ਰਾਸ਼ਨ ਹੋਣ ਦੇ ਬਾਵਜੂਦ ਭੰਡੀ ਪ੍ਰਚਾਰ ਕਰਨ ਵਾਲੇ 4 ਪੀਜੀ ਮੁੰਡੇ ਆਰਜ਼ੀ ਜੇਲ੍ਹ ਵਿੱਚ ਭੇਜੇ

ਜਯੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਪਰੈਲ:
ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਦੌਰਾਨ ਜਿੱਥੇ ਗ਼ਰੀਬ ਪਰਿਵਾਰਾਂ ਨੂੰ ਲੋੜ ਅਨੁਸਾਰ ਰਾਸ਼ਨ ਨਾ ਮਿਲਣ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ, ਉੱਥੇ ਕੁਝ ਵਿਅਕਤੀ ਘਰ ਵਿੱਚ ਵਾਧੂ ਰਾਸ਼ਨ ਹੋਣ ਦੇ ਬਾਵਜੂਦ ਜਾਣਬੁੱਝ ਕੇ ਪ੍ਰਸ਼ਾਸਨ ਵਿਰੁੱਧ ਰਾਸ਼ਨ ਨਾ ਮਿਲਣ ਸਬੰਧੀ ਭੰਡੀ ਪ੍ਰਚਾਰ ਕਰ ਰਹੇ ਹਨ। ਅਜਿਹਾ ਇਕ ਤਾਜ਼ਾ ਮਾਮਲਾ ਅੱਜ ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਵਿੱਚ ਸਾਹਮਣੇ ਆਇਆ ਹੈ।
ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ (ਐਡੀਐਮ) ਜਗਦੀਪ ਸਹਿਗਲ ਦੇ ਹੁਕਮਾਂ ’ਤੇ ਮੰਗਲਵਾਰ ਨੂੰ ਪੁਲੀਸ ਦੀ ਇਕ ਵਿਸ਼ੇਸ਼ ਟੀਮ ਨੇ ਪਿੰਡ ਕੁੰਭੜਾ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਬੈਦਵਾਨ ਪੀਜੀ ਵਿੱਚ ਰਹਿੰਦੇ ਨੌਜਵਾਨਾਂ ਰੌਸ਼ਨ ਕੁਮਾਰ, ਅਨੰਤ ਕੁਮਾਰ, ਮੁਕੇਸ਼ ਕੁਮਾਰ ਅਤੇ ਚਿਤਰੰਜਨ ਦੇ ਕਮਰੇ ’ਚੋਂ ਵਾਧੂ ਰਾਸ਼ਨ ਪਾਇਆ ਗਿਆ ਜਦੋਂਕਿ ਇਨ੍ਹਾਂ ਨੌਜਵਾਨਾਂ ਨੇ ਹੈਲਪਲਾਈਨ ਨੰਬਰ ’ਤੇ ਫੋਨ ਕਰਕੇ ਘਰ ਰਾਸ਼ਨ ਨਾ ਹੋਣ ਦੀ ਦੁਹਾਈ ਦਿੰਦਿਆਂ ਰਾਸ਼ਨ ਪੁੱਜਦਾ ਕਰਨ ਦੀ ਗੁਹਾਰ ਲਗਾਈ ਸੀ। ਸੂਚਨਾ ਮਿਲਣ ’ਤੇ ਐਸਡੀਐਮ ਵੱਲੋਂ ਸੈਂਟਰਲ ਥਾਣਾ ਫੇਜ਼-8 ਦੇ ਥਾਣੇਦਾਰ ਅਮਨ ਸਿੰਘ ਦੀ ਕੁੰਭੜਾ ਵਿੱਚ ਰਾਸ਼ਨ ਪਹੁੰਚਾਉਣ ਲਈ ਦੀ ਡਿਊਟੀ ਲਗਾਈ ਗਈ।
ਪੁਲੀਸ ਟੀਮ ਨੇ ਸਬੰਧਤ ਨੰਬਰ ’ਤੇ ਫੋਨ ਕਰਕੇ ਰਾਸ਼ਨ ਦੇਣ ਦੀ ਗੱਲ ਆਈ ਤਾਂ ਰੌਸ਼ਨ ਕੁਮਾਰ ਨੇ ਪੁਲੀਸ ਟੀਮ ਨੂੰ ਆਪਣੇ ਕਮਰੇ ਵਿੱਚ ਬੁਲਾਉਣ ਦੀ ਥਾਂ ਜਦੋਂ ਕਿਸੇ ਹੋਰ ਪਾਸੇ ਆਉਣ ਨੂੰ ਕਿਹਾ ਤਾਂ ਉਨ੍ਹਾਂ ਨੂੰ ਸ਼ੱਕ ਹੋ ਗਿਆ। ਥਾਣੇਦਾਰ ਅਮਨ ਸਿੰਘ ਨੇ ਦੱਸਿਆ ਕਿ ਰੌਸ਼ਨ ਕੁਮਾਰ ਨੂੰ ਰਾਸ਼ਨ ਕਿੱਟ ਦੇ ਉਹ ਉੱਥੋਂ ਚਲੇ ਗਏ ਅਤੇ ਇਕ ਕਰਮਚਾਰੀ ਨੂੰ ਸਿਵਲ ਕੱਪੜਿਆਂ ਵਿੱਚ ਉਸ ਦਾ ਪਿੱਛਾ ਕਰਨ ਲਗਾ ਦਿੱਤਾ। ਜਿਵੇਂ ਹੀ ਰੌਸ਼ਨ ਪੀਜੀ ਵਿੱਚ ਰਾਸ਼ਨ ਲੈ ਕੇ ਪੁੱਜਾ ਤਾਂ ਨਾਲ ਪੁਲੀਸ ਕਰਮਚਾਰੀ ਵੀ ਉੱਥੇ ਪਹੁੰਚ ਗਏ। ਪੀਜੀ ਕਮਰੇ ਦੀ ਤਲਾਸ਼ ਲੈਣ ’ਤੇ ਉੱਥੇ ਵੱਡੀ ਮਾਤਰਾ ਵਿੱਚ ਰਾਸ਼ਨ ਮੌਜੂਦ ਸੀ। ਪੁਲੀਸ ਅਨੁਸਾਰ ਪੀਜੀ ਕਮਰੇ ਵਿੱਚ 40 ਕਿੱਲੋ ਆਟਾ, 5 ਕਿੱਲੋ ਚੀਨੀ, ਅੰਡਿਆਂ ਦੀਆਂ ਦੋ ਟਰੇਆਂ, ਦਾਲਾਂ ਅਤੇ ਹੋਰ ਕਾਫੀ ਸਮਾਨ ਪਹਿਲਾਂ ਤੋਂ ਹੀ ਪਿਆ ਸੀ। ਪੁਲੀਸ ਨੇ ਤੁਰੰਤ ਉਕਤ ਨੌਜਵਾਨਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਇੱਥੋਂ ਦੇ ਫੇਜ਼-9 ਸਥਿਤ ਹਾਕੀ ਸਟੇਡੀਅਮ ਵਿੱਚ ਬਣਾਈ ਗਈ ਆਰਜ਼ੀ ਜੇਲ੍ਹ ਵਿੱਚ ਭੇਜ ਦਿੱਤਾ। ਉਂਜ ਪੁਲੀਸ ਨੇ ਨੌਜਵਾਨਾਂ ਦੇ ਭਵਿੱਖ ਨੂੰ ਦੇਖਦੇ ਹੋਏ ਉਨ੍ਹਾਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਹੈ ਪ੍ਰੰਤੂ ਸਬਕ ਸਿਖਾਉਣ ਲਈ ਆਰਜ਼ੀ ਜੇਲ੍ਹ ਵਿੱਚ ਭੇਜਿਆ ਗਿਆ।

Load More Related Articles

Check Also

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’ ਸੀਐਮ ਦੀ ਯੋਗਸ਼ਾਲਾ ਦਾ ਲੋ…