Nabaz-e-punjab.com

ਈਟੀਟੀ ਬੈਕਲਾਗ ਵਿਰੁੱਧ ਚੁਣੇ ਉਮੀਦਵਾਰਾਂ ਦੇ ਅੰਗਹੀਣਤਾ ਸਰਟੀਫਿਕੇਟਾਂ ਦੀ ਪੀਜੀਆਈ ਤੋਂ ਜਾਂਚ ਕਰਵਾਉਣ ਦੀ ਮੰਗ

ਜਾਅਲੀ ਅੰਗਹੀਣ ਸਰਟੀਫਿਕੇਟਾਂ ਦੀ ਉੱਚ ਪੱਧਰੀ ਜਾਂਚ ਲਈ ਮੁੱਖ ਮੰਤਰੀ ਤੇ ਸਿਹਤ ਮੰਤਰੀ ਤੋਂ ਨਿੱਜੀ ਦਖ਼ਲ ਦੇਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ:
ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਇੱਥੋਂ ਦੇ ਫੇਜ਼-8 ਸਥਿਤ ਸਿੱਖਿਆ ਭਵਨ ਦੇ ਬਾਹਰ ਲਗਾਏ ਪੱਕੇ ਧਰਨੇ ਦੇ ਤੀਜੇ ਦਿਨ ਭੁੱਖ ਹੜਤਾਲ ਜਾਰੀ ਰਹੀ। ਅੱਜ ਰਾਜਵੀਰ ਕੌਰ ਸ੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਕੌਰ ਮਾਨਸਾ, ਮਨੀ ਸੰਗਰੂਰ, ਅੰਗਹੀਣ ਲੇਖ ਸਿੰਘ ਫਿਰੋਜ਼ਪੁਰ, ਨਵਨੀਤ ਸਿੰਘ ਬਰਨਾਲਾ ਭੁੱਖ ਹੜਤਾਲ ’ਤੇ ਬੈਠੇ ਹਨ। ਜਦੋਂਕਿ ਪਹਿਲੇ ਦਿਨ ਅੰਗਹੀਣ ਰੀਤੂ ਬਾਲਾ ਫਿਰੋਜ਼ਪੁਰ, ਪ੍ਰਿਥਵੀ ਰਾਮ ਵਰਮਾ (ਅਬੋਹਰ), ਅੰਗਹੀਣ ਜਰਨੈਲ ਸਿੰਘ ਸੰਗਰੂਰ, ਕਰਨਦੀਪ ਸਿੰਘ ਫਰੀਦਕੋਟ ਅਤੇ ਸੁਰਿੰਦਰ ਸਿੰਘ ਫਿਰੋਜ਼ਪੁਰ ਭੁੱਖ ਹੜਤਾਲ ’ਤੇ ਬੈਠੇ ਸਨ। ਧਰਨਾਕਾਰੀਆਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹੁਕਮਰਾਨਾਂ ਨੂੰ ਵੀ ਰੱਜ ਕੇ ਕੋਸਿਆ। ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਖਬਰਸਾਰ ਨਾ ਲੈਣ ਕਰਕੇ ਮੁਹਾਲੀ ਪ੍ਰਸ਼ਾਸਨ ਖ਼ਿਲਾਫ਼ ਵੀ ਨਾਰਾਜ਼ਗੀ ਪ੍ਰਗਟਾਈ।
ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਜਨਰਲ ਸਕੱਤਰ ਹਰਮਨਦੀਪ ਸਿੰਘ ਅਤੇ ਪ੍ਰੈਸ ਸਕੱਤਰ ਸੋਨੂੰ ਬਾਲੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਤੋਂ ਮੰਗ ਕੀਤੀ ਕਿ ਈਟੀਟੀ ਬੈਕਲਾਗ ਵਿਰੁੱਧ ਚੁਣੇ ਉਮੀਦਵਾਰਾਂ ਦੇ ਅੰਗਹੀਣਤਾ ਸਰਟੀਫਿਕੇਟਾਂ ਦੀ ਪੀਜੀਆਈ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਜਾਅਲੀ ਸਰਟੀਫਿਕੇਟਾਂ ਦੀ ਸਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਿਹਤ ਵਿਭਾਗ ਵੱਲੋਂ ਵੱਡੇ ਪੱਧਰ ’ਤੇ ਅੰਗਹੀਣਤਾ ਸਰਟੀਫਿਕੇਟ ਬਣਾਏ ਗਏ ਸਨ। ਇਤਰਾਜ਼ ਹੋਣ ’ਤੇ ਚਾਰ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਵੱਲੋਂ ਜਾਰੀ ਕੀਤੇ ਅੰਗਹੀਣਤਾ ਸਰਟੀਫਿਕੇਟਾਂ ਦੀ ਪੀਜੀਆਈ ਦੀ ਮਾਹਰ ਟੀਮ ਵੱਲੋਂ ਵੱਖ ਵੱਖ ਪਹਿਲੂਆਂ ’ਤੇ ਬਰੀਕੀ ਨਾਲ ਜਾਂਚ ਕੀਤੀ ਗਈ ਸੀ ਅਤੇ ਜਾਂਚ ਵਿੱਚ ਕਾਫੀ ਸਰਟੀਫਿਕੇਟ ਜਾਅਲੀ ਪਾਏ ਗਏ ਸੀ।
ਆਗੂਆਂ ਨੇ ਕਿਹਾ ਕਿ ਬੀਤੀ 8 ਅਗਸਤ ਨੂੰ ਸਿੱਖਿਆ ਵਿਭਾਗ ਵੱਲੋਂ ਸਟੇਸ਼ਨ ਚੁਣਨ ਲਈ ਜਿਨ੍ਹਾਂ ਨੇਤਰਹੀਣਾਂ ਅਤੇ ਗੁੰਗੇ ਤੇ ਬਹਿਰੇ ਉਮੀਦਵਾਰਾਂ ਨੂੰ ਸੱਦਿਆ ਗਿਆ ਸੀ। ਉਨ੍ਹਾਂ ’ਚੋਂ ਜ਼ਿਆਦਾਤਰ ਵਿਅਕਤੀਆਂ ਨੂੰ ਦੇਖਣ ਤੋਂ ਸਪੱਸ਼ਟ ਰੂਪ ਵਿੱਚ ਇਹ ਪਤਾ ਚੱਲਦਾ ਸੀ ਕਿ ਉਹ ਕਿਸੇ ਵੀ ਪੱਖੋਂ ਅੰਗਹੀਣ ਨਹੀਂ ਹਨ। ਪੀੜਤ ਉਮੀਦਵਾਰਾਂ ਨੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਤੋਂ ਨਿੱਜੀ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਜਾਅਲੀ ਸਰਟੀਫਿਕੇਟ ਪਾਏ ਜਾਣ ’ਤੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਸਬੰਧਤ ਡਾਕਟਰਾਂ ਦੇ ਖ਼ਿਲਾਫ਼ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਨ੍ਹਾਂ ਨਾਲ ਇਨਸਾਫ਼ ਹੋਣ ਸਕੇ।
ਆਗੂਆਂ ਨੇ ਮੰਗ ਕੀਤੀ ਅੰਗਹੀਣ ਅਤੇ ਸੁਤੰਤਰਤਾ ਸੈਨਾਨੀ ਕੋਟੇ ਦੀਆਂ 161 ਅਸਾਮੀਆਂ ’ਤੇ ਜ਼ਬਰਦਸਤੀ ਲਾਗੂ ਕੀਤੀ ਜਾ ਰਹੀ ਗਰੈਜੂਏਸ਼ਨ ਦੀ ਸ਼ਰਤ ਨੂੰ ਸੋਧ ਕਰਕੇ ਤਤਕਾਲੀ ਫੈਸਲੇ ਮੁਤਾਬਕ ਬਾਰ੍ਹਵੀਂ ਈਟੀਟੀ ਟੈੱਟ ਪਾਸ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇ। ਈਟੀਟੀ ਟੈੱਟ ਪਾਸ ਅਧਿਆਪਕਾਂ ਦਾ ਨੋਟੀਫਿਕੇਸ਼ਨ 12ਵੀਂ ਬੇਸ ਤੁਰੰਤ ਜਾਰੀ ਕੀਤਾ ਜਾਵੇ, ਪੰਜਾਬ ਵਿੱਚ ਆਈਟੀਟੀ ਅਧਿਆਪਕਾਂ ਦੀਆ ਖਾਲੀ ਪਈਆਂ 12 ਹਜ਼ਾਰ ਅਸਾਮੀਆਂ ਨੂੰ ਪਹਿਲ ਦੇ ਆਧਾਰ ’ਤੇ ਭਰਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਅਧਿਕਾਰੀਆਂ ਨੇ ਉਨ੍ਹਾਂ ਦੀ ਜਾਇਜ਼ ਮੰਗਾਂ ਨਹੀਂ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਹੋਰਨਾਂ ਮੁਲਾਜ਼ਮਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਜਨ ਅੰਦੋਲਨ ਵਿੱਢਿਆ ਜਾਵੇਗਾ ਅਤੇ ਇਸ ਦੌਰਾਨ ਪੈਦਾ ਹੋਏ ਹਾਲਾਤਾਂ ਲਈ ਹੁਕਮਰਾਨ ਅਤੇ ਸਿੱਖਿਆ ਅਧਿਕਾਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ।

Load More Related Articles
Load More By Nabaz-e-Punjab
Load More In General News

Check Also

Punjab Police to install 2300 CCTV cameras at 703 strategic locations in all border districts

Punjab Police to install 2300 CCTV cameras at 703 strategic locations in all border distri…