18 ਤੋਂ 44 ਸਾਲ ਦੇ ਉਸਾਰੂ ਕਾਮਿਆਂ ਨੂੰ ਟੀਕਾ ਲਗਾਉਣ ਨਾਲ ਕੋਵਿਡ-19 ਟੀਕਾਕਰਨ ਦਾ ਤੀਜਾ ਪੜਾਅ ਸ਼ੁਰੂ

ਸੰਕਰਮਣ ਤੇ ਪ੍ਰਸਾਰਨ ਦੇ ਸਭ ਤੋਂ ਉੱਚ ਜੋਖ਼ਮ ਵਾਲੇ ਵਿਅਕਤੀਆਂ ਨੂੰ ਤਰਜੀਹੀ ਆਧਾਰ ’ਤੇ ਕੀਤਾ ਜਾਵੇਗਾ ਕਵਰ: ਸਿੱਧੂ

ਮਈ ਮਹੀਨੇ ਲਈ ਨਿਰਧਾਰਿਤ ਕੀਤੇ 4.29 ਲੱਖ ਟੀਕਿਆਂ ’ਚੋਂ ਕੋਵਿਡ-19 ਟੀਕੇ ਦੀਆਂ ਇਕ ਲੱਖ ਖ਼ੁਰਾਕਾਂ ਬਰਾਮਦ ਹੋਈਆਂ

ਕੋਵਿਡ ਟੀਕਾਕਰਨ ਦੇ ਮਾਮਲੇ ਵਿੱਚ ਮੁਹਾਲੀ, ਪੰਜਾਬ ਭਰ ’ਚੋਂ ਮੋਹਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਪੰਜਾਬ ਭਰ ਵਿੱਚ 18 ਤੋਂ 44 ਸਾਲ ਉਮਰ ਦੇ ਸਮੂਹ ਰਜਿਸਟਰਡ ਉਸਾਰੂ ਕਾਮਿਆਂ ਨੂੰ ਟੀਕਾ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਕੋਵਿਡ ਟੀਕਾਕਰਨ ਮੁਹਿੰਮ ਸੋਮਵਾਰ ਨੂੰ ਤੀਜੇ ਪੜਾਅ ਵਿੱਚ ਦਾਖ਼ਲ ਹੋ ਗਈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਰਕਾਰੀ ਡਿਸਪੈਂਸਰੀ ਫੇਜ਼-7 ਵਿਖੇ ਟੀਕਾਕਰਨ ਮੁਹਿੰਮ ਦਾ ਉਦਘਾਟਨ ਕੀਤਾ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਸ਼ਲਾਘਾ ਕਰਦਿਆਂ ਦਾਅਵਾ ਕੀਤਾ ਕਿ ਕੋਵਿਡ ਟੀਕਾਕਰਨ ਵਿੱਚ ਮੁਹਾਲੀ, ਪੰਜਾਬ ਭਰ ’ਚ ਮੋਹਰੀ ਰਿਹਾ ਹੈ। ਇਸ ਮੌਕੇ ਐਸਡੀਐਮ ਜਗਦੀਪ ਸਹਿਗਲ, ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਜੀਬੀ ਸਿੰਘ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਸੀਨੀਅਰ ਕਾਂਗਰਸ ਆਗੂ ਜੀਐਸ ਰਿਆੜ, ਮਟੌਰ ਥਾਣਾ ਦੇ ਐਸਐਚਓ ਮਨਫੂਲ ਸਿੰਘ ਵੀ ਹਾਜ਼ਰ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਦਿੱਤੀ ਸੂਚੀ ਅਨੁਸਾਰ 18 ਤੋਂ 44 ਉਮਰ ਸਮੂਹ ਵਿੱਚ ਰਜਿਸਟਰਡ ਸਾਰੇ ਉਸਾਰੂ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਬੇ ਭਰ ਵਿੱਚ ਟੀਕਾਕਰਨ ਦੇ ਤੀਜੇ ਪੜਾਅ ਦੇ ਪਹਿਲੇ ਗੇੜ ਵਿੱਚ ਟੀਕਾ ਲਗਾਇਆ ਜਾਵੇਗਾ। ਟੀਕਾਕਰਨ ਦੇ ਪਹਿਲੇ ਪੜਾਅ ਵਿਚ ਹੈਲਥ ਕੇਅਰ ਵਰਕਰਾਂ (ਐਚ.ਸੀ.ਡਬਲਯੂ) ਅਤੇ ਫਰੰਟ ਲਾਈਨ ਵਰਕਰਾਂ ਨੂੰ ਕਵਰ ਕੀਤਾ ਗਿਆ ਸੀ, ਜਦੋਂ ਕਿ ਦੂਜੇ ਵਿੱਚ ਬਜ਼ੁਰਗਾਂ ਅਤੇ 45 ਸਾਲ ਤੋਂ ਵੱਧ ਉਮਰ ਦੇ ਸਹਿ ਰੋਗਾਂ ਤੋਂ ਪੀੜਤ ਸ਼ਾਮਲ ਕਵਰ ਕੀਤੇ ਗਏ।
ਉਨ੍ਹਾਂ ਕਿਹਾ ਕਿ ਸਾਡਾ ਧਿਆਨ ਉੱਚ ਜੋਖ਼ਮ ਦੇ ਸੰਕਰਮਣ ਅਤੇ ਪ੍ਰਸਾਰਨ ਵਾਲੇ ਮਰੀਜ਼ਾਂ ਨੂੰ ਕਵਰ ਕਰਨ ’ਤੇ ਹੈ ਅਤੇ ਇਸ ਸਬੰਧੀ 30 ਫੀਸਦੀ ਖ਼ੁਰਾਕਾਂ ਰਾਖਵੀਆਂ ਰੱਖੀਆਂ ਗਈਆਂ ਹਨ। ਜੋਖ਼ਮ ਤੇ ਪੇਸ਼ੇਵਰਾਂ ਦੀ ਸੂਚੀ ਪਹਿਲਾਂ ਹੀ ਮਾਹਰਾਂ ਵੱਲੋਂ ਤਿਆਰ ਕੀਤੀ ਜਾ ਚੁੱਕੀ ਹੈ ਪ੍ਰੰਤੂ ਮਈ ਲਈ ਸਿਰਫ਼ ਤਿੰਨ ਸ਼੍ਰੇਣੀਆਂ ਨੂੰ ਸ਼ਾਮਲ ਕੀਤਾ ਜਾਣਾ ਹੈ। ਸਰਕਾਰੀ ਕਰਮਚਾਰੀ, ਉਸਾਰੀ ਕਾਮੇ, 18 ਤੋਂ 44 ਉਮਰ ਸਮੂਹ ਵਿੱਚ ਆਉਣ ਵਾਲੇ ਸਰਕਾਰੀ ਅਤੇ ਨਿੱਜੀ ਵਿੱਦਿਅਕ ਸੰਸਥਾਵਾਂ ਦੇ ਅਧਿਆਪਕ ਅਤੇ ਹੋਰ ਕਰਮਚਾਰੀਆਂ ਦਾ ਟੀਕਾਕਰਨ ਕੀਤਾ ਜਾਵੇਗਾ ਜਦੋਂਕਿ ਸਹਿ-ਰੋਗਾਂ ਵਾਲੇ ਵਿਅਕਤੀਆਂ ਜੋ ਵੱਧ ਜੋਖ਼ਮ ਵਾਲੇ ਹਨ, ਨੂੰ ਚੌਥੇ ਪੜਾਅ ਵਿੱਚ ਕਵਰ ਕੀਤਾ ਜਾਵੇਗਾ।
ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਲਿਮਟਿਡ ਕੋਲ 30 ਲੱਖ ਖ਼ੁਰਾਕਾਂ ਦਾ ਤੁਰੰਤ ਆਰਡਰ ਜਾਰੀ ਕਰ ਦਿੱਤਾ ਹੈ ਅਤੇ ਮਈ ਮਹੀਨੇ ਲਈ 18 ਤੋਂ 44 ਸਾਲ ਦੀ ਉਮਰ ਸਮੂਹ ਲਈ 4.29 ਲੱਖ ਖ਼ੁਰਾਕਾਂ ਦੀ ਵੰਡ ਕੀਤੀ ਜਾਵੇਗੀ। ਜਿਸ ’ਚੋਂ ਸਰਕਾਰ ਨੂੰ ਹੁਣ ਤੱਕ 1 ਲੱਖ ਖ਼ੁਰਾਕਾਂ ਮਿਲੀਆਂ ਹਨ। ਜ਼ਿਲ੍ਹਿਆਂ ਵਿੱਚ ਟੀਕਿਆਂ ਦੀ ਵੰਡ ਲਈ ਵਰਤੀ ਗਈ ਰਣਨੀਤੀ ਉੱਤੇ ਚਾਨਣਾ ਪਾਉਂਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਵੱਖ-ਵੱਖ ਜ਼ਿਲ੍ਹਿਆਂ ਨੂੰ ਆਬਾਦੀ, ਮੌਤ ਦਰ ਅਤੇ ਘਣਤਾ ਦੇ ਅਧਾਰ ’ਤੇ 3ਏ, ਬੀ ਅਤੇ ਸੀ ਜ਼ੋਨਾਂ ਦਾ ਦਰਜਾ ਦਿੱਤਾ ਗਿਆ ਹੈ। ਜਿਸ ਲਈ 50 ਫੀਸਦੀ, 30 ਫੀਸਦੀ ਅਤੇ 20 ਫੀਸਦੀ ਖ਼ੁਰਾਕਾਂ ਨਿਰਧਾਰਿਤ ਕੀਤੀਆਂ ਗਈਆਂ ਹਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …