Share on Facebook Share on Twitter Share on Google+ Share on Pinterest Share on Linkedin ਪੀਜੀਆਈ ਦੇ ਮੁਲਾਜ਼ਮ ਸੁਨੀਲ ਕੁਮਾਰ ਵਾਸੀ ਨਵਾਂ ਗਾਉਂ ਨੇ ਵੀ ਜਿੱਤੀ ਕਰੋਨਾ ਦੀ ਜੰਗ ਸੁਨੀਲ ਦੀ ਪਤਨੀ, ਬਜ਼ੁਰਗ ਮਾਂ, ਮਾਸੂਮ ਬੱਚੀ ਅਤੇ ਸਾਲਾ ਹਾਲੇ ਵੀ ਪੀਜੀਆਈ ’ਚ ਜੇਰੇ ਇਲਾਜ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਈ: ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਜਿੱਥੇ ਲਗਾਤਾਰ ਕਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਉੱਥੇ ਨਾਲ-ਨਾਲ ਪੀੜਤ ਮਰੀਜ਼ ਠੀਕ ਵੀ ਹੋ ਰਹੇ ਹਨ। ਦੁਪਹਿਰ ਵੇਲੇ ਤਿੰਨ ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ’ਚੋਂ ਛੁੱਟੀ ਮਿਲੀ ਸੀ ਅਤੇ ਸ਼ਾਮ ਨੂੰ ਇਕ ਹੋਰ ਪੀੜਤ ਮਰੀਜ਼ ਨੇ ਕਰੋਨਾ ਨੂੰ ਮਾਤ ਦਿੱਤੀ ਹੈ। ਇਸ ਗੱਲ ਦੀ ਪੁਸ਼ਟੀ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਸੁਨੀਲ ਕੁਮਾਰ (30) ਵਾਸੀ ਨਵਾਂ ਗਾਉਂ ਨੂੰ ਅੱਜ ਠੀਕ ਹੋਣ ਉਪਰੰਤ ਪੀਜੀਆਈ ਹਸਪਤਾਲ ’ਚੋਂ ਛੁੱਟੀ ਮਿਲੀ ਗਈ ਹੈ। ਸੁਨੀਲ ਕੁਮਾਰ ਪੀਜੀਆਈ ਦਾ ਹੀ ਮੁਲਾਜ਼ਮ ਹੈ। ਉਹ ਕਰੋਨਾਵਾਇਰਸ ਦੀ ਮਹਾਮਾਰੀ ਨਾਲ ਨਜਿੱਠਣ ਲਈ ਪੀਜੀਆਈ ਵਿੱਚ ਬਣਾਏ ਗਏ ਵਿਸ਼ੇਸ਼ ਆਈਸੋਲੇਸ਼ਨ ਵਾਰਡ ਵਿੱਚ ਬਤੌਰ ਸਫ਼ਾਈ ਕਰਮਚਾਰੀ ਕੰਮ ਕਰਦਾ ਸੀ। ਜਿੱਥੋਂ ਉਸ ਨੂੰ ਇਸ ਮਹਾਮਾਰੀ ਦੀ ਲਾਗ ਲੱਗ ਗਈ ਸੀ। ਸਿਵਲ ਸਰਜਨ ਨੇ ਦੱਸਿਆ ਕਿ ਸੁਨੀਲ ਕੁਮਾਰ ਦੇ 14 ਦਿਨ ਦੌਰਾਨ ਲਗਾਤਾਰ ਵਾਰੋ ਵਾਰੀ ਦੋ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਸਨ ਅਤੇ ਦੋਵੇਂ ਨਮੂਨਿਆਂ ਦੀਆਂ ਰਿਪੋਰਟਾਂ ਨੈਗੇਟਿਵ ਆਉਣ ਮਗਰੋਂ ਅੱਜ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਪ੍ਰੰਤੂ ਫਿਲਹਾਲ ਉਸ ਨੂੰ ਘਰ ਨਹੀਂ ਭੇਜਿਆ ਜਾ ਰਿਹਾ ਹੈ ਕਿਉਂਕਿ ਸੁਨੀਲ ਦਾ ਪੂਰਾ ਟੱਬਰ ਸਮੇਤ ਉਸ ਦੇ ਮੁਹੱਲੇ ਦੇ ਕਈ ਹੋਰ ਵਿਅਕਤੀ ਵੀ ਕਰੋਨਾ ਤੋਂ ਪੀੜਤ ਹਨ। ਜਿਨ੍ਹਾਂ ’ਚੋਂ ਪੀਜੀਆਈ ਦਾ ਕੁੱਕ ਵੀ ਸ਼ਾਮਲ ਹੈ। ਜਿਸ ਕਾਰਨ ਸੁਨੀਲ ਨੂੰ ਪੀਜੀਆਈ ਵਿੱਚ ਹੀ ਵਿਸ਼ੇਸ਼ ਵਾਰਡ ਵਿੱਚ ਅਗਲੇ ਹੁਕਮਾਂ ਤੱਕ ਕੁਆਰੰਟੀਨ ਕਰਕੇ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਸੁਨੀਲ ਦੀ ਪਤਨੀ ਗਰੀਮਾ ਦੇਵੀ (26), ਬਜ਼ੁਰਗ ਮਾਂ ਰਾਜ ਰਾਣੀ (60), 1 ਮਹੀਨੇ ਦੀ ਮਾਸੂਮ ਬੱਚੀ ਅਤੇ ਸਾਲਾ ਰਿਤੇਸ਼ ਕੁਮਾਰ (20) ਹਾਲੇ ਵੀ ਪੀਜੀਆਈ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਹਸਪਤਾਲਾਂ ਵਿੱਚ ਜੇਰੇ ਇਲਾਜ 58 ਪੀੜਤ ਮਰੀਜ਼ਾਂ ਦੀ ਹਾਲਤ ਬਿਲਕੁਲ ਠੀਕ ਹੈ। ਨਵਾਂ ਗਰਾਓ ਸਮੇਤ ਜਗਤਪੁਰਾ, ਕੁੰਭੜਾ, ਮੌਲੀ ਬੈਦਵਾਨ ਆਦਿ ਪ੍ਰਭਾਵਿਤ ਇਲਾਕਿਆਂ ’ਚੋਂ ਹੁਣ ਕੋਈ ਨਵਾਂ ਕੇਸ ਨਹੀਂ ਮਿਲਿਆ ਹੈ। ਜਿਨ੍ਹਾਂ ਵਿਅਕਤੀਆਂ ਨੂੰ ਕੁਆਰੰਟੀਨ ਕੀਤਾ ਗਿਆ ਸੀ। ਉਨ੍ਹਾਂ ਨੇ ਸਾਰਿਆਂ ਨੇ ਇਕਾਂਤਵਾਸ ਦੀ ਮਿਆਦ ਪੂਰੀ ਕਰ ਲਈ ਹੈ ਅਤੇ ਦੁਬਾਰਾ ਚੈਕਿੰਗ ਦੌਰਾਨ ਕਿਸੇ ਵਿੱਚ ਕਰੋਨਾ ਦਾ ਕੋਈ ਲੱਛਣ ਨਜ਼ਰ ਨਹੀਂ ਆਇਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ