
ਪੈਟਰੋਲ ਪੰਪ ਲੁੱਟ ਮਾਮਲਾ: ਪੁਲੀਸ ਮੁਕਾਬਲੇ ਦੌਰਾਨ ਦੋ ਗੈਂਗਸਟਰ ਅਸਲੇ ਸਣੇ ਗ੍ਰਿਫ਼ਤਾਰ
ਲਾਂਡਰਾਂ-ਚੂੰਨੀ ਸੜਕ ’ਤੇ ਲੰਘੀ ਰਾਤ ਨਾਕਾਬੰਦੀ ਦੌਰਾਨ ਪੁਲੀਸ ਟੀਮ ’ਤੇ ਕੀਤੀ ਤਾਬੜਤੋੜ ਫਾਇਰਿੰਗ
ਪੁਲੀਸ ਦੇ ਸਖ਼ਤ ਪਹਿਰੇ ਹੇਠ ਦੋਵੇਂ ਜ਼ਖ਼ਮੀ ਮੁਲਜ਼ਮ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਜੇਰੇ ਇਲਾਜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੂਨ:
ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ਼) ਨੇ ਲੰਘੀ ਦੇਰ ਰਾਤ ਮੁੱਠਭੇੜ ਤੋਂ ਬਾਅਦ ਦੋ ਮੁਲਜ਼ਮਾਂ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਜੌਹਲ, ਤਰਨਤਾਰਨ ਵਜੋਂ ਹੋਈ ਹੈ। ਮੁਲਜ਼ਮਾਂ ਦੇ ਗੈਂਗਸਟਰਾਂ ਨਾਲ ਗੂੜੇ ਸਬੰਧ ਦੱਸੇ ਜਾ ਰਹੇ ਹਨ। ਇਹ ਕਾਰਵਾਈ ਏਜੀਟੀਐਫ਼ ਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ, ਰਾਜਨ ਪਰਵਿੰਦਰ ਸਿੰਘ ਅਤੇ ਫਤਿਹਗੜ੍ਹ ਸਾਹਿਬ ਦੇ ਡੀਐਸਪੀ ਰਮਨਦੀਪ ਸਿੰਘ ਦੀ ਸਾਂਝੀ ਅਗਵਾਈ ਵਾਲੀ ਟੀਮ ਨੇ ਕੀਤੀ ਹੈ। ਅੱਜ ਬਾਅਦ ਦੁਪਹਿਰ ਏਆਈਜੀ ਸੰਦੀਪ ਗੋਇਲ ਅਤੇ ਹੋਰਨਾਂ ਅਧਿਕਾਰੀਆਂ ਨੇ ਵੀ ਮੌਕੇ ਦਾ ਦੌਰਾ ਕਰਕੇ ਸਮੁੱਚੇ ਘਟਨਾਕ੍ਰਮ ਦਾ ਜਾਇਜ਼ਾ ਲਿਆ। ਪੁਲੀਸ ਮੁਕਾਬਲੇ ਵਿੱਚ ਦੋਵੇਂ ਮੁਲਜ਼ਮਾਂ ਦੀਆਂ ਲੱਤਾਂ ’ਤੇ ਗੋਲੀਆਂ ਲੱਗੀਆਂ ਹਨ। ਫਿਲਹਾਲ ਪੁਲੀਸ ਦੇ ਸਖ਼ਤ ਪਹਿਰੇ ਹੇਠ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਜ਼ੇਰੇ ਇਲਾਜ ਹਨ। ਮੁਲਜ਼ਮਾਂ ਖ਼ਿਲਾਫ਼ ਧਾਰਾ 307 ਅਤੇ 473 ਅਤੇ ਅਸਲਾ ਐਕਟ ਤਹਿਤ ਖਰੜ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ .32 ਬੋਰ ਦੇ ਤਿੰਨ ਪਿਸਤੌਲ ਅਤੇ ਕੁੱਝ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਪਿਛਲੇ ਦਿਨੀਂ ਕਈ ਹਥਿਆਰਬੰਦ ਲੁਟੇਰੇ ਸਰਹਿੰਦ ਨੇੜੇ ਪਿੰਡ ਭੱਟਮਾਜਰਾ ਜੀਟੀ ਰੋਡ ਨੇੜਲੇ ਪੈਟਰੋਲ ਪੰਪ ਦੇ ਕਰਮਚਾਰੀ ਤੋਂ ਦਿਨ-ਦਿਹਾੜੇ 40 ਲੱਖ 80 ਹਜ਼ਾਰ ਰੁਪਏ ਤੋਂ ਵੱਧ ਦੀ ਨਗਦੀ ਖੋਹ ਕੇ ਫਰਾਰ ਹੋ ਗਏ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਮੁਲਜ਼ਮਾਂ ਦੀ ਪੈੜ ਨੱਪਣ ਲਈ ਲਾਂਡਰਾਂ-ਚੂੰਨੀ ਸੜਕ ’ਤੇ ਲੰਘੀ ਰਾਤ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਆਈ-20 ਵਿੱਚ ਸਵਾਰ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲੀਸ ’ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਆਪਣੇ ਬਚਾਅ ਵਿੱਚ ਪੁਲੀਸ ਵੱਲੋਂ ਫਾਇਰਿੰਗ ਕੀਤੀ ਗਈ। ਦੋਵੇਂ ਨੌਜਵਾਨ ਵੀ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦੀਆਂ ਲੱਤਾਂ ’ਤੇ ਸੱਟਾਂ ਲੱਗੀਆਂ ਹਨ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਆਈ-20 ਵੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਬਾਅਦ ਵਿੱਚ ਦੋਵੇਂ ਮੁਲਜ਼ਮਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਲਿਆਂਦਾ ਗਿਆ। ਫਿਲਹਾਲ ਦੋਵੇਂ ਮੁਲਜ਼ਮ ਜੇਰੇ ਇਲਾਜ ਹਨ। ਫੋਰੈਂਸਿਕ ਟੀਮ ਨੇ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਅਤੇ ਸੈਂਪਲ ਇਕੱਠੇ ਕੀਤੇ। ਪੁਲੀਸ ਇਹ ਵੀ ਪਤਾ ਲਗਾ ਰਹੀ ਹੈ ਕਿ ਉਨ੍ਹਾਂ ਕੋਲ ਅਸਲਾ ਕਿੱਥੋਂ ਆਇਆ।
ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਲੁੱਟ ਦੀ ਵਾਰਦਾਤ ਤੋਂ ਬਾਅਦ ਨਜ਼ਦੀਕੀ ਪਿੰਡ ਮੱਛਲੀ ਕਲਾਂ (ਮੁਹਾਲੀ) ਵਿੱਚ ਵਾਰਦਾਤ ਵਿੱਚ ਵਰਤੀ ਗਈ ਕਾਰ ਨੂੰ ਲੁਕਾ ਦਿੱਤਾ ਸੀ। ਜਿਸ ’ਤੇ ਉਹ ਜਾਅਲੀ ਨੰਬਰ ਪਲੇਟ ਲਗਾ ਕੇ ਇਲਾਕੇ ਤੋਂ ਬਾਹਰ ਭੱਜਣ ਦੀ ਤਾਕ ਵਿੱਚ ਸਨ ਪ੍ਰੰਤੂ ਇਸ ਦੌਰਾਨ ਪੁਲੀਸ ਨੂੰ ਮੁਲਜ਼ਮਾਂ ਬਾਰੇ ਗੁਪਤ ਸੂਚਨਾ ਮਿਲ ਗਈ ਅਤੇ ਪੁਲੀਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਲਾਂਡਰਾਂ-ਚੂੰਨੀ ਸੜਕ ’ਤੇ ਲੰਘੀ ਦੇਰ ਰਾਤ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਅਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਪੈਟਰੋਲ ਪੰਪ ਦੇ ਕਰਮਚਾਰੀ ਹਰਮੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਦੋ ਦਿਨ ਬੈਂਕ ਵਿੱਚ ਛੁੱਟੀ ਹੋਣ ਕਾਰਨ ਪੰਪ ’ਤੇ ਨਗਦੀ ਕਾਫ਼ੀ ਇਕੱਠੀ ਹੋ ਗਈ ਸੀ, ਉਹ ਸੁਰੱਖਿਆ ਗਾਰਡਾਂ ਨਾਲ ਬੈਂਕ ਵਿੱਚ ਪੈਸੇ ਜਮ੍ਹਾ ਕਰਵਾਉਣ ਜਾ ਰਿਹਾ ਸੀ। ਸਵੇਰੇ ਕਰੀਬ ਪੌਣੇ 11 ਵਜੇ ਜਦੋਂ ਉਹ ਪੰਪ ਤੋਂ ਕੁਝ ਦੂਰੀ ’ਤੇ ਸਥਿਤ ਪੁਲ ਹੇਠੋਂ ਲੰਘਣ ਲੱਗੇ ਤਾਂ ਹਥਿਆਰਬੰਦ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਕੋਲੋਂ 40 ਲੱਖ 80 ਹਜ਼ਾਰ ਦੀ ਨਗਦੀ ਅਤੇ ਸੁਰੱਖਿਆ ਕਰਮੀ ਦੀ ਬੰਦੂਕ ਖੋਹ ਕੇ ਫਰਾਰ ਹੋ ਗਏ।