ਮੁਹਾਲੀ ਵਿੱਚ ਪੀਜੀਆਈ ਦੇ ਪੱਧਰ ਦਾ ਮੈਡੀਕਲ ਕਾਲਜ ਤੇ ਹਸਪਤਾਲ ਬਣਾਇਆ ਜਾਵੇਗਾ: ਬਲਬੀਰ ਸਿੱਧੂ

ਵਿਧਾਇਕ ਸਿੱਧੂ ਦੇ ਬੇਟੇ ਕੰਵਰਬੀਰ ਸਿੰਘ ਸਿੱਧੂ ਨੇ ਫੇਜ਼-7 ਵਿੱਚ ਘਰ ਘਰ ਜਾ ਕੇ ਮੰਗੀਆਂ ਵੋਟਾਂ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜਨਵਰੀ:
ਮੁਹਾਲੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਮਗਰੋਂ ਪਹਿਲ ਦੇ ਆਧਾਰ ’ਤੇ ਮੁਹਾਲੀ ਵਿੱਚ ਪੀਜੀਆਈ ਦੇ ਪੱਧਰ ਦਾ ਮੈਡੀਕਲ ਕਾਲਜ ਤੇ ਹਸਪਤਾਲ ਬਣਾਇਆ ਜਾਵੇਗਾ ਤਾਂ ਕਿ ਆਮ ਲੋਕਾਂ ਨੂੰ ਸਸਤੀਆਂ ਅਤੇ ਮਿਆਰੀ ਸਿਹਤ ਸਹੂਲਤਾਂ ਮਿਲ ਸਕਣ। ਪਿੰਡ ਜਗਤਪੁਰਾ ਵਿੱਚ ਚੋਣ ਮੀਟਿੰਗ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਮਗਰੋਂ ਹਲਕੇ ਦੇ ਲੋਕਾਂ ਦੀ ਸਿਹਤ ਤੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਲੜਕੀਆਂ ਦੀ ਉੱਚ ਸਿੱਖਿਆ ਲਈ ਇੱਕ ਵੱਖਰੇ ਸਰਕਾਰੀ ਕਾਲਜ ਦੀ ਸਥਾਪਨਾ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਦਾ ਮੁੱਖ ਟੀਚਾ ਮੋਹਾਲੀ ਵਿਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਲਿਆਉਣਾ ਅਤੇ ਹਲਕੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉੁਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਕਾਂਗਰਸ ਸਰਕਾਰ ਬਣਨ ’ਤੇ ਉਨ੍ਹਾਂ ਵਲੋਂ ਇਲਾਕੇ ਵਿਚ ਉਦਯੋਗਿਕ ਇਕਾਈਆਂ ਦੇ ਵਿਕਾਸ ਲਈ ਸਿਰਤੋੜ ਯਤਨ ਕੀਤੇ ਜਾਣਗੇ ਕਿਉਂਕਿ ਅਕਾਲੀ ਸਰਕਾਰ ਦੀਆਂ ਘਟੀਆ ਨੀਤੀਆਂ ਕਾਰਨ ਮੋਹਾਲੀ ਅੰਦਰੋਂ ਵੱਡੀ ਗਿਣਤੀ ਵਿੱਚ ਉਦਯੋਗ ਹਿਜਰਤ ਕਰ ਚੱੁਕੇ ਹਨ, ਜਿਸ ਕਾਰਨ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਦੂਜੇ ਰਾਜਾਂ ਵਿਚ ਭਟਕਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਲੋਕਾਂ ਨੇ ਜਿੰਨਾਂ ਪਿਆਰ ਤੇ ਸਤਿਕਾਰ ਉਨ੍ਹਾਂ ਨੂੰ ਬਖ਼ਸ਼ਿਆ ਹੈ, ਉਸ ਲਈ ਉਹ ਹਮੇਸ਼ਾ ਲੋਕਾਂ ਦੇ ਰਿਣੀ ਰਹਿਣਗੇ ਅਤੇ ਇਸ ਪਿਆਰ ਤੇ ਸਤਿਕਾਰ ਦਾ ਕਰਜ਼ਾ ਵਿਕਾਸ ਕਾਰਜਾਂ ਦੀਆਂ ਝੜੀਆਂ ਲਗਾਕੇ ਉਤਾਰਨਗੇ।
ਇਸ ਮੌਕੇ ਪੰਜਾਬ ਕਾਂਗਰਸ ਦੇ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਰਾਜ ਦਾ ਵਿਕਾਸ ਕਰ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ੍ਰੀ ਸਿੱਧੂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਮੁੜ ਵਿਧਾਨ ਸਭਾ ਵਿੱਚ ਭੇਜਿਆ ਜਾਵੇ ਤਾਂ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣ ਸਕਣ। ਇਸ ਮੌਕੇ ਪਿੰਡਾਂ ਦੇ ਲੋਕਾਂ ਨੇ ਸ੍ਰੀ ਸਿੱਧੂ ਨੂੰ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਵੀ ਕੀਤਾ। ਉਧਰ, ਵਿਧਾਇਕ ਸਿੱਧੂ ਦੇ ਬੇਟੇ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਨੇ ਪਾਰਟੀ ਵਰਕਰਾਂ ਅਤੇ ਆਪਣੇ ਮਿੱਤਰਚਾਰੇ ਨਾਲ ਫੇਜ਼-7 ਵਿੱਚ ਘਰ ਘਰ ਜਾ ਕੇ ਆਪਣੇ ਪਿਤਾ ਦੇ ਹੱਕ ਵਿੱਚ ਵੋਟ ਮੰਗੇ ਅਤੇ ਸ਼ਹਿਰ ਦੀ ਤਰੱਕੀ ਲਈ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ, ਜਗਜੀਤ ਸਿੰਘ ਧਾਲੀਵਾਲ, ਕੁਲਦੀਪ ਸਿੰਘ ਧਨੋਆ, ਸੁਰਿੰਦਰਪਾਲ ਸਿੰਘ ਛੀਨਾ, ਰਣਜੀਤ ਸਿੰਘ ਰਾਣਾ, ਨੰਬਰਦਾਰ ਬਲਜਿੰਦਰ ਸਿੰਘ, ਬਲਦੇਵ ਸਿੰਘ, ਸੁਰਿੰਦਰ ਸਿੰਘ ਰਾਣਾ, ਨਾਜਰ ਸਿੰਘ, ਸੂਬੇਦਾਰ ਕਰਨੈਲ ਸਿੰਘ ਤੋਂ ਇਲਾਵਾ ਪਿੰਡ ਨਿਵਾਸੀ ਮਜੂਦ ਸਨ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…