ਪਾਇਆ ਹੈ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਸਿਵਲ ਸਰਜਨ ਡਾ. ਮਨਜੀਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਜੀਤ ਸਿੰਘ, ਸੰਸਥਾ ਦੇ ਨੁਮਾਇੰਦੇ ਉਰਮਿਲਾ ਗੌਰਵ, ਪੀਸੀ ਗਰੋਵਰ, ਸਰਿਤਾ, ਸੁਭਾਸ਼ ਪੁਰਥੀ, ਨੀਨਾ ਪੁਰਥੀ, ਰਾਕੇਸ਼ ਕਪੂਰ, ਗੁਰਦੀਪ ਕੌਰ, ਭੁਪਿੰਦਰ ਸਿੰਘ ਮੌਜੂਦ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …