ਪੀਜੀਆਈ ਬਲੱਡ ਬੈਂਕ ਨੇ ਟਰਾਈਸਿਟੀ ਦੇ ਖੂਨਦਾਨੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਆ

ਅਧਿਕਾਰੀ ਨਿੱਜੀ ਤੌਰ ’ਤੇ ਕਰ ਰਹੇ ਨੇ ਤਾਲਮੇਲ, ਰੋਜ਼ਾਨਾ 20 ਤੋਂ 25 ਵਲੰਟੀਅਰ ਕਰ ਰਹੇ ਨੇ ਖੂਨਦਾਨ

ਕਰਫਿਊ ਕਾਰਨ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਲਗਾਏ ਜਾਣਗੇ ਖੂਨਦਾਨ ਕੈਂਪ ਪ੍ਰਭਾਵਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ:
ਕਰੋਨਾਵਾਇਰਸ ਦੀ ਮਹਾਮਾਰੀ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਪੀਜੀਆਈ ਬਲੱਡ ਬੈਂਕ ਦੇ ਅਧਿਕਾਰੀਆਂ ਨੇ ਵਲੰਟੀਅਰ ਖੂਨਦਾਨੀਆਂ ਅਤੇ ਖੂਨਦਾਨ ਕੈਂਪ ਲਗਾਉਣ ਵਾਲੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਰਾਬਤਾ ਕਰਨਾ ਸ਼ੁਰੂ ਕਰ ਦਿੱਤਾ ਹੈ। ਕਰਫਿਊ ਕਾਰਨ ਅਗਲੇ ਹੁਕਮਾਂ ਤੱਕ ਖੂਨਦਾਨ ਕੈਂਪ ਲਗਾਉਣੇ ਬੰਦ ਕਰ ਦਿੱਤੇ ਗਏ ਹਨ। ਹਾਲਾਂਕਿ ਪੰਜਾਬ ਦੇ ਰਾਜਪਾਲ ਅਤੇ ਗ੍ਰਹਿ ਵਿਭਾਗ ਦੇ ਸਕੱਤਰ ਨੇ ਲੋੜ ਅਨੁਸਾਰ ਛੋਟੇ ਖੂਨਦਾਨ ਕੈਂਪ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਪ੍ਰੰਤੂ ਕਰੋਨਾ ਦੀ ਦਹਿਸ਼ਤ ਕਾਰਨ ਫਿਲਹਾਲ ਛੋਟੇ ਕੈਂਪ ਵੀ ਨਹੀਂ ਲੱਗ ਰਹੇ ਹਨ।
ਉਧਰ, ਪੀਜੀਆਈ ਬਲੱਡ ਬੈਂਕ ਦੇ ਮੁਖੀ ਆਰਆਰ ਸ਼ਰਮਾ ਅਤੇ ਅਸਿਸਟੈਂਟ ਪ੍ਰੋਫੈਸਰ ਸੁਚੇਤ ਸਚਦੇਵ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਪੀਜੀਆਈ ਬਲੱਡ ਬੈਂਕ ਵਿੱਚ ਖੂਨ ਦੀ ਕੋਈ ਘਾਟ ਨਹੀਂ ਹੈ ਕਿਉਂਕਿ ਆਮ ਸਰਜਰੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਪ੍ਰੰਤੂ ਕਰਫਿਊ ਕਾਰਨ ਖੂਨਦਾਨ ਕੈਂਪ ਲੱਗਣੇ ਬੰਦ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਰਾਜਪਾਲ ਦੇ ਹੁਕਮਾਂ ’ਤੇ ਗ੍ਰਹਿ ਵਿਭਾਗ ਨੇ ਛੋਟੇ ਖੂਨਦਾਨ ਕੈਂਪ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਪ੍ਰੰਤੂ ਉਨ੍ਹਾਂ ਦੀ ਕੋਸ਼ਿਸ਼ ਇਹੀ ਹੈ ਕਿ ਵਲੰਟੀਅਰਾਂ ਨੂੰ ਪੀਜੀਆਈ ਲਿਆ ਕੇ ਖੂਨ ਦੇ ਯੂਨਿਟ ਇਕੱਤਰ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਪੀਜੀਆਈ ਦੀਆਂ ਤਿੰਨ ਗੱਡੀਆਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾਂਦਾ ਹੈ ਅਤੇ ਖੂਨਦਾਨ ਤੋਂ ਪਹਿਲਾਂ ਵਲੰਟੀਅਰਾਂ ਨੂੰ ਵੀ ਸੈਨੇਟਾਈਜ਼ ਕਰਨ ਦੇ ਨਾਲ ਨਾਲ ਮੂੰਹ ’ਤੇ ਮਾਸਕ ਪਹਿਨਾਇਆ ਜਾਂਦਾ ਹੈ। ਅਧਿਕਾਰੀਆਂ ਨੇ ਰੋਜ਼ਾਨਾ 25 ਤੋਂ 30 ਖੂਨਦਾਨੀ ਪੀਜੀਆਈ ਆ ਕੇ ਖੂਨਦਾਨ ਕਰ ਰਹੇ ਹਨ। ਇਸ ਸਬੰਧੀ ਮੁਹਾਲੀ ਸਮੇਤ ਸਮੁੱਚੇ ਟਰਾਈਸਿਟੀ ਵਿੱਚ ਵਲੰਟੀਅਰਾਂ ਅਤੇ ਖੂਨਦਾਨੀ ਸੰਸਥਾਵਾਂ ਨਾਲ ਨਿੱਜੀ ਤੌਰ ’ਤੇ ਤਾਲਮੇਲ ਕੀਤਾ ਜਾ ਰਿਹਾ ਹੈ।
ਪੀਜੀਆਈ ਬਲੱਡ ਬੈਂਕ ਦੇ ਅਸਿਸਟੈਂਟ ਪ੍ਰੋਫੈਸਰ ਸੁਚੇਤ ਸਚਦੇਵ ਨੇ ਦੱਸਿਆ ਕਿ ਕਰਫਿਊ ਕਾਰਨ ਖੂਨਦਾਨ ਕੈਂਪਾਂ ਦਾ ਸ਼ਡਿਊਲ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਕਰਫਿਊ ਦੇ ਚੱਲਦਿਆਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਵਿੱਚ ਛੁੱਟੀਆਂ ਹੋਣ ਕਾਰਨ ਸਾਰੇ ਨੌਜਵਾਨ ਵਿਦਿਆਰਥੀ ਅਤੇ ਫੈਕਲਟੀ ਮੈਂਬਰ ਆਪਣੇ ਘਰ ਚਲੇ ਗਏ ਹਨ। ਉਨ੍ਹਾਂ ਦੱਸਿਆ ਕਿ ਖੂਨਦਾਨੀਆਂ ਤੋਂ ਕਰੋਨਾ ਦੇ ਲੱਛਣਾਂ ਬਾਰੇ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਅਤੇ ਖੰਘ, ਜ਼ੁਕਾਮ ਅਤੇ ਬੁਖ਼ਾਰ ਤੋਂ ਪੀੜਤ ਵਿਅਕਤੀ ਦਾ ਖੂਨ ਲੈਣ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਟਰੈਫ਼ਿਕ ਪੁਲੀਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਵੀ ਕੀਤਾ।
ਪੰਜਾਬੀ ਵਿਰਸਾ ਸਭਿਆਚਾਰਕ ਮੰਚ ਮੁਹਾਲੀ ਦੇ ਪ੍ਰਧਾਨ ਤੇ ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਪੀਜੀਆਈ ਬਲੱਡ ਬੈਂਕ ਦੇ ਅਧਿਕਾਰੀਆਂ ਨੇ ਉਨ੍ਹਾਂ ਨੇ ਤਾਲਮੇਲ ਕਰਕੇ ਖੂਨਦਾਨੀਆਂ ਦਾ ਪ੍ਰਬੰਧ ਕਰਨ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਪੀਜੀਆਈ ਦੀ ਵੈਨ ਮੁਹਾਲੀ ਆ ਕੇ ਖੂਨਦਾਨੀਆਂ ਨੂੰ ਸੈਨੇਟਾਈਜ ਅਤੇ ਮਾਸਕ ਪਹਿਨਾ ਕੇ ਆਪਣੇ ਨਾਲ ਪੀਜੀਆਈ ਲੈ ਕੇ ਜਾਵੇਗੀ ਅਤੇ ਉੱਥੇ ਜ਼ਰੂਰੀ ਦੂਰੀ ਬਣਾ ਕੇ ਖੂਨ ਦੇ ਯੂਨਿਟ ਇਕੱਤਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੀਜੀਆਈ ਦੀ ਮੰਗ ਅਨੁਸਾਰ ਵਲੰਟੀਅਰਾਂ ਨੂੰ ਖੂਨਦਾਨ ਕਰਨ ਲਈ ਲਾਮਬੰਦ ਕੀਤਾ ਜਾ ਰਿਹਾ ਹੈ।
ਬਾਬਾ ਸੇਖ ਫਰੀਦ ਬਲੱਡ ਡੋਨਰਜ਼ ਸੁਸਾਇਟੀ ਮੁਹਾਲੀ ਦੀ ਪ੍ਰਧਾਨ ਜਸਵੰਤ ਕੌਰ (ਲਿਮਕਾ ਬੁੱਕ ਹੋਲਡਰ) ਨੇ ਦੱਸਿਆ ਕਿ ਉਹ ਰੋਜ਼ਾਨਾ ਹੀ ਵਲੰਟੀਅਰਾਂ ਨੂੰ ਖੂਨਦਾਨ ਕਰਨ ਲਈ ਵੱਖ-ਵੱਖ ਹਸਪਤਾਲਾਂ ਵਿੱਚ ਭੇਜ ਰਹੇ ਹਨ। ਅੱਜ ਵ ਇਕ ਅੌਰਤ ਦੇ ਪਿੱਤੇ ਦੇ ਅਪਰੇਸ਼ਨ ਲਈ ਦੋ ਵਲੰਟੀਅਰ ਫੋਰਟਿਸ ਹਸਪਤਾਲ ਵਿੱਚ ਭੇਜੇ ਗਏ ਹਨ। ਇਕ ਖੂਨਦਾਨੀ ਨੂੰ ਮੈਕਸ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀਜੀਆਈ ਦੀ ਮੰਗ ਅਨੁਸਾਰ ਲੋੜ ਅਨੁਸਾਰ ਖੂਨਦਾਨ ਕਰਨ ਵਾਲੇ ਵਲੰਟੀਅਰਾਂ ਨੂੰ ਭੇਜਿਆ ਜਾਵੇਗਾ। ਪੰਜ ਦਰਿਆ ਸਭਿਆਚਾਰ ਮੰਚ ਮੁਹਾਲੀ ਦੇ ਪ੍ਰਧਾਨ ਲੱਖਾ ਸਿੰਘ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਲਈ ਉਨ੍ਹਾਂ ਦੀ ਐਂਬੂਲੈਂਸ ਹਮੇਸ਼ਾ ਤਿਆਰ-ਬਾਰ-ਤਿਆਰ ਰਹਿੰਦੀ ਹੈ। ਹੁਣ ਤੱਕ ਉਹ 73 ਖੂਨਦਾਨ ਕੈਂਪ ਲਗਾ ਚੁੱਕੇ ਹਨ। ਜਿਨ੍ਹਾਂ ’ਚੋਂ 35 ਕੈਂਪ ਪੀਜੀਆਈ ਦੇ ਸਹਿਯੋਗ ਨਾਲ ਲਗਾਏ ਗਏ ਹਨ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…