Nabaz-e-punjab.com

ਮੁਹਾਲੀ ਪੁਲੀਸ ਵੱਲੋਂ 48 ਪੀਜੀ ਦੀ ਚੈਕਿੰਗ, 52 ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ\ਖਰੜ, 14 ਜੁਲਾਈ:
ਜ਼ਿਲ੍ਹਾ ਪੁਲੀਸ ਵੱਲੋਂ ਅੱਜ ਸਬ ਡਵੀਜ਼ਨ ਜ਼ੀਰਕਪੁਰ ਅਤੇ ਖਰੜ ਵਿੱਚ ਪੇਇੰਗ ਗੈਸਟ (ਪੀਜੀ) ਖ਼ਿਲਾਫ਼ ਵੱਡੇ ਪੱਧਰ ’ਤੇ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਕਿਰਾਏਦਾਰਾਂ ਦੇ ਦਸਤਾਵੇਜ਼ ਤੇ ਹੋਰ ਵੇਰਵੇ ਜਾਂਚੇ ਗਏ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 52 ਕੇਸ ਦਰਜ ਕੀਤੇ ਗਏ। ਅੱਜ ਦੇਰ ਸ਼ਾਮ ਜ਼ਿਲ੍ਹਾ ਪੁਲੀਸ ਮੁਖੀ ਹਰਚਰਨ ਸਿੰਘ ਭੁੱਲਰ ਆਈਪੀਐਸ ਨੇ ਦੱਸਿਆ ਕਿ ਐਸਪੀ (ਐੱਚ) ਗੁਰਸੇਵਕ ਸਿੰਘ ਬਰਾੜ ਦੀ ਅਗਵਾਈ ਵਿੱਚ ਸਬ ਡਵੀਜ਼ਨ ਜ਼ੀਰਕਪੁਰ ਵਿਖੇ ਅਤੇ ਐਸਪੀ (ਟਰੈਫ਼ਿਕ) ਕੇਸਰ ਸਿੰਘ ਦੀ ਅਗਵਾਈ ਵਿੱਚ ਸਬ ਡਵੀਜ਼ਨ ਖਰੜ ਵਿਚਲੇ ਰਿਹਾਇਸ਼ੀ ਇਲਾਕਿਆਂ ਵਿੱਚ ਪੀ.ਜੀ ਅਤੇ ਇਨ੍ਹਾਂ ਵਿਚ ਰਹਿੰਦੇ ਕਿਰਾਏਦਾਰਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਦੋਵੇਂ ਸਬ ਡਵੀਜ਼ਨਾਂ ਵਿੱਚ ਮਹਿਲਾ ਪੁਲਿਸ ਮੁਲਾਜ਼ਮਾਂ ਸਮੇਤ ਕੁੱਲ 300 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੇ 48 ਪੀਜੀ ਅਤੇ 90 ਸੁਸਾਇਟੀਆਂ/ਕਲੋਨੀਆਂ ਵਿੱਚ ਰਹਿੰਦੇ ਕਿਰਾਏਦਾਰਾਂ ਦੀ ਚੈਕਿੰਗ ਕੀਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਨੇ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਤਹਿਤ ਹੁਕਮ ਜਾਰੀ ਕਰ ਕੇ ਕਿਰਾਏਦਾਰਾਂ ਦੀ ਪੜਤਾਲ ਲਾਜ਼ਮੀ ਕੀਤੀ ਹੋਈ ਹੈ। ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਭੁੱਲਰ ਨੇ ਦੱਸਿਆ ਕਿ ਇਹ ਗੱਲ ਧਿਆਨ ਵਿੱਚ ਆਈ ਸੀ ਕਿ ਕੁਝ ਮਕਾਨ ਮਾਲਕਾਂ ਵੱਲੋਂ ਆਪਣੇ ਮਕਾਨਾਂ ਵਿੱਚ ਬਿਨਾਂ ਪੜਤਾਲ ਤੋਂ ਪੇਇੰਗ ਗੈਸਟ ਅਤੇ ਕਿਰਾਏਦਾਰ ਰੱਖੇ ਹੋਏ ਹਨ, ਜਿਸ ਮਗਰੋਂ ਇਹ ਚੈਕਿੰਗ ਕਰਵਾਈ ਗਈ। ਚੈਕਿੰਗ ਦੌਰਾਨ ਜਿਨ੍ਹਾਂ ਮਕਾਨ ਮਾਲਕਾਂ ਨੇ ਆਪਣੇ ਮਕਾਨਾਂ ਵਿੱਚ ਬਿਨਾਂ ਮਨਜ਼ੂਰੀ ਅਤੇ ਬਿਨਾਂ ਪੜਤਾਲ ਤੋਂ ਪੀਜੀ ਅਤੇ ਕਿਰਾਏਦਾਰ ਰੱਖੇ ਹੋਏ ਸਨ, ਉਨ੍ਹਾਂ ਮਕਾਨ ਮਾਲਕਾਂ ਖ਼ਿਲਾਫ਼ ਆਈ.ਪੀਸੀ ਦੀ ਧਾਰਾ 188 ਤਹਿਤ 52 ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਮਕਾਨ ਮਾਲਕਾਂ ਵੱਲੋਂ ਆਪਣੇ ਮਕਾਨਾਂ ਵਿੱਚ ਪੀਜੀ ਜਾਂ ਕਿਰਾਏਦਾਰ ਰੱਖੇ ਹੋਏ ਹਨ, ਉਨ੍ਹਾਂ ਦੀ ਵੈਰੀਫਿਕੇਸ਼ਨ ਕਰਵਾਈ ਜਾਵੇ। ਭਵਿੱਖ ਵਿੱਚ ਵੀ ਜਿਹੜੇ ਮਕਾਨ ਮਾਲਕ ਨਾਜਾਇਜ਼ ਤੌਰ ਉਤੇ ਅਤੇ ਬਿਨਾਂ ਪੜਤਾਲ ਤੋਂ ਪੀਜੀ ਅਤੇ ਕਿਰਾਏਦਾਰ ਆਪਣੇ ਮਕਾਨਾਂ ਵਿੱਚ ਰੱਖਣਗੇ, ਉਨ੍ਹਾਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਮੁਹਾਲੀ ਪੁਲੀਸ ਵੱਲੋਂ 7 ਜੁਲਾਈ ਨੂੰ ਪੀ.ਜੀ. ਦੀ ਚੈਕਿੰਗ ਲਈ ਵੱਡੇ ਪੱਧਰ ’ਤੇ ਮੁਹਿੰਮ ਵਿੱਢੀ ਗਈ ਸੀ, ਜਿਸ ਦੌਰਾਨ ਸਬ-ਡਵੀਜ਼ਨ ਸ਼ਹਿਰੀ-1 ਅਤੇ ਸਬ-ਡਵੀਜ਼ਨ ਸ਼ਹਿਰੀ-2 ਵਿੱਚ ਪੈਂਦੇ ਰਿਹਾਇਸ਼ੀ ਏਰੀਏ ਦੀ ਚੈਕਿੰਗ ਕੀਤੀ ਗਈ ਸੀ। ਇਸ ਦੌਰਾਨ ਜਿਨ੍ਹਾਂ ਮਕਾਨ ਮਾਲਕਾਂ ਨੇ ਆਪਣੇ ਮਕਾਨਾਂ ਵਿੱਚ ਬਿਨਾਂ ਮਨਜ਼ੂਰੀ ਅਤੇ ਬਿਨਾਂ ਪੜਤਾਲ ਤੋਂ ਪੀਜੀ ਅਤੇ ਕਿਰਾਏਦਾਰ ਰੱਖੇ ਹੋਏ ਸਨ, ਉਨ੍ਹਾਂ ਮਕਾਨ ਮਾਲਕਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 188 ਤਹਿਤ 60 ਕੇਸ ਦਰਜ ਕੀਤੇ ਗਏ ਸਨ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …