ਫੂਲ ਰਾਜ ਸਿੰਘ ਬਣੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਅੰਤਰਰਾਸ਼ਟਰੀ ਮਾਮਲੇ ਡਾਇਰੈਕਟੋਰੇਟ ਦੇ ਚੇਅਰਮੈਨ

ਕੌਮਾਂਤਰੀ ਟੂਰਨਾਮੈਂਟਾਂ ‘ਚ ਵੱਧ ਤੋਂ ਵੱਧ ਓਵਰਸੀਜ਼ ਗੱਤਕਾ ਫੈਡਰੇਸ਼ਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਵਾਂਗੇ : ਫੂਲ ਰਾਜ ਸਿੰਘ

ਚੰਡੀਗੜ, 26 ਅਕਤੂਬਰ:
ਵਿਸ਼ਵ ਗੱਤਕਾ ਫੈਡਰੇਸ਼ਨ ਨੇ ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ, ਦੇ ਸਹਿਯੋਗ ਨਾਲ ਵਿਸ਼ਵ ਪੱਧਰ ‘ਤੇ ਪੈਰ ਪਸਾਰਨ ਲਈ ਆਪਣੇ ਅੰਤਰਰਾਸ਼ਟਰੀ ਮਾਮਲੇ ਡਾਇਰੈਕਟੋਰੇਟ ਦੀ ਸਥਾਪਨਾ ਕਰਦਿਆਂ ਮਹੱਤਵਪੂਰਨ ਕਦਮ ਚੁੱਕੇ ਹਨ ਅਤੇ ਪ੍ਰਸਿੱਧ ਸਮਾਜ ਸੇਵੀ ਤੇ ਸਟੇਟ ਐਵਾਰਡੀ ਫੂਲ ਰਾਜ ਸਿੰਘ ਸਾਬਕਾ ਕੋਂਸਲਰ ਨੂੰ ਇਸ ਡਾਇਰੈਕਟੋਰੇਟ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਜੋ ਕਿ ਮਾਰਸ਼ਲ ਆਰਟ ਗੱਤਕੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਫੁੱਲਤ ਕਰਨ ਤੇ ਹਰਮਨ ਪਿਆਰਾ ਬਣਾਉਣ ਲਈ ਇੱਕ ਮਹੱਤਵਪੂਰਨ ਢਾਂਚਾ ਸਥਾਪਿਤ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਜਨਰਲ ਸਕੱਤਰ ਡਾ: ਦੀਪ ਸਿੰਘ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਮਾਮਲੇ ਡਾਇਰੈਕਟੋਰੇਟ ਦਾ ਮੁੱਢਲਾ ਉਦੇਸ਼ ਗੱਤਕੇ ਨੂੰ ਵਿਸ਼ਵ ਭਰ ਵਿੱਚ ਇੱਕ ਮਾਨਤਾ ਪ੍ਰਾਪਤ ਖੇਡ ਦਾ ਦਰਜਾ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਟੀਚਾ ਵੱਖ-ਵੱਖ ਦੇਸ਼ਾਂ ਵਿੱਚ ਕੌਮੀ ਗੱਤਕਾ ਫੈਡਰੇਸ਼ਨਾਂ ਦੇ ਗਠਨ ਕਰਦੇ ਹੋਏ ਪ੍ਰਾਪਤ ਕੀਤਾ ਜਾਵੇਗਾ ਜੋ ਇਸ ਪੁਰਾਤਨ ਖੇਡ ਦੇ ਸਰਵਪੱਖੀ ਵਿਕਾਸ ਦੀ ਨੀਂਹ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਕੰਮ ਕਰਨਗੀਆਂ।
ਉਨ੍ਹਾਂ ਫੂਲ ਰਾਜ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਦੱਸਿਆ ਕਿ ਡਾਇਰੈਕਟੋਰੇਟ ਦੀਆਂ ਹੋਰ ਜ਼ਿੰਮੇਵਾਰੀਆਂ ਵਿੱਚ ਵਿਦੇਸ਼ਾਂ ਵਿੱਚ ਖਿਡਾਰੀਆਂ ਨੂੰ ਸਿਖਲਾਈ ਅਤੇ ਕੋਚਿੰਗ ਦੀ ਸਹੂਲਤ ਦੇਣਾ ਅਤੇ ਵੱਖ-ਵੱਖ ਦੇਸ਼ਾਂ ਵਿੱਚ ਮੌਜੂਦ ‘ਅਖਾੜਿਆਂ’ (ਰਵਾਇਤੀ ਗੱਤਕਾ ਸਿਖਲਾਈ ਕੇਂਦਰਾਂ) ਨੂੰ ਵਧੇਰੇ ਸਰਗਰਮ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਡਾਇਰੈਕਟੋਰੇਟ ਵੱਲੋਂ ਸਬੰਧਤ ਦੇਸ਼ਾਂ ਵਿੱਚ ਕੌਮੀ ਪੱਧਰ ਦੇ ਗੱਤਕਾ ਮੁਕਾਬਲੇ ਸ਼ੁਰੂ ਕਰਵਾਏ ਜਾਣਗੇ ਅਤੇ ਵਿਸ਼ਵ ਗੱਤਕਾ ਚੈਂਪੀਅਨਸ਼ਿਪ ਤੋਂ ਪਹਿਲਾਂ ਏਸ਼ੀਅਨ ਅਤੇ ਰਾਸ਼ਟਰਮੰਡਲ ਗੱਤਕਾ ਚੈਂਪੀਅਨਸ਼ਿਪ ਵਰਗੇ ਵੱਕਾਰੀ ਮੁਕਾਬਲਿਆਂ ਵਿੱਚ ਵੱਖ-ਵੱਖ ਮੁਲਕਾਂ ਦੀਆਂ ਗੱਤਕਾ ਟੀਮਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ।
ਹਰਜੀਤ ਸਿੰਘ ਗਰੇਵਾਲ, ਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪ੍ਰਸਿੱਧ ਸੰਗੀਤ ਨਿਰਮਾਤਾ ਜਰਨੈਲ ਘੁਮਾਣ ਦੀ ਹਾਜ਼ਰੀ ਵਿੱਚ ਇੱਕ ਸਾਦੇ ਸਮਾਗਮ ਦੌਰਾਨ ਫੂਲ ਰਾਜ ਸਿੰਘ ਨੂੰ ਰਸਮੀ ਤੌਰ ‘ਤੇ ਇਹ ਨਿਯੁਕਤੀ ਪੱਤਰ ਭੇਂਟ ਕੀਤਾ।
ਇਸੇ ਦੌਰਾਨ ਸਟੇਟ ਐਵਾਰਡ ਜੇਤੂ ਫੂਲ ਰਾਜ ਸਿੰਘ ਨੇ ਅੰਤਰਰਾਸ਼ਟਰੀ ਮਾਮਲੇ ਡਾਇਰੈਕਟੋਰੇਟ ਦੇ ਚੇਅਰਮੈਨ ਵਜੋਂ ਨਿਯੁਕਤੀ ‘ਤੇ ਉਕਤ ਗੱਤਕਾ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਪ੍ਰਤੀ ਆਪਣੀ ਅਟੱਲ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਆਪਣੇ ਤਜ਼ਰਬੇ ਅਤੇ ਖੇਡ ਜਨੂੰਨ ਸਦਕਾ ਵਿਦੇਸ਼ਾਂ ਵਿੱਚ ਗੱਤਕੇ ਨੂੰ ਪ੍ਰਫੁੱਲਤ ਕਰਨ ਅਤੇ ਸਤਿਕਾਰਤ ਖੇਡ ਬਣਾਉਣ ਲਈ ਆਪਣਾ ਪੂਰਾ ਜ਼ੋਰ-ਤਾਣ ਲਾਉਣਗੇ। ਉਨ੍ਹਾਂ ਕਿਹਾ ਕਿ ਇਸ ਡਾਇਰੈਕਟੋਰੇਟ ਰਾਹੀਂ ਵਿਦੇਸ਼ਾਂ ਵਿੱਚ ਵਸਦੇ ਖਿਡਾਰੀਆਂ ਅਤੇ ਅਖਾੜਿਆਂ ਨੂੰ ਗੱਤਕਾ ਖੇਡ ਦੇ ਉੱਜਲ ਭਵਿੱਖ ਪ੍ਰਤੀ ਜਾਗਰੂਕ ਕਰਦੇ ਹੋਏ ਅਸੀਂ ਵੱਖ-ਵੱਖ ਮੁਲਕਾਂ ਵਿੱਚ ਗੱਤਕਾ ਖੇਡ ਦੀ ਮਜ਼ਬੂਤ ਨੀਂਹ ਸਥਾਪਤ ਕਰਨ ਲਈ ਤਨਦੇਹੀ ਨਾਲ ਕੰਮ ਕਰਾਂਗੇ ਅਤੇ ਭਵਿੱਖ ਵਿੱਚ ਇਸ ਡਾਇਰੈਕਟੋਰੇਟ ਵਿੱਚ ਹੋਰ ਵੀ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਇਸ ਮੌਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਇੰਦਰਜੋਧ ਸਿੰਘ ਨੇ ਬੋਲਦਿਆਂ ਕਿਹਾ ਕਿ ਉਪਰੋਕਤ ਵੱਕਾਰੀ ਗੱਤਕਾ ਸੰਸਥਾਵਾਂ ਦਾ ਇਹ ਕਦਮ ਗੱਤਕੇ ਨੂੰ ਅੰਤਰਰਾਸ਼ਟਰੀ ਮੰਚ ‘ਤੇ ਇੱਕ ਯੋਜਨਾਬੱਧ ਅਤੇ ਮਾਨਤਾ ਪ੍ਰਾਪਤ ਖੇਡ ਵਜੋਂ ਉਤਸ਼ਾਹਿਤ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਸਕੱਤਰ ਰਾਜਦੀਪ ਸਿੰਘ ਬਾਲੀ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਵਿੱਚ ਰਾਸ਼ਟਰੀ ਗੱਤਕਾ ਫੈਡਰੇਸ਼ਨਾਂ ਦਾ ਗਠਨ ਕਰਨਾ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਡਾਇਰੈਕਟੋਰੇਟ ਦੀ ਰਣਨੀਤਕ ਸਥਾਪਨਾ ਗੱਤਕੇ ਨੂੰ ਇੱਕ ਵਿਸ਼ਵਵਿਆਪੀ ਮਹੱਤਵ ਵਾਲੀ ਖੇਡ ਵਜੋਂ ਸਥਾਪਤ ਕਰਨ ਦੀ ਯਾਤਰਾ ਵਿੱਚ ਮਹੱਤਵਪੂਰਨ ਕਦਮ ਹਨ।
ਇਸ ਮੌਕੇ ਹਾਜ਼ਰ ਭਗਵਾਨ ਸਿੰਘ ਗਿੱਲ, ਗੁਰਮੀਤ ਸਿੰਘ ਸੈਣੀ, ਬਲਰਾਜ ਸਿੰਘ ਬਰਾੜ, ਨਿਹਾਲ ਸਿੰਘ, ਹਰਪਾਲ ਸਿੰਘ, ਮਨਜੀਤ ਸਿੰਘ ਅਤੇ ਜਸਮੀਤ ਸਿੰਘ ਜੱਸੀ ਨੇ ਫੂਲ ਰਾਜ ਸਿੰਘ ਦੀ ਨਿਯੁਕਤੀ ਦਾ ਨਿੱਘਾ ਸੁਆਗਤ ਕਰਦਿਆਂ ਭਰੋਸਾ ਪ੍ਰਗਟਾਇਆ ਕਿ ਉਹ ਅੰਤਰਰਾਸ਼ਟਰੀ ਮਾਮਲਿਆਂ ਦੇ ਡਾਇਰੈਕਟੋਰੇਟ ਰਾਹੀਂ ਗੱਤਕੇ ਨੂੰ ਬੇਮਿਸਾਲ ਬੁਲੰਦੀਆਂ ‘ਤੇ ਪਹੁੰਚਾਉਣਗੇ

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…