
ਪੁੰਨ ਦਾ ਕੰਮ: ਮੇਅਰ ਜੀਤੀ ਸਿੱਧੂ ਨੇ ਸੋਹਾਣਾ ਵਿੱਚ 658 ਲਾਭਪਾਤਰੀਆਂ ਨੂੰ ਵੰਡੇ ਪੈਨਸ਼ਨ ਦੇ ਚੈੱਕ
ਲਾਭਪਾਤਰੀਆਂ ਨੂੰ 750 ਰੁਪਏ ਦੀ ਥਾਂ ਪੰਜਾਬ ਸਰਕਾਰ ਵੱਲੋਂ ਵਧਾਈ ਗਈ 1500 ਰੁਪਏ ਮਿਲੀ ਪੈਨਸ਼ਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਅੱਜ ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਵਿਖੇ ਪੰਜਾਬ ਸਰਕਾਰ ਦੀ ਤਰਫ਼ੋਂ 658 ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਦੇ ਚੈੱਕ ਵੰਡੇ ਗਏ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਲ ਹੀ ਵਿੱਚ ਪੈਨਸ਼ਨ ਦੀ ਰਾਸ਼ੀ 750 ਤੋਂ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਮੇਅਰ ਜੀਤੀ ਸਿੱਧੂ ਨੇ ਆਪਣੇ ਵੱਡੇ ਭਰਾ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਹਿਲਕਦਮੀ ਕਰਕੇ ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਲੋਕ ਭਲਾਈ ਸੇਵਾ ਬੱਸ ਰਾਹੀਂ ਲੋੜਵੰਦ ਲਾਭਪਾਤਰੀਆਂ ਦੇ ਪੈਨਸ਼ਨ ਦੇ ਫਾਰਮ ਭਰੇ ਗਏ ਸਨ। ਇਸ ਦੇ ਤਹਿਤ ਅੱਜ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣ ਪੈਨਸ਼ਨ, ਆਸ਼ਰਿਤਾਂ ਨੂੰ ਵਧੀ ਹੋਈ ਪੈਨਸ਼ਨ 1500-1500 ਰੁਪਏ ਦੇ ਚੈੱਕ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਾਰੇ ਵਰਗਾਂ ਨੂੰ ਰਾਹਤ ਦੇਣ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਹੋਰ ਲਾਭਪਾਤਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੀ ਪੈਨਸ਼ਨ ਦਿੱਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਨਗਰ ਨਿਗਮ ਅਧੀਨ ਛੇ ਪਿੰਡਾਂ ਨੂੰ ਸ਼ਹਿਰੀ ਸਹੂਲਤਾਂ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਕੌਂਸਲਰ ਸੁੱਚਾ ਸਿੰਘ ਕਲੌੜ ਤੇ ਹਰਜੀਤ ਸਿੰਘ ਘੋਲੂ, ਵਿਕਟਰ ਨਿਹੋਲਕਾ, ਬੂਟਾ ਸਿੰਘ ਸੋਹਾਣਾ, ਮਾ. ਸੁਖਦੇਵ ਸਿੰਘ, ਹਰਦਿਆਲ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।