
ਫੇਜ਼-3 ਦੇ ਕਮਿਊਨਿਟੀ ਸੈਂਟਰ ਦੀ ਮੁਰੰਮਤ ਕਰਵਾ ਕੇ ਜਲਦੀ ਲੋਕਾਂ ਦੀ ਵਰਤੋਂ ਲਈ ਖੋਲ੍ਹਿਆ ਜਾਵੇ : ਕੌਂਸਲਰ ਬੇਦੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਪ੍ਰਸਿੱਧ ਸਮਾਜ ਸੇਵੀ ਆਗੂ ਅਤੇ ਨਗਰ ਨਿਗਮ ਮੁਹਾਲੀ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਸ਼ਹਿਰ ਦੇ ਫੇਜ਼ 3ਬੀ1 ਵਿਖੇ ਸਥਿਤ ਕਮਿਊਨਿਟੀ ਸੈਂਟਰ ਨੂੰ ਖਾਲੀ ਕਰਵਾਉਣ ਸਬੰਧੀ ਗਮਾਡਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਕਮਿਊਨਿਟੀ ਸੈਂਟਰ ਨੂੰ ਤੁਰੰਤ ਖੁਲ੍ਹਵਾਇਆ ਜਾਵੇ।
ਸ੍ਰੀ ਬੇਦੀ ਨੇ ਆਪਣੇ ਪੱਤਰ ਵਿਚ ਕਿਹਾ ਕਿ ਇਹ ਕਮਿਊਨਿਟੀ ਸੈਂਟਰ ਲਗਭਗ ਇੱਕ ਸਾਲ ਪਹਿਲਾਂ ਖਾਲੀ ਹੋ ਗਿਆ ਸੀ ਪ੍ਰੰਤੂ ਅਜੇ ਤੱਕ ਇਹ ਲੋਕਾਂ ਦੇ ਲਈ ਨਹੀਂ ਖੋਲ੍ਹਿਆ ਗਿਆ ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਕਮਿਊਨਿਟੀ ਸੈਂਟਰ ਦੀ ਫਿਰ ਤੋਂ ਵਧੀਆ ਢੰਗ ਨਾਲ ਰਿਪੇਅਰ ਕਰਕੇ ਇਸ ਨੂੰ ਨਵੇਂ ਢੰਗ ਨਾਲ ਅਪਗ੍ਰੇਡ ਕੀਤਾ ਜਾਵੇ ਤਾਂ ਜੋ ਕਿਸੇ ਵੀ ਸਰਕਾਰੀ ਪ੍ਰੋਗਰਾਮ ਜਾਂ ਦੁਖ ਸੁੱਖ ਦੇ ਘਰੇਲੂ ਪ੍ਰੋਗਰਾਮਾਂ ਲਈ ਲੋਕੀਂ ਇਸ ਨੂੰ ਵਰਤੋੱ ਵਿਚ ਲਿਆ ਸਕਣ। ਉਨ੍ਹਾਂ ਕਿਹਾ ਕਿ ਇਹ ਕਮਿਊਨਿਟੀ ਸੈਂਟਰ ਦੇ ਸਾਹਮਣੇ ਗੁਰਦੁਆਰਾ ਸਾਹਿਬ ਵੀ ਹੈ ਅਤੇ ਪਾਰਕਿੰਗ ਵੀ ਕਾਫ਼ੀ ਹੈ ਜੋ ਕਿ ਵਧੀਆ ਢੰਗ ਨਾਲ ਇਹ ਸੈਂਟਰ ਲੋਕਾਂ ਦੇ ਵਿਆਹ ਸ਼ਾਦੀ ਦੇ ਸਮਾਗਮਾਂ ਵਿਚ ਕੰਮ ਆ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਨੇ ਇਸ ਨੂੰ ਤਿੰਨ ਮਹੀਨੇ ਦੇ ਅੰਦਰ ਅੰਦਰ ਲੋਕਾਂ ਨੂੰ ਸੌਂਪਣ ਲਈ ਕਾਰਵਾਈ ਨਾ ਕੀਤੀ ਤਾਂ ਉਹ ਲੋਕਹਿਤ ਵਿਚ ਸ਼ਹਿਰ ਦੇ ਲੋਕਾਂ ਨੂੰ ਨਾਲ ਲੈ ਕੇ ਗਮਾਡਾ ਦਫ਼ਤਰ ਅੱਗੇ ਧਰਨਾ ਦੇਣਗੇ ਅਤੇ ਇਸ ਨੂੰ ਤੁਰੰਤ ਖੋਲ੍ਹਣ ਦੀ ਮੰਗ ਕਰਨਗੇ। ਇੱਥੇ ਜਿਕਰਯੋਗ ਹੈ ਕਿ ਸ੍ਰੀ ਬੇਦੀ ਵੱਲੋੱ ਸ਼ਹਿਰ ਦੇ ਕਮਿਊਨਿਟੀ ਸੈਂਟਰਾਂ ਵਿੱਚ ਪੁਲੀਸ ਅਤੇ ਹੋਰਨਾਂ ਵਿਭਾਗਾਂ ਦੇ ਕਬਜਿਆਂ ਦੇ ਖਿਲਾਫ ਮਾਨਯੋਗ ਹਾਈਕੋਰਟ ਵਿੱਚ ਅਪੀਲ ਦਾਇਰ ਕਰਕੇ ਮੰਗ ਕੀਤੀ ਸੀ ਕਿ ਆਮ ਲੋਕਾਂ ਦੀ ਸਹੂਲੀਅਤ ਲਈ ਬਣਾਏ ਇਹਨਾਂ ਕਮਿਊਨਿਟੀ ਸੈਂਟਰਾਂ ਨੂੰ ਖਾਲੀ ਕਰਵਾ ਕੇ ਲੋਕਾਂ ਲਈ ਖੋਲ੍ਹਿਆ ਜਾਵੇ, ਇਸ ਤੋੱ ਬਾਅਦ ਇਹ ਕਮਿਊਨਿਟੀ ਸੈਂਟਰ ਖਾਲੀ ਤਾਂ ਹੋ ਗਿਆ ਸੀ ਪ੍ਰੰਤੂ ਹੁਣ ਇਸਦੀ ਹਾਲਤ ਮਾੜੀ ਹੈ ਅਤੇ ਗਮਾਡਾ ਵੱਲੋੱ ਇਸਦੀ ਦੇਖ ਰੇਖ ਨਾ ਕੀਤੇ ਜਾਣ ਕਾਰਨ ਇਹ ਜਨਤਕ ਵਰਤੋਂ ਦੇ ਯੋਗ ਨਹੀਂ ਹੈ।
ਨਸ਼ੇੜੀਆਂ ਦਾ ਅੱਡਾ ਬਣਿਆ ਖਾਲੀ ਪਿਆ ਕਮਿਊਨਿਟੀ ਸੈਂਟਰ
ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਦੋਸ਼ ਲਗਾਇਆ ਕਿ ਫੇਜ਼-3ਬੀ1 ਦਾ ਕਮਿਊਨਿਟੀ ਸੈਂਟਰ ਨਸ਼ੇੜੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਦਾ ਅੱਡਾ ਬਣ ਗਿਆ ਹੈ। ਹਰ ਸਮੇੱ ਹੀ ਨਸ਼ੇੜੀ ਅਤੇ ਸਮਾਜ ਵਿਰੋਧੀ ਅਨਸਰ ਇੱਥੇ ਬੈਠ ਕੇ ਗਲਤ ਹਰਕਤਾਂ ਕਰਦੇ ਰਹਿੰਦੇ ਹਨ। ਇਸ ਤੋੱ ਇਲਾਵਾ ਇਸ ਕਮਿਊਨਿਟੀ ਸੈਂਟਰ ਦੀ ਦੇਖਭਾਲ ਨਾ ਹੋਣ ਕਰਕੇ ਇੱਥੇ ਝਾੜੀਆਂ ਉੱਗ ਆਈਆਂ ਹਨ। ਜਿਹਨਾਂ ਵਿੱਚ ਜਹਿਰੀਲੇ ਜੀਵ ਪੈਦਾ ਹੋ ਗਏ ਹਨ। ਵਰਤੋਂ ਵਿੱਚ ਨਾ ਆਉਣ ਕਰਕੇ ਇਹ ਕਮਿਊਨਿਟੀ ਸੈਂਟਰ ਸਮੱਸਿਆਵਾਂ ਹੀ ਪੈਦਾ ਕਰ ਰਿਹਾ ਹੈ।